ਸੁਖ਼ਬੀਰ ਤੇ ਬਾਗੀ ਅਕਾਲੀਆਂ ’ਤੇ ਵਰ੍ਹੇ ਭਗਵੰਤ ਮਾਨ: ਮੁਆਫ਼ੀ ਗ਼ਲਤੀਆਂ ਦੀ ਹੁੰਦੀ ਹੈ, ਗੁਨਾਹਾਂ ਦੀ ਨਹੀਂ; ਬਾਗੀ ਵੀ ਵਹਾ ਰਹੇ ਮਗਰਮੱਛ ਵਾਲੇ ਹੰਝੂ
ਹੁਸ਼ਿਆਰਪੁਰ, 6 ਅਗਸਤ, 2024
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖ਼ਬੀਰ ਸਿੰਘ ਬਾਦਲ ਅਤੇ ਬਾਗੀ ਅਕਾਲੀਆਂ ’ਤੇ ਤਕੜਾ ਹੱਲਾ ਬੋਲਦਿਆਂ ਕਿਹਾ ਕਿ ਮੁਆਫ਼ੀ ਗ਼ਲਤੀਆਂ ਦੀ ਹੁੰਦੀ ਹੈ, ਗੁਨਾਹਾਂ ਦੀ ਨਹੀਂ। ਉਨ੍ਹਾਂ ਕਿਹਾ ਕਿ ਬਾਗੀ ਵੀ ਮਗਰਮੱਛ ਵਾਲੇ ਹੰਝੂ ਵਹਾ ਰਹੀ ਹੈ ਜਦਕਿ ਗੁਨਾਹ ਕੀਤੇ ਜਾਣ ਸਮੇਂ ਇਹ ਆਪੋ ਵਿੱਚ ਘਿਉ-ਖ਼ਿਚੜੀ ਸਨ।
ਹੁਸ਼ਿਆਰਪੁਰ ਵਿਖ਼ੇ ਰਾਜ-ਪੱਧਰੀ ਵਨਮਹਾਂਉਤਸਵ ਸਮਾਗਮ ਨੂੰ ਸੰਬੋਧਨ ਕਰਦੇ ਸਮੇਂ ਸ: ਸੁਬਖ਼ਬੀਰ ਸਿੰਘ ਬਾਦਲ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਉਪ-ਮੁੱਖ ਮੰਤਰੀ ਆਪਣੀਆਂ ਸਿਆਸੀ ਚਾਲਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ‘ਬਾਦਲ ਪਰਿਵਾਰ ਦਾ ਫਰਜੰਦ ਹੁਣ ਆਪਣੇ ਕੀਤੇ ਦੀ ਮੁਆਫ਼ੀ ਮੰਗ ਰਿਹਾ ਹੈਪਰ ਉਸਨੂੰ੍ਯ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਗ਼ਲਤੀਆਂ ਲਈ ਮੁਆਫ਼ ਕੀਤਾ ਜਾ ਸਕਦਾ ਹੈ ਪਰ ਗੁਨਾਹ ਕਦੇ ਮੁਆਫ਼ ਨਹੀਂ ਹੁੰਦੇ। ਬਾਦਲ ਪਰਿਵਾਰ ਵੱਲੋਂ ਕੀਤੇ ਬੱਜਰ ਗੁਨਾਹ ਮੁਆਫ਼ ਨਹੀਂ ਕੀਤੇ ਜਾ ਸਕਦੇ।’
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਬੇਅਦਬੀ ਕਾਂਡ ਬਾਰੇ ਸਬੂਤ ਇਕੱਠੇ ਕਰ ਰਹੀ ਹੈ ਅਤੇ ਇਸ ਅਪਰਾਧ ਦੇ ਅਸਲ ਦੋਸ਼ੀ ਜਲਦ ਹੀ ਸਲਾਖ਼ਾਂ ਪਿੱਛੇ ਹੋਣਗੇ।
ਬਾਗੀ ਅਕਾਲੀ ਲੀਡਰਸ਼ਿਪ ਉੱਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਹੁਣ ਇਸ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਜਦਕਿ ਜਦੋਂ ਇਹ ਗੁਨਾਹ ਕੀਤੇ ਜਾ ਰਹੇ ਸਨ ਤਾਂਉਸ ਵੇਲੇ ਇਹ ਬਾਗੀ ਲੀਡਰਸ਼ਿਪ ਵੀ ਬਾਦਲ ਪਰਿਵਾਰ ਨਾਲ ਘਿਓ-ਖ਼ਿਚੜੀ ਸੀ।
ਸ: ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਹੁਣ ਸਿਰਫ਼ ਫ਼ੋਕੀ ਬਿਆਨਬਾਜ਼ੀ ਕਰਕੇ ਪੰਜਾਬ ਨਾਲ ਕਮਾਏ ਧ੍ਰੋਹ ਤੋਂ ਮੁਕਤ ਨਹੀਂ ਹੋ ਸਕਦੇ।