ਪਤੀ-ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਕਿ ਪਿਆਰ ਦੇ ਨਾਲ-ਨਾਲ ਝਗੜਾ ਵੀ ਹੁੰਦਾ ਹੈ। ਕਈ ਵਾਰ ਪਤੀ-ਪਤਨੀ ਜਨਤਕ ਥਾਵਾਂ ‘ਤੇ ਵੀ ਆਪਸ ਵਿਚ ਲੜ ਪੈਂਦੇ ਹਨ, ਜਿਸ ਨਾਲ ਉੱਥੇ ਮੌਜੂਦ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ। ਅੱਜ ਤੁਹਾਨੂੰ ਪਤੀ-ਪਤਨੀ ਦੇ ਅਜਿਹੇ ਝਗੜੇ ਬਾਰੇ ਦੱਸ ਰਹੇ ਹਾਂ ਜੋ ਕਿ ਉੱਚਾਈ ‘ਤੇ ਹੋਇਆ ਅਤੇ ਜਿਸ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਡਬਲਿਨ ਤੋਂ ਇਕ ਫਲਾਈਟ ‘ਚ ਪਤੀ-ਪਤਨੀ ‘ਚ ਇੰਨੀ ਲੜਾਈ ਹੋਈ ਕਿ ਫਲਾਈਟ ਨੂੰ ਵਾਪਸ ਮੋੜਨਾ ਪਿਆ।
ਉਡਾਣ ਭਰਦੇ ਹੀ ਲੜਾਈ ਸ਼ੁਰੂ
ਏਅਰ ਲਿੰਗਸ ਦੀ ਫਲਾਈਟ ਨੰਬਰ EI738 ਸ਼ਾਮ ਕਰੀਬ 7:15 ਵਜੇ ਡਬਲਿਨ ਤੋਂ ਰਵਾਨਾ ਹੋਈ। ਫਲਾਈਟ ਵਿੱਚ ਲਗਭਗ ਇੱਕ ਘੰਟੇ ਬਾਅਦ ਚਾਲਕ ਦਲ ਨੇ ਘੋਸ਼ਣਾ ਕੀਤੀ ਕਿ ਇੱਕ ਐਮਰਜੈਂਸੀ ਆਈ ਹੈ। ਅਸਲ ਵਿੱਚ ਇਹ ਐਮਰਜੈਂਸੀ ਇੱਕ ਜੋੜੇ ਦੀ ਲੜਾਈ ਸੀ। ਚਾਲਕ ਦਲ ਨੇ ਉਨ੍ਹਾਂ ਨੂੰ ਸਮਝਾਉਣ ਅਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਉਲਟਾ ਇੱਕ ਦੂਜੇ ਨੂੰ ਕੁੱਟਣ ‘ਤੇ ਤੁਲ ਗਏ। ਜਦੋਂ ਸਥਿਤੀ ਹੱਥੋਂ ਨਿਕਲਣ ਲੱਗੀ ਤਾਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਫਲਾਈਟ ਨੇ ਨੈਨਟੇਸ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।
ਔਰਤ ਦੇ ਸਾਥੀ ਨੂੰ ਕੀਤਾ ਗਿਆ ਗ੍ਰਿਫ਼ਤਾਰ
ਲੜਾਈ ਦੌਰਾਨ ਔਰਤ ਦੇ ਚਿਹਰੇ ‘ਤੇ ਵੀ ਸੱਟਾਂ ਲੱਗੀਆਂ, ਜਿਸ ਕਾਰਨ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਟਨਾ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਆਖਰਕਾਰ ਦੋ ਘੰਟੇ ਦੀ ਦੇਰੀ ਤੋਂ ਬਾਅਦ ਫਲਾਈਟ ਨੂੰ ਵਾਪਸ ਉਡਾਣ ਭਰੀ ਅਤੇ ਮੰਜ਼ਿਲ ਯਾਨੀ ਪਾਲਮਾ ਡੀ ਮੈਲੋਰਕਾ ਹਵਾਈ ਅੱਡੇ ‘ਤੇ ਸਵੇਰੇ 1:05 ਵਜੇ ਪਹੁੰਚ ਗਈ।