ਪੜੋ ਕੈਨੇਡਾ ਤੋਂ ਆਸਟ੍ਰੇਲੀਆ ਗਏ ਪ੍ਰੇਮਿਕਾ ਦੇ ਪਿਉ ਦਾ ਕਤਲ ਕਰਨ ਵਾਲੇ ਗਾਇਕ ਰਣਜੀਤ ਬਾਠ ਮਾਮਲੇ ਦੀ ਪੂਰੀ ਸੱਚਾਈ
ਸਰੀ (ਕੈਨੇਡਾ) ਤੋਂ ਆਸਟ੍ਰੇਲੀਆ ਗਏ ਪੰਜਾਬੀ ਗਾਇਕ ਰਣਜੀਤ ਬਾਠ Ranjit bath ‘ਤੇ ਹੁਣ ਪੰਜਾਬ ‘ਚ ਆਪਣੀ ਪ੍ਰੇਮਿਕਾ ਦੇ ਪਿਤਾ ਨੂੰ ਗਲਾ ਘੁੱਟ ਕੇ ਮਾਰਨ ਦਾ ਦੋਸ਼ ਲੱਗਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਪੰਜਾਬ ਪੁਲਿਸ ਬਾਠ ਦੀ ਭਾਲ ਕਰ ਰਹੀ ਹੈ।
ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੂੰ ਬੀਤੀ 25 ਅਗਸਤ ਨੂੰ ਜਗਰਾਓਂ-ਲੁਧਿਆਣਾ ਹਾਈਵੇਅ ਉੱਤੇ ਝਾੜੀਆਂ ਵਿੱਚੋ ਇੱਕ ਬਜੁਰਗ ਦੀ ਲਾਸ਼ ਮਿਲੀ, ਜਿਸਦੀ ਪਹਿਚਾਣ ਕਿਲਾ ਰਾਇਪੁਰ ਦੇ ਰਵਿੰਦਰ ਪਾਲ (78) ਵਜੋਂ ਹੋਈ, ਜੋ ਕਿ ਹੁਣ ਦੁੱਗਰੀ ਨਿਵਾਸੀ ਸੀ।
ਬਜੁਰਗ ਦਾ ਕਤਲ ਕਰਕੇ ਲਾਸ਼ ਝਾੜੀਆਂ ਵਿੱਚ ਸੁੱਟਣ ਦੇ ਦੋਸ਼ ਵਿੱਚ ਰਣਜੀਤ ਸਿੰਘ ਕਾਹਲੋਂ ਉਰਫ਼ ਰਣਜੀਤ ਬਾਠ ਵਾਸੀ ਪਿੰਡ ਬਾਠ ਕਲਾਂ, ਜਲੰਧਰ ਅਤੇ ਉਸਦੇ ਭਤੀਜੇ ਬਲਜਿੰਦਰ ਸਿੰਘ ਉਰਫ਼ ਗੁੱਲੀ ਖ਼ਿਲਾਫ਼ ਮੁੱਲਾਂਪੁਰ ਦਾਖਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਐਫਆਈਆਰ ਮੁਤਾਬਕ ਲਾਸ਼ ਦੀ ਸ਼ਨਾਖਤ ਹੋਣ ਤੋਂ ਬਾਅਦ ਮ੍ਰਿਤਕ ਦੇ ਬੇਟੇ ਵਿਕਰਮ ਸੱਗੜ ਨੇ ਆਸਟ੍ਰੇਲੀਆ ਵਿੱਚ ਆਪਣੀ ਭੈਣ ਕਿਰਨਦੀਪ ਨੂੰ ਸੂਚਨਾ ਦਿੱਤੀ। ਫਿਰ ਉਸਨੇ ਖੁਲਾਸਾ ਕੀਤਾ ਕਿ ਕੁਝ ਮਹੀਨੇ ਪਹਿਲਾਂ ਉਹ TikTok ਰਾਹੀਂ ਕੈਨੇਡਾ ਦੇ ਪੰਜਾਬੀ ਗਾਇਕ ਰਣਜੀਤ ਬਾਠ ਦੇ ਸੰਪਰਕ ਵਿੱਚ ਆਈ ਸੀ, ਅਤੇ ਉਹ ਦੋਸਤ ਬਣ ਗਏ ਸਨ। ਰਣਜੀਤ ਫਿਰ ਇਸੇ ਸਾਲ ਮਾਰਚ ਵਿੱਚ ਉਸ ਦੇ ਨਾਲ ਰਹਿਣ ਲਈ ਆਸਟ੍ਰੇਲੀਆ ਪਹੁੰਚ ਗਿਆ।
ਕਿਰਨਦੀਪ ਨੇ ਅੱਗੇ ਦਾਅਵਾ ਕੀਤਾ ਕਿ ਸਮਾਂ ਪਾ ਕੇ ਰਣਜੀਤ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਇਹ ਵੀ ਪਤਾ ਲੱਗਾ ਕਿ ਉਹ ਸ਼ਰਾਬੀ ਸੀ। ਉਸ ਨੇ ਕਿਹਾ ਕਿ ਰਣਜੀਤ ਨੇ ਉਸ ਨੂੰ ਆਪਣੇ ਪਤੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਨ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਤੇ ਧਮਕੀ ਦਿੱਤੀ ਕਿ ਜੇ ਵਿਆਹ ਨਾ ਕਰਵਾਇਆ ਤਾਂ ਉਹ ਉਸ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਪੰਜਾਬ ‘ਚ ਮਾਰ ਦੇਵੇਗਾ।
ਰਣਜੀਤ ਬਾਠ ਦੀ ਦੋਸਤ ਕਿਰਨਦੀਪ ਨੇ ਅੱਗੇ ਕਿਹਾ ਕਿ ਜਦੋਂ ਰਣਜੀਤ ਨੇ ਆਸਟ੍ਰੇਲੀਆ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਉਸਦੇ ਘਰ ਦੇ ਬਾਹਰ ਝਗੜਾ ਕੀਤਾ, ਤਾਂ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸਨੂੰ ਇਸੇ ਸਾਲ ਜੂਨ ਵਿੱਚ ਭਾਰਤ ਡਿਪੋਰਟ ਕਰ ਦਿੱਤਾ ਗਿਆ।
ਕਿਰਨਦੀਪ ਅਨੁਸਾਰ ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਕੁਝ ਦਿਨ ਪਹਿਲਾਂ ਦੁਬਾਰਾ ਆਸਟ੍ਰੇਲੀਆ ਪਹੁੰਚ ਗਿਆ ਸੀ ਪਰ ਉਸਨੂੰ ਹਵਾਈ ਅੱਡੇ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ।
ਕਿਰਨਦੀਪ ਨੇ ਪੁਲਿਸ ਨੂੰ ਦੱਸਿਆ ਕਿ ਰਣਜੀਤ ਬਾਠ ਨੇ ਉਸਨੂੰ ਵਟਸਐਪ ‘ਤੇ ਮੈਸੇਜ ਕੀਤਾ ਅਤੇ ਫਿਰ ਇਹ ਸੂਚਿਤ ਕਰਨ ਤੇ ਮੁਆਫੀ ਮੰਗਣ ਲਈ ਫੋਨ ਕੀਤਾ ਕਿ ਉਸਨੇ ਮੇਰੇ ਪਿਤਾ ਨੂੰ ਮਾਰ ਦਿੱਤਾ ਹੈ ਅਤੇ ਉਸਦੀ ਲਾਸ਼ ਝਾੜੀਆਂ ਵਿੱਚ ਪਈ ਹੈ।
ਕਿਰਨਦੀਪ ਦੇ ਭਰਾ ਵਿਕਰਮ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਆਪਣੀ ਭੈਣ ਦੇ ਰਣਜੀਤ ਸਿੰਘ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਦੇ ਖਿਲਾਫ ਸੀ। ਜੇਕਰ ਉਸਨੇ ਮੈਨੂੰ ਇਹ ਪਹਿਲਾਂ ਹੀ ਦੱਸ ਦਿੱਤਾ ਹੁੰਦਾ, ਤਾਂ ਮੈਂ ਆਪਣੇ ਪਿਤਾ ਨੂੰ ਬਚਾ ਸਕਦਾ ਸੀ, ਪਰ ਅਸੀਂ ਉਸ ਨੂੰ ਦਿੱਤੀਆਂ ਧਮਕੀਆਂ ਤੋਂ ਜਾਣੂ ਨਹੀਂ ਸੀ। ਕੋਵਿਡ ਦੌਰਾਨ ਮਾਂ ਦਾ ਦਿਹਾਂਤ ਹੋ ਗਿਆ ਸੀ, ਇਸ ਲਈ ਪਿਤਾ ਜੀ ਦੁਗਰੀ ਵਿੱਚ ਸਾਡੇ ਘਰ ਇਕੱਲੇ ਰਹਿੰਦੇ ਸਨ। ਕਈ ਵਾਰ ਉਹ ਮੇਰੇ ਨਾਲ ਰਹਿਣ ਕਿਲਾ ਰਾਏਪੁਰ ਆ ਜਾਂਦੇ ਸਨ।
29 ਅਗਸਤ ਨੂੰ ਮ੍ਰਿਤਕ ਦੇ ਬੇਟੇ ਵਿਕਰਮ ਵਲੋਂ ਆਪਣੇ ਪਿਤਾ ਦੀ ਪਹਿਚਾਣ ਕੀਤੀ ਗਈ ਤੇ ਪੁਲਿਸ ਨੇ ਅੱਗੇ ਕਾਰਵਾਈ ਕਰਦਿਆਂ ਰਣਜੀਤ ਬਾਠ ਦੇ ਭਤੀਜੇ ਗੁੱਲੀ ਨੂੰ ਕਾਬੂ ਕਰ ਲਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਜਗਰਾਓਂ ਐਸਐਸਪੀ ਨਵਨੀਤ ਬੈਂਸ ਨੇ ਕਿਹਾ ਕਿ ਇਸ ਮਾਮਲੇ ਵਿਚ ਫਰਾਰ ਚੱਲ ਰਹੇ ਪੰਜਾਬੀ ਗਾਇਕ ਰਣਜੀਤ ਬਾਠ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਪੁਲਿਸ ਹਿਰਾਸਤ ਵਿੱਚ ਰਣਜੀਤ ਬਾਠ ਦੇ ਭਤੀਜੇ ਗੁੱਲੀ ਨੇ ਕਿਹਾ ਕਿ ਉਸ ਨੂੰ ਤਾਂ ਉਸ ਦਾ ਚਾਚਾ ਗੱਲਾਂ ਵਿਚ ਲਾ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੇ ਹੀ ਰਵਿੰਦਰ ਪਾਲ ਦਾ ਗਲਾ ਘੋਟ ਕੇ ਕਤਲ ਕੀਤਾ ਹੈ ਤੇ ਆਪ ਹੁਣ ਫਰਾਰ ਹੈ।
ਦੱਸਣਯੋਗ ਹੈ ਕਿ ਰਣਜੀਤ ਬਾਠ ਲੰਮਾ ਸਮਾਂ ਕੈਨੇਡਾ ‘ਚ ਰਿਹਾ ਹੈ ਅਤੇ ਪੂਰੇ ਕੈਨੇਡਾ ‘ਚ ਕਈ ਥਾਂ ਗਾਉਂਦਾ ਰਿਹਾ ਹੈ। ਕੈਨੇਡਾ ਰਹਿੰਦਿਆਂ ਵੀ ਉਹ ਕਈ ਪੁਲਿਸ ਮਾਮਲਿਆਂ ‘ਚ ਘਿਰਿਆ ਰਿਹਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ