ਸ਼੍ਰੋਮਣੀ ਅਕਾਲੀ ਦਲ ‘ਚ ਵੱਡਾ ਬਦਲਾਅ
ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਲਾਇਆ ਕਾਰਜਕਾਰੀ ਪ੍ਰਧਾਨ
ਡਿੰਪੀ ਢਿੱਲੋਂ ਦੇ ਅਕਾਲੀ ਦਲ ਛੱਡ ਕੇ ਆਪ ਵਿੱਚ ਜਾਣ ਦਾ ਵਰਤਾਰਾ ਜਿੰਨਾ ਕੁ ਸੁਖਬੀਰ ਸਿੰਘ ਬਾਦਲ ਦੇ ਕਮਜ਼ੋਰ ਹੋਣ ਨੂੰ ਪ੍ਰਗਟਾਉਂਦਾ ਹੈ, ਉਸ ਤੋਂ ਜਿਆਦਾ ਇਹ ਆਮ ਆਦਮੀ ਪਾਰਟੀ ਦੀ ਕਮਜ਼ੋਰੀ ਅਤੇ ਗਰਕਣ ਦੀ ਕਹਾਣੀ ਬਿਆਨਦਾ ਹੈ।
ਅੱਜ ਡਿੰਪੀ ਢਿੱਲੋ ਨੇ ਦਾਅਵਾ ਕੀਤਾ ਕਿ ਪੰਜ ਦਿਨ ਪਹਿਲਾਂ ਉਸ ਨੂੰ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਦਾ ਫੋਨ ਆਇਆ। ਮਤਲਬ ਉਸ ਨੂੰ “ਆਪ” ਵਿੱਚ ਸ਼ਾਮਿਲ ਕਰਨ ਦੀ ਪਹਿਲ ਖੁਦ ਮੁੱਖ ਮੰਤਰੀ ਦੀ ਸੀ, ਨਾ ਕਿ ਢਿੱਲੋਂ ਦੀ। ਭਗਵੰਤ ਮਾਨ ਨੇ ਵੀ ਆਪਣੇ ਭਾਸ਼ਣ ਵਿੱਚ ਇਸ ਗੱਲ ਦੀ ਤਸਦੀਕ ਕੀਤੀ।
ਢਾਈ ਸਾਲ ਪਹਿਲਾਂ 92 ਸੀਟਾਂ ਜਿੱਤਣ ਵਾਲੀ ਪਾਰਟੀ ਅੱਜ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਜਿਸ ਬੰਦੇ ਨੂੰ ਇਹ ਬੱਸ ਮਾਫੀਆ ਕਹਿੰਦੇ ਰਹੇ, ਉਸਨੂੰ ਖੁਦ ਸੰਪਰਕ ਕਰਕੇ ਤੇ ਮਨਾ ਕੇ “ਆਪ” ਵਿੱਚ ਲਿਆਏ। ਇਹ ਬਿਲਕੁਲ ਉਹੀ ਲੱਛਣ ਨੇ, ਜਿਹੜੇ ਕੇਂਦਰ ਵਿੱਚ ਭਾਜਪਾ ਦੇ ਹਨ।
“ਆਪ” ਦੇ ਵਰਕਰਾਂ ਤੇ ਸਮਰਥਕਾਂ ਦੇ ਹੁਣ ਸਾਰੇ ਵਹਿਮ ਨਿਕਲ ਜਾਣੇ ਚਾਹੀਦੇ ਨੇ।
ਇੱਕ ਤਾਂ ਇਹ ਗੱਲ ਪੱਕੀ ਹੋ ਗਈ ਕਿ ਉਨ੍ਹਾਂ ਦੀ ਔਕਾਤ ਦਰੀਆਂ ਝਾੜਨ, ਪੋਸਟਰ ਲਾਉਣ ਅਤੇ ਪੈਸੇ ਖਰਚਣ ਤੱਕ ਹੈ। ਦੂਜਾ ਇਹ ਕਿ ਜਿਵੇਂ ਬਾਕੀ ਪਾਰਟੀਆਂ ਦੇ ਵਰਕਰ ਸਾਰੀਆਂ ਗਲਤੀਆਂ ਦੇ ਬਾਵਜੂਦ ਆਪੋ ਆਪਣੀਆਂ ਪਾਰਟੀਆਂ ਨਾਲ ਜੁੜੇ ਰਹਿੰਦੇ ਨੇ, ਇਵੇਂ ਹੀ ਉਹ ਵੀ ਭਾਵੇਂ “ਆਪ” ਨਾਲ ਜੁੜੇ ਰਹਿਣ ਪਰ ਇਸ ਨੂੰ ਹੋਰ ਕਿਸੇ ਵੀ ਪਾਰਟੀ ਨਾਲੋਂ ਵੱਖਰਿਆਂ ਨਾ ਸਮਝਣ।
“ਆਪ” ਵਿੱਚ ਵੱਖਰਾਪਣ ਸਿਰਫ ਇਹੋ ਹੈ ਕਿ ਜੇ ਬਾਕੀ ਪਾਰਟੀਆਂ ਵਿੱਚ ਨੈਤਿਕ ਅਤੇ ਸਿਧਾਂਤਕ ਗਿਰਾਵਟ ਨੂੰ ਕਈ ਦਹਾਕੇ ਲੱਗੇ, ਉੱਥੇ ਆਮ ਆਦਮੀ ਪਾਰਟੀ ਕੁਝ ਕੁ ਸਾਲਾਂ ਵਿੱਚ ਹੀ ਗਰਕਣ ਵਿੱਚ ਉਨ੍ਹਾਂ ਤੋਂ ਵੀ ਅੱਗੇ ਲੰਘ ਗਈ।
ਕੋਈ ਪਤਾ ਨਹੀਂ ਅੱਗਿਓਂ ਵੀ ਜਿਨ੍ਹਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਉਹ ਮਾੜਾ ਚੰਗਾ ਬੋਲਣਗੇ, ਉਨ੍ਹਾਂ ਨੂੰ ਹੀ ਭਗਵੰਤ ਮਾਨ ਤੇ ਦਿੱਲੀ ਦੇ ਛਲੇਡੇ ਪਾਰਟੀ ਵਰਕਰਾਂ ਦੇ ਸਿਰਾਂ ‘ਤੇ ਬਿਠਾਲ ਦੇਣਗੇ।
ਅਸਲ ਵਿੱਚ ਡਿੰਪੀ ਢਿੱਲੋ ਵਰਗਿਆਂ ਦਾ ਅਕਾਲੀ ਦਲ ਵਿੱਚ ਉਭਾਰ ਅਕਾਲੀ ਦਲ ਦੇ ਪਤਨ ਵਾਲੇ ਰਾਹ ਜਾਣ ਦੀ ਨਿਸ਼ਾਨੀ ਸੀ। ਹੁਣ ਆਮ ਆਦਮੀ ਪਾਰਟੀ ਬਾਰੇ ਆਪੇ ਹਿਸਾਬ ਲਾ ਲਓ।
#Unpopular_Opinions
ਡਿੰਪੀ ਢਿੱਲੋਂ ਦਾ ਝੂਠਾ ਬਹਾਨਾ
ਪੰਜਾਬ ਵਿੱਚ ਮੋਦੀ-ਸ਼ਾਹ ਦਾ ਅਸਲੀ ਯਾਰ ਭਗਵੰਤ ਮਾਨ ਹੈ।
ਡਿੰਪੀ ਢਿੱਲੋ ਵਪਾਰੀ ਬੰਦਾ ਹੈ। ਅਕਾਲੀ ਦਲ ਨੂੰ ਛੱਡਣ ਤੇ ਆਪ ਵਿੱਚ ਜਾਣ ਤੇ ਉਸ ਦੇ ਫੈਸਲੇ ਦੇ ਕਾਰਨ ਬਿਲਕੁਲ ਨਿੱਜੀ ਨੇ ਤੇ ਇਨ੍ਹਾਂ ਦਾ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ।
ਸੁਖਬੀਰ ਸਿੰਘ ਬਾਦਲ ਦੀ ਸਿਆਸਤ ਵਿੱਚ ਸੌ ਨੁਕਸ ਨੇ। ਅਸੀਂ ਅਨੇਕਾਂ ਵਾਰ ਉਸ ਦੀ ਸਿਆਸਤ ਦੀ ਤਿੱਖੀ ਆਲੋਚਨਾ ਕੀਤੀ ਹੈ ਤੇ ਅਗਾਂਹ ਵੀ ਕਰਾਂਗੇ।
ਪਰ ਡਿੰਪੀ ਢਿੱਲੋਂ ਦਾ ਭਾਜਪਾ ਵਾਲਾ ਬਹਾਨਾ ਖੋਖਲਾ ਹੈ।
RSS ਜਾਂ ਭਾਜਪਾ ਬਾਰੇ ਸੁਖਬੀਰ ਨੂੰ ਵਿਚਾਰਧਾਰਕ ਸਪੱਸ਼ਟਤਾ ਕਿੰਨੀ ਕੁ ਹੈ, ਗੱਠਜੋੜ ਨਾ ਕਰਨ ਬਾਰੇ ਉਸ ਦਾ ਫੈਸਲਾ ਸਿਧਾਂਤਕ ਸੀ ਜਾਂ ਵਿਹਾਰਿਕ ਮਜਬੂਰੀ ਜਾਂ ਅਗਾਹ ਕੀ ਹੋਵੇਗਾ, ਇਹ ਵੱਖਰੇ ਸਵਾਲ ਨੇ ਪਰ ਮੌਜੂਦਾ ਸਮੇਂ ਦਾ ਤੱਥ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਭਾਜਪਾ ਦੇ ਉਲਟ ਸਪਸ਼ਟ ਤੇ ਲਗਾਤਾਰ ਬੋਲ ਰਿਹਾ ਹੈ।
ਪੰਜਾਬ ਵਿੱਚ ਜੇ ਅਸਲ ਵਿੱਚ ਕੋਈ ਭਾਜਪਾ ਨਾਲ ਰਲ ਕੇ ਚੱਲ ਰਿਹਾ ਹੈ ਤਾਂ ਉਹ ਭਗਵੰਤ ਮਾਨ ਹੈ। ਉਸ ਦੀ ਸਰਕਾਰ ਨਾ ਸਿਰਫ ਵਿਚਾਰਧਾਰਕ ਤੌਰ ‘ਤੇ ਪੰਜਾਬ ਵਿੱਚ ਸੰਘੀ ਏਜੰਡੇ ਨੂੰ ਅੱਗੇ ਵਧਾ ਰਹੀ ਹੈ, ਸਗੋਂ ਪੰਜਾਬ ਵਿੱਚ ਕੇਂਦਰ ਤੰਤਰ ਦੇ ਸ਼ਿਕੰਜੇ ਨੂੰ ਹੋਰ ਪੀਡਾ ਕਰਨ ਵਿੱਚ ਵੀ ਸਹਾਇਤਾ ਕਰ ਰਹੀ ਹੈ।
ਭਗਵੰਤ ਮਾਨ ਮੋਦੀ-ਸ਼ਾਹ ਨਾਲ ਟਿੱਚ ਬਟਨਾਂ ਵਾਂਗ ਕੰਮ ਕਰ ਰਿਹਾ ਹੈ।
ਅਕਾਲੀ ਦਲ ਦਾ ਅਸਲ ਵਿੱਚ ਬੇੜਾ ਗਰਕ ਹੀ ਇਸੇ ਲਈ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਤੋਂ ਵਿਚਾਰਧਾਰਾ ਪਾਸੇ ਕਰਕੇ ਡਿੰਪੀ ਢਿੱਲੋਂ ਵਰਗੇ ਵਪਾਰੀਆਂ ਨੂੰ ਉਭਾਰਿਆ ਗਿਆ।
#Unpopular_Opinions