Emergency Movie : ਹਾਈਕੋਰਟ ਨੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਖਿਲਾਫ ਹਾਈਕੋਰਟ ‘ਚ ਦਾਇਰ ਜਨਹਿੱਤ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਮਾਮਲੇ ਵਿੱਚ ਹਾਈਕੋਰਟ ਨੇ ਕਿਹਾ ਕਿ ਸੈਂਸਰ ਬੋਰਡ ਤੁਹਾਡੀ ਸ਼ਿਕਾਇਤ ‘ਤੇ ਕਾਰਵਾਈ ਕਰੇਗਾ, ਜੇਕਰ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਦੁਬਾਰਾ ਪਟੀਸ਼ਨ ਦਾਇਰ ਕਰ ਸਕਦੇ ਹੋ।
ਸੈਂਸਰ ਬੋਰਡ ਨੇ ਅਜੇ ਨਹੀਂ ਦਿੱਤਾ ਸੀ ਕੋਈ ਸਰਟੀਫਿਕੇਟ
ਦੱਸ ਦਈਏ ਕਿ ਇਸ ਸਬੰਧੀ ਸੈਂਸਰ ਬੋਰਡ ਨੇ ਕਿਹਾ, ਇਸ ਫਿਲਮ ਨੂੰ ਅਜੇ ਤੱਕ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ। ਸੈਂਸਰ ਬੋਰਡ ਇਸ ਫਿਲਮ ਦੇ ਖਿਲਾਫ ਹਰ ਤਰ੍ਹਾਂ ਦੀ ਸ਼ਿਕਾਇਤ ਸੁਣਨ ਲਈ ਤਿਆਰ ਹੈ, ਚਾਹੇ ਪਟੀਸ਼ਨਕਰਤਾ ਜਾਂ ਕੋਈ ਹੋਰ ਵਿਅਕਤੀ ਸ਼ਿਕਾਇਤ ਦੇ ਸਕਦਾ ਹੈ। ਬੋਰਡ ਨੇ ਕਿਹਾ ਕਿ ਸੁਣਵਾਈ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਫਿਲਮ ਨੂੰ ਕਿਹੜਾ ਸਰਟੀਫਿਕੇਟ ਦੇਣਾ ਹੈ।
ਸੈਂਸਰ ਬੋਰਡ ਨੇ ਕਿਹਾ ਕਿ ਇਹ ਸਰਟੀਫਿਕੇਟ ਸਿਰਫ਼ ਸਿੱਖਾਂ ਦੀਆਂ ਹੀ ਨਹੀਂ ਸਗੋਂ ਦੇਸ਼ ਦੇ ਹਰ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਦਿੱਤਾ ਜਾਂਦਾ ਹੈ।
ਫਿਲਮ ’ਤੇ ਰੋਕ ਲਗਾਉਣ ਦੀ ਮੰਗ
ਗੁਰਿੰਦਰ ਸਿੰਘ ਅਤੇ ਮੁਹਾਲੀ ਦੇ ਜਗਮੋਹਨ ਸਿੰਘ ਨੇ ਇਸ ਫਿਲਮ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਤੇ ਫਿਲਮ ਦੀ ਸਕਰੀਨਿੰਗ ‘ਤੇ ਪਾਬੰਦੀ ਲਗਾਉਣ ਅਤੇ ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਜਾਰੀ ਸਰਟੀਫਿਕੇਟ ਰੱਦ ਕਰਨ ਦੀ ਮੰਗ ਕੀਤੀ ਗਈ ਸੀ।
ਪਟੀਸ਼ਨਕਰਤਾ ਨੇ ਕਿਹਾ ਸੀ ਕਿ ਇਸ ਫਿਲਮ ਵਿੱਚ ਸਿੱਖ ਕੌਮ ਨੂੰ ਸਹੀ ਢੰਗ ਨਾਲ ਨਹੀਂ ਦਰਸਾਇਆ ਗਿਆ ਹੈ, ਇਸ ਲਈ ਇਸ ਫਿਲਮ ਦੀ ਜਾਂਚ ਲਈ ਇੱਕ ਮਾਹਿਰ ਪੈਨਲ ਬਣਾਇਆ ਜਾਵੇ, ਜਿਸ ਵਿੱਚ ਐਸਜੀਪੀਸੀ ਨੂੰ ਵੀ ਸ਼ਾਮਲ ਕੀਤਾ ਜਾਵੇ, ਜੋ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਹਟਾ ਦਿੱਤਾ ਜਾਵੇ।