ਪਰਲਜ਼ ਗਰੁੱਪ ਦੇ ਮੁਖੀ ਨਿਰਮਲ ਸਿੰਘ ਭੰਗੂ ਦਾ ਅੱਜ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ,ਜੇਲ੍ਹ ‘ਚ ਤਬੀਅਤ ਖਰਾਬ ਹੋਣ ‘ਤੇ ਉਨ੍ਹਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਮੌਤ ਹੋ ਗਈ ਹੈ, ਉਨਾਂ ਤੇ ਨਿਵੇਸ਼ਕਾ ਨਾਲ ਕਰੋੜਾ ਰੁਪਏ ਦਾ ਫ੍ਰਾਡ ਕਰਨ ਦੇ ਦੋਸ਼ ਲੱਗੇ ਸਨ
ਨਵੀਂ ਦਿੱਲੀ: ਪਰਲਜ਼ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦੀ ਮੌਤ ਹੋ ਗਈ ਹੈ। ਜੇਲ੍ਹ ’ਚ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ।
ਨਿਰਮਲ ਸਿੰਘ ਭੰਗੂ, ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਦੇ ਸੰਸਥਾਪਕ ਸਨ। ਪੰਜਾਬ ’ਚ ਅਟਾਰੀ ਬਾਰਡਰ ਨੇੜੇ ਦੁੱਧ ਵੇਚਣ ਵਾਲੇ ਵਜੋਂ ਸ਼ੁਰੂਆਤ ਕਰਨ ਤੋਂ ਬਾਅਦ, ਭੰਗੂ ਨੇ ਇਕ ਦਿੱਗਜ ਕਾਰੋਬਾਰੀ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ।
ਭੰਗੂ ਕਥਿਤ ਤੌਰ ’ਤੇ 45,000 ਕਰੋੜ ਰੁਪਏ ਤੋਂ ਵੱਧ ਦੇ ਪੋਂਜੀ ਘਪਲੇ ਦੇ ਦੋਸ਼ਾਂ ਹੇਠ ਜੇਲ ’ਚ ਬੰਦ ਸਨ। ਉਨ੍ਹਾਂ ਦੇ ਸਮੂਹ ਪੀ.ਏ.ਸੀ.ਐਲ. ਨੇ ਪੂਰੇ ਭਾਰਤ ’ਚ 1.83 ਲੱਖ ਏਕੜ ਜ਼ਮੀਨ ਇਕੱਠੀ ਕੀਤੀ। ਭੰਗੂ ਅਤੇ ਰੀਅਲ ਅਸਟੇਟ ਕੰਪਨੀ ਪਰਲਜ਼ ਗਰੁੱਪ ਦੇ ਹੋਰ ਡਾਇਰੈਕਟਰਾਂ ਨੂੰ ਕਈ ਮਹੀਨਿਆਂ ਤੱਕ ਗ੍ਰਿਫਤਾਰੀ ਤੋਂ ਬਚਣ ਤੋਂ ਬਾਅਦ 2016 ’ਚ ਪੁਲਿਸ ਹਿਰਾਸਤ ’ਚ ਰਖਿਆ ਗਿਆ ਸੀ।
ਕਾਨੂੰਨੀ ਲੜਾਈਆਂ ਅਤੇ ਰੈਗੂਲੇਟਰੀ ਜਾਂਚ ਦੇ ਬਾਵਜੂਦ, ਭੰਗੂ ਦੀ ਸਫਲਤਾ ਪ੍ਰਾਪਤੀਆਂ ਅਤੇ ਵਿਵਾਦਾਂ ਦੋਹਾਂ ਕਾਰਨ ਸੀ। ਹਾਲ ਹੀ ’ਚ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਪੀ.ਏ.ਸੀ.ਐਲ. ਨੂੰ ਨਿਵੇਸ਼ਕਾਂ ਨੂੰ 49,100 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ ਦਿਤਾ ਸੀ।