Malerkotla News : ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਸ਼ੱਕੀ ਹਾਲਾਤਾਂ ‘ਚ ਮੌਤ, ਸਟੱਡੀ ਬੇਸ ‘ਤੇ ਗਿਆ ਸੀ ਹਰਮਨਜੋਤ ਸਿੰਘ
Punjabi Youth Death in Canada : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਨੌਜਵਾਨ ਦੀ ਉਮਰ 21 ਸਾਲ ਸੀ, ਜਿਸ ਦੀ ਸੋਮਵਾਰ ਕੈਨੇਡਾ ਤੋਂ ਪਿੰਡ ਤਾਬੂਤ ‘ਚ ਲਾਸ਼ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਨੌਜਵਾਨ ਹਰਮਨਜੋਤ ਸਿੰਘ ਆਪਣੀ ਭੂਆ ਕੋਲ ਰਹਿੰਦਾ ਸੀ, ਜਿਸ ਦੇ ਬਚਪਨ ਵਿੱਚ ਹੀ ਮਾਤਾ-ਪਿਤਾ ਗੁਜਰ ਗਏ ਸਨ। ਰਿਸ਼ਤੇਦਾਰਾਂ ਅਨੁਸਾਰ ਉਸ ਦੇ ਭੂਆ ਨੇ ਹੀ ਬਚਪਨ ਤੋਂ ਪਾਲਣ-ਪੋਸ਼ਣ ਕਰਕੇ ਹੁਣ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ, ਜਿਸ ਦੀ ਕਮਰੇ ਵਿੱਚੋਂ ਲਾਸ਼ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ, ਪਰੰਤੂ ਇਸ ਬਾਰੇ ਵੀ ਕੋਈ ਕਾਰਨ ਸਾਹਮਣੇ ਨਹੀਂ ਆਏ ਕਿ ਹਰਮਨਜੋਤ ਸਿੰਘ ਨੇ ਅਜਿਹੀ ਕਿਹੜੀ ਮਜਬੂਰ ਕਾਰਨ ਕਦਮ ਚੁੱਕਿਆ।
ਸੋਮਵਾਰ ਨੂੰ ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ ਤਾਬੂਤ ਵਿੱਚ ਬੰਦ ਹੋ ਕੇ ਕੈਨੇਡਾ ਤੋਂ ਪਿੰਡ ਪਹੁੰਚੀ। ਇਸ ਦੌਰਾਨ ਰਿਸ਼ਤੇਦਾਰਾਂ ਸਮੇਤ ਉਸ ਦੇ ਦੋਸਤ-ਮਿੱਤਰਾਂ ਸਮੇਤ ਪਿੰਡ ਵਾਸੀ ਹਰ ਇੱਕ ਦੀ ਅੱਖ ਨਮ ਸੀ। ਨਮ ਅੱਖਾਂ ਹੇਠ ਨੌਜਵਾਨ ਦਾ ਸਸਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਮਨਜੋਤ ਸਿੰਘ ਘਰ ਦਾ ਇਕਲੌਤਾ ਚਿਰਾਗ਼ ਸੀ।