Iran Vs Usa –
ਜੰਗ ਬਾਰੇ ਅੱਪਡੇਟ (ਸੋਮਵਾਰ ਸਵੇਰ 11:00, 23 ਜੂਨ 2025):
ਅੱਜ ਕਤਰ ‘ਤੇ ਇਰਾਨ ਨੇ 6 ਮਿਜ਼ਾਇਲਾਂ ਸੁੱਟੀਆਂ ਹਨ, ਜਿਨ੍ਹਾਂ ਦਾ ਨਿਸ਼ਾਨਾ ਅਮਰੀਕਨ ਫੌਜੀ ਅੱਡਾ ਸੀ। ਇਸੇ ਤਰਾਂ ਇਰਾਨ ਨੇ ਇਰਾਕ ‘ਚ ਮੌਜੂਦ ਅਮਰੀਕਨ ਅੱਡੇ ‘ਤੇ ਵੀ ਇੱਕ ਮਿਜ਼ਾਇਲ ਦਾਗੀ ਹੈ।
ਦੋਹਾ (ਕਤਰ) ਵਾਸੀ ਸ਼ਹਿਰ ‘ਚ ਧਮਾਕਿਆਂ ਦੀ ਗਵਾਹੀ ਭਰ ਰਹੇ ਹਨ। ਇੱਥੇ 10,000 ਅਮਰੀਕਨ ਫੌਜੀ ਹਰ ਵਕਤ ਮੌਜੂਦ ਰਹਿੰਦੇ ਹਨ ਪਰ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਕਿਤੇ ਹੋਰ ਭੇਜ ਦਿੱਤਾ ਗਿਆ ਸੀ।
ਇਹ ਕਾਰਵਾਈ ਅਮਰੀਕਾ ਅਤੇ ਨਾਟੋ ਨੂੰ ਖੁੱਲ੍ਹ ਕੇ ਜੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਹੈ, ਜਿਸਦਾ ਵਿਰੋਧ ਅਮਰੀਕਨ ਕਾਂਗਰਸ ਵਲੋਂ ਕਰਨਾ ਵੀ ਔਖਾ ਹੋ ਜਾਣਾ।
ਰੂਸ ਦੇ ਦੌਰੇ ਤੋਂ ਬਾਅਦ ਹੀ ਇਰਾਨੀ ਆਗੂਆ ਨੇ ਕਤਰ ‘ਤੇ ਹਮਲਾ ਕੀਤਾ ਹੈ। ਰੂਸ ਨੇ ਇਰਾਨ ਨੂੰ ਹਵਾਈ ਜਹਾਜ਼ ਅਤੇ ਮਿਜ਼ਾਇਲਾਂ ਦੇਣ ਦਾ ਵਾਅਦਾ ਕੀਤਾ ਹੈ। ਇਰਾਨ ਦੇ ਆਗੂ ਨੌਰਥ ਕੋਰੀਆਂ ਦੇ ਆਗੂ ਨਾਲ ਵੀ ਸੰਪਰਕ ਵਿੱਚ ਹਨ।
ਅੱਜ ਪਾਕਿਸਤਾਨ ਚੀਨ, ਰੂਸ, ਇਰਾਨ (ਐਸਸੀਓ- Shanghai Cooperation Organization) ਦੀ ਇੱਕ ਸਾਂਝੀ ਮੀਟਿੰਗ ਵੀ ਕੀਤੀ ਗਈ ਹੈ, ਜਿਸਦਾ ਮੁੱਖ ਮੁੱਦਾ ਇਹ ਜੰਗ ਸੀ। ਇਸ ਮੀਟਿੰਗ ਵਿੱਚ ਭਾਰਤ ਨੂੰ ਨਹੀਂ ਬੁਲਾਇਆ ਗਿਆ।
ਇਰਾਨ ਨੇ ਹੋਰਮੁਜ਼ ਦੀ ਖਾੜੀ ਬੰਦ ਕਰ ਦਿੱਤੀ, ਜਿਸ ਨਾਲ ਤੇਲ ਦੇ ਰਸਤੇ ਰੁਕ ਗਏ ਹਨ। ਇਰਾਨੀ ਪਣਡੁੱਬੀਆਂ ਇੱਥੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਅਤੇ ਦੁਨੀਆ ਵਿੱਚ ਮਹਿੰਗਾਈ ਹੋਰ ਵਧ ਜਾਵੇਗੀ। ਟਰੰਪ ਮਿਡਲ ਈਸਟ ਦੇ ਮੁਲਕਾਂ ਨੂੰ ਦਬਕੇ ਮਾਰ ਰਿਹਾ ਕਿ ਤੇਲ ਦੀ ਕੀਮਤ ਵਧਣੀ ਨਹੀਂ ਚਾਹੀਦੀ ਪਰ ਜੇਕਰ ਜੰਗ ਨਾ ਰੁਕੀ ਤਾਂ ਇਹ ਕੀਮਤ ਵਧਣੋਂ ਕਿਸੇ ਵੀ ਤਰਾਂ ਰੁਕ ਨਹੀਂ ਸਕਦੀ।
ਕੈਨੇਡਾ ਆਪਣਾ ਬਹੁਤਾ ਕੱਚਾ ਤੇਲ ਅਮਰੀਕਾ ਨੂੰ ਭੇਜਦਾ ਸੀ ਪਰ ਟਰੰਪ ਵਲੋਂ ਕੈਨੇਡਾ ‘ਤੇ ਟੈਰਿਫ ਲਾਏ ਜਾਣ ਤੋਂ ਬਾਅਦ ਹੁਣ ਕੈਨੇਡਾ ਦਾ 70 ਫੀਸਦੀ ਕੱਚਾ ਤੇਲ ਚੀਨ ਨੂੰ ਜਾ ਰਿਹਾ।
ਅਮਰੀਕਾ ਨੇ ਚੀਨ ਨੂੰ ਕਿਹਾ ਹੈ ਕਿ ਉਹ ਇਰਾਨ ਨੂੰ ਮਨਾਵੇ ਕਿ ਹੋਰਮੁਜ਼ ਦੀ ਖਾੜੀ ਬੰਦ ਨਾ ਕੀਤੀ ਜਾਵੇ ਪਰ ਚੀਨ ਘੇਸਲ ਮਾਰ ਰਿਹਾ ਤੇ ਉਲਟਾ ਚੀਨੀ ਕਾਰਗੋ ਜਹਾਜ਼ ਇਰਾਨ ਨੂੰ ਲਗਾਤਾਰ ਫੌਜੀ ਸਾਜ਼ੋ-ਸਮਾਨ ਢੋਹ ਰਹੇ ਹਨ। ਚੀਨ ਹਾਲੇ ਸਿੱਧਮ-ਸਿੱਧਾ ਕੁਝ ਨਹੀਂ ਕਰ ਰਿਹਾ। ਪਰ ਉਸਨੂੰ ਪਤਾ ਕਿ ਇਰਾਨ ਦਾ ਢਹਿਣਾ, ਉਸਦਾ ਵੱਡਾ ਕਿਲ੍ਹਾ ਢਹਿਣਾ ਹੀ ਹੋਵੇਗਾ।
ਰੂਸ ਦਾ ਨਾਮ ਲਏ ਬਿਨਾ ਰੂਸ ਦੇ ਵੱਡੇ ਆਗੂ ਦਮਿੱਤਰੀ ਮੈਦਾਦੇਵ ਨੇ ਕਿਹਾ ਸੀ ਕਿ ਹੁਣ ਕਈ ਦੇਸ਼ ਇਰਾਨ ਨੂੰ ਆਪਣੇ ਪਰਮਾਣੂ ਹਥਿਆਰ ਸਿੱਧੇ ਤੌਰ ‘ਤੇ ਸਪਲਾਈ ਕਰਨ ਲਈ ਤਿਆਰ ਹਨ ਕਿਉਂਕਿ ਅਮਰੀਕਾ ਨੇ ਹਮਲਾ ਕਰਕੇ ਅੰਤਰਰਾਸ਼ਟਰੀ ਕਨੂੰਨ ਤੋੜੇ ਹਨ ਤੇ ਇਰਾਨ ਹੁਣ ਪਰਮਾਣੂ ਸੰਧੀ ‘ਚੋਂ ਨਿਕਲ ਗਿਆ ਹੈ।
ਅੱਜ ਟਰੰਪ ਨੇ ਮੈਦਾਦੇਵ ਨੂੰ ਸਿੱਧਾ ਪੈਂਦਿਆਂ ਕਿਹਾ ਕਿ ਤੇਰੇ ਕਹਿਣ ਦਾ ਮਤਲਬ ਕੀ ਆ? ਕੀ ਤੁਸੀਂ ਹੁਣ ਇਰਾਨ ਨੂੰ ਪਰਮਾਣੂ ਹਥਿਆਰ ਦੇ ਰਹੇ ਓਂ? ਜ਼ਰਾ ਸਪੱਸ਼ਟ ਕਰਿਓ ਮੈਨੂੰ। ਟਰੰਪ ਨੇ ਲਿਖਿਆ ਕਿ ਪਰਮਾਣੂ ਬੰਬ ਲਫਜ਼ ਏਨੀ ਆਸਾਨੀ ਨਾਲ ਕਿੱਦਾਂ ਵਰਤਿਆ ਜਾ ਸਕਦਾ?
ਕੁੱਲ ਮਿਲਾ ਕੇ ਹਾਲਾਤ ਵਿਸ਼ਵ ਜੰਗ ਵਰਗੇ ਹੀ ਬਣਦੇ ਜਾ ਰਹੇ ਹਨ। ਵਾਹਿਗੁਰੂ ਭਲੀ ਕਰੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ