Breaking News

Punjab – ਪੰਜਾਬ ਦੇ ਬਨੂੜ ਦੀ ਨਵ-ਵਿਆਹੁਤਾ ਨੇ ਮਾਲਦੀਵ ’ਚ ਕੀਤੀ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਗਈ ਸੀ ਵਿਦੇਸ਼, ਪਤੀ ‘ਤੇ ਲੱਗੇ ਇਲਜ਼ਾਮ

Punjab –

 

ਪੰਜਾਬ ਦੇ ਬਨੂੜ ਦੀ 24 ਸਾਲਾ ਇੱਕ ਨਵ-ਵਿਆਹੁਤਾ ਵੱਲੋਂ ਮਾਲਦੀਵ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਵਾਰਡ ਨੰਬਰ ਚਾਰ ਦੇ ਆਹਲੂਵਾਲੀਆ ਮੁਹੱਲਾ ਦੇ ਵਸਨੀਕ ਸੁਖਦੇਵ ਸਿੰਘ ਦੀ ਮਾਲਦੀਵ ਰਹਿੰਦੀ ਧੀ ਗੁਰਪ੍ਰੀਤ ਕੌਰ (24) ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ 6 ਮਹੀਨੇ ਪਹਿਲਾਂ ਹੀ ਵਰਕ ਪਰਮਿਟ ‘ਤੇ ਮਾਲਦੀਵ ਗਈ ਸੀ।

 

 

 

 

ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਬੇਟੀ ਬੀਕਾਮ ਆਨਰਜ਼ ਪਾਸ ਸੀ। ਪਿਛਲੇ ਸਾਲ ਅਪ੍ਰੈਲ ਵਿਚ ਜ਼ੀਰਾ (ਫ਼ਿਰੋਜ਼ਪੁਰ) ਦੇ ਸਾਗਰ ਅਰੋੜਾ ਨਾਲ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਪ੍ਰੇਮ ਵਿਆਹ ਹੋਇਆ ਸੀ। ਲੜਕੀ ਦੇ ਪਿਤਾ ਸੁਖਦੇਵ ਸਿੰਘ ਨੇ ਥਾਣਾ ਬਨੂੜ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਮ੍ਰਿਤਕਾ ਦੇ ਪਤੀ ਸਾਗਰ ਅਰੋੜਾ ‘ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਲਗਾਏ ਹਨ।

 

 

 

ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦਾ ਪਤੀ ਇੱਥੇ ਹੀ ਸੀ। 11 ਜੂਨ ਨੂੰ ਪਰਿਵਾਰ ਦੀ ਗੁਰਪ੍ਰੀਤ ਕੌਰ ਨਾਲ ਗੱਲ ਹੋਈ ਸੀ। ਉਸੇ ਰਾਤ ਇਹ ਘਟਨਾ ਵਾਪਰ ਗਈ, ਜਿਸ ਬਾਰੇ ਉਸ ਦੀ ਸਹੇਲੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਕੁੱਝ ਦਿਨ ਪਹਿਲਾਂ ਗੁਰਪ੍ਰੀਤ ਕੌਰ ਦਾ ਪਤੀ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਪੁਲਿਸ ਤੋਂ ਉਸ ਦੀ ਬੇਟੀ ਨੂੰ ਖ਼ੁਦਕਸ਼ੀ ਲਈ ਮਜ਼ਬੂਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

 

 

 

 

ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਧੀ ਦੀ ਲਾਸ਼ ਕੱਲ੍ਹ ਹੀ ਮਾਲਦੀਵ ਤੋਂ ਦਿੱਲੀ ਏਅਰਪੋਰਟ ‘ਤੇ ਪਹੁੰਚੀ ਸੀ ਤੇ ਅੱਜ ਉਸ ਦਾ ਸਬ ਇੰਸਪੈਕਟਰ ਬਹਾਦਰ ਰਾਮ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਪੋਸਟਮਾਰਟਮ ਕਰਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਵੱਲੋਂ ਖ਼ੁਦਕਸ਼ੀ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

 

 

 

ਉਨ੍ਹਾਂ ਇਹ ਵੀ ਦੱਸਿਆ ਕਿ ਮਾਲਦੀਵ ਦੀ ਪੁਲਿਸ ਵੱਲੋਂ ਵਾਰਦਾਤ ਅਤੇ ਮੌਕੇ ‘ਤੇ ਕੀਤੀ ਪੜਤਾਲ ਬਾਰੇ ਦਸਤਾਵੇਜ਼ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਫ਼ਾਰਸੀ ਵਿੱਚ ਹਨ, ਜਿਨ੍ਹਾਂ ਦਾ ਪੰਜਾਬੀ ਵਿਚ ਅਨੁਵਾਦ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ, ਮ੍ਰਿਤਕਾ ਦੇ ਪਿਤਾ ਦੇ ਬਿਆਨ, ਮਾਲਦੀਵ ਦੀ ਪੁਲਿਸ ਵੱਲੋਂ ਕੀਤੀ ਕਾਰਵਾਈ, ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Check Also

Zohran Mamdani ਪੰਜਾਬਣ ਮੀਰਾ ਨਾਇਰ ਦਾ ਪੁੱਤ ਨਿਊ ਯਾਰਕ ਦਾ ਮੇਅਰ ਬਣਨ ਜਾ ਰਿਹਾ

Zohran Mamdani ਮੋਦੀ ਨੂੰ ਗੁਜਰਾਤ ਦਾ ਬੁੱ+ਚ+ੜ ਕਹਿਣ ਵਾਲਾ ਪੰਜਾਬਣ ਮੀਰਾ ਨਾਇਰ ਦਾ ਪੁੱਤ ਨਿਊ …