Canada -ਭਾਰਤੀ ਵਿਦਿਆਰਥੀਆਂ ‘ਤੇ ਲਟਕੀ ਨਵੀਂ ਤਲਵਾਰ! ਕੈਨੇਡਾ ਨੇ ਬਣਾਇਆ ਅਜਿਹਾ ਕਾਨੂੰਨ, ਜਿਸ ਨਾਲ ਹੋਏਗਾ ਸਿੱਧਾ ਨੁਕਸਾਨ,
ਗਲੋਬਲ ਨਿਊਜ਼ ਅਨੁਸਾਰ, 2025 ਦੀ ਪਹਿਲੀ ਤਿਮਾਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 5,500 ਸ਼ਰਨ ਦਾਅਵੇ ਕੀਤੇ ਗਏ, ਜੋ ਪਿਛਲੇ ਸਾਲ ਨਾਲੋਂ 22% ਵੱਧ ਹਨ।
Canada’s Strong Border Act: ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ‘ਸਟਰਾਂਗ ਬਾਰਡਰਜ਼ ਐਕਟ’ (Strong Borders Act) ਸੰਸਦ ‘ਚ ਪੇਸ਼ ਕੀਤਾ ਹੈ। ਇਸ ਦਾ ਮਕਸਦ ਸ਼ਰਨਾਰਥੀ ਦਾਅਵਿਆਂ ‘ਤੇ ਨਿਯੰਤਰਣ ਰੱਖਣਾ, ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਧਾਰਨਾ ਅਤੇ ਡਰੱਗਜ਼ ਦੀ ਤਸਕਰੀ, ਖ਼ਾਸ ਕਰਕੇ ਫੈਂਟਾਨਿਲ ਨੂੰ ਰੋਕਣਾ ਹੈ। ਇਹ ਕਾਨੂੰਨ ਖ਼ਾਸ ਤੌਰ ‘ਤੇ ਅਸਥਾਈ ਰਿਹਾਇਸ਼ੀ ਵਿਦਿਆਰਥੀਆਂ ਅਤੇ ਵਿਦੇਸ਼ੀ ਸਟੂਡੈਂਟਸ ‘ਤੇ ਲਾਗੂ ਹੋਵੇਗਾ ਤਾਂ ਜੋ ਇਮੀਗ੍ਰੇਸ਼ਨ ਸਿਸਟਮ ਦੀ ਬਦਨਾਮੀ ਜਾਂ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ।
ਕੈਨੇਡਾ ਵਿੱਚ ਸ਼ਰਨ ਮੰਗਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ
2023 ਵਿੱਚ ਕੁੱਲ 1,71,850 ਸ਼ਰਨਾਰਥੀ ਦਾਅਵੇ ਹੋਏ, ਜਿਨ੍ਹਾਂ ਵਿੱਚੋਂ 32,000 ਤੋਂ ਵੱਧ ਭਾਰਤੀ ਸਨ। ਸਿਰਫ਼ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 20,245 ਸ਼ਰਨਾਰਥੀ ਦਾਅਵੇ ਕੀਤੇ ਗਏ।
2024 ਦੇ ਪਹਿਲੇ 9 ਮਹੀਨਿਆਂ ਵਿੱਚ ਹੀ 1,32,525 ਦਾਅਵੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 13,660 ਦਾਅਵੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ।
ਇਨ੍ਹਾਂ ਵਿੱਚੋਂ ਸਭ ਤੋਂ ਵੱਧ ਦਾਅਵੇ ਭਾਰਤ (2,290) ਅਤੇ ਨਾਈਜੀਰੀਆ (1,990) ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ।
1 ਸਾਲ ਬਾਅਦ ਕੀਤੇ ਗਏ ਸ਼ਰਨਾਰਥੀ ਦਾਅਵੇ ਹੁਣ ਨਹੀਂ ਮੰਨੇ ਜਾਣਗੇ
ਜੇਕਰ ਕੋਈ ਵਿਅਕਤੀ 24 ਜੂਨ 2020 ਤੋਂ ਬਾਅਦ ਕੈਨੇਡਾ ਆਇਆ ਹੈ ਅਤੇ ਉਸਨੇ 1 ਸਾਲ ਤੋਂ ਜ਼ਿਆਦਾ ਦੇਰ ਬਾਅਦ ਸ਼ਰਨ ਮੰਗੀ, ਤਾਂ ਹੁਣ ਉਸ ਦਾ ਦਾਅਵਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇਹ ਨਿਯਮ ਵਿਦਿਆਰਥੀਆਂ ਅਤੇ ਅਸਥਾਈ ਨਿਵਾਸੀਆਂ ਦੋਹਾਂ ‘ਤੇ ਲਾਗੂ ਹੋਵੇਗਾ, ਭਾਵੇਂ ਉਹ ਦੇਸ਼ ਤੋਂ ਬਾਹਰ ਗਏ ਹੋਣ ਅਤੇ ਮੁੜ ਆਏ ਹੋਣ।
ਅਮਰੀਕਾ ਤੋਂ ਗੈਰਕਾਨੂੰਨੀ ਤਰੀਕੇ ਨਾਲ ਆਉਣ ਵਾਲਿਆਂ ਦੇ ਦਾਅਵੇ ਵੀ ਰੱਦ ਹੋਣਗੇ
ਜੇਕਰ ਕੋਈ ਵਿਅਕਤੀ ਅਮਰੀਕਾ ਤੋਂ ਜ਼ਮੀਨੀ ਸਰਹੱਦ ਰਾਹੀਂ ਬਿਨਾਂ ਅਧਿਕਾਰਤ ਬਾਰਡਰ ਪੋਰਟ ਤੋਂ ਕੈਨੇਡਾ ਵਿੱਚ ਦਾਖਲ ਹੁੰਦਾ ਹੈ ਅਤੇ 14 ਦਿਨਾਂ ਤੋਂ ਬਾਅਦ ਸ਼ਰਨ ਮੰਗਦਾ ਹੈ, ਤਾਂ ਉਸਦਾ ਕੇਸ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ।
ਦਾਅਵੇ ਦੀ ਸੁਣਵਾਈ ਸਿਰਫ ਕੈਨੇਡਾ ਵਿੱਚ ਮੌਜੂਦ ਹੋਣ ਤੇ ਹੀ ਹੋਵੇਗੀ
ਨਵੇਂ ਕਾਨੂੰਨ ਵਿਚ ਇਹ ਸਾਫ ਕੀਤਾ ਗਿਆ ਹੈ ਕਿ ਸ਼ਰਨ ਦਾ ਫੈਸਲਾ ਤਦ ਹੀ ਲਿਆ ਜਾਵੇਗਾ ਜਦੋਂ ਦਾਅਵੇਦਾਰ ਸਰੀਰਕ ਤੌਰ ’ਤੇ ਕੈਨੇਡਾ ਵਿੱਚ ਮੌਜੂਦ ਹੋਵੇ। ਜੇਕਰ ਵਿਅਕਤੀ ਬਾਹਰ ਦੇਸ਼ ਵਿੱਚ ਹੈ ਤਾਂ ਉਸਦੇ ਦਾਅਵੇ ਦੀ ਸੁਣਵਾਈ ਨਹੀਂ ਹੋਵੇਗੀ।
IRCC ਨੂੰ ਵਿਦਿਆਰਥੀਆਂ ਦੀ ਜਾਣਕਾਰੀ ਸਾਂਝੀ ਕਰਨ ਦਾ ਅਧਿਕਾਰ
ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕਨਾਡਾ (IRCC) ਨੂੰ ਹੁਣ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਵਿਦਿਆਰਥੀਆਂ ਦੀ ਪਛਾਣ, ਸਥਿਤੀ ਅਤੇ ਦਸਤਾਵੇਜ਼ਾਂ ਨਾਲ ਜੁੜੀ ਜਾਣਕਾਰੀ ਕੈਨੇਡਾ ਦੀਆਂ ਸੰਘੀ ਅਤੇ ਖੇਤਰੀ ਏਜੰਸੀਜ਼ ਨਾਲ ਸਾਂਝੀ ਕਰ ਸਕੇ।
ਕੋਸਟ ਗਾਰਡ ਨੂੰ ਵਧੇਰੇ ਅਧਿਕਾਰ, ਪਰ ਪੋਰਟ ਪੁਲਿਸ ਵਾਪਸ ਨਹੀਂ ਆਏਗੀ
ਹੁਣ ਕੋਸਟ ਗਾਰਡ ਨੂੰ ਸੁਰੱਖਿਆ ਗਸ਼ਤ ਅਤੇ ਨਿਗਰਾਨੀ ਦੇ ਵਧੇਰੇ ਅਧਿਕਾਰ ਮਿਲਣਗੇ। ਉਹ ਸੁਰੱਖਿਆ ਨਾਲ ਜੁੜੀ ਜਾਣਕਾਰੀ ਵੀ ਇਕੱਠੀ ਕਰ ਸਕੇਗਾ। ਹਾਲਾਂਕਿ, ਪੁਰਾਣੀ ਪੋਰਟ ਪੁਲਿਸ ਪ੍ਰਣਾਲੀ ਨੂੰ ਮੁੜ ਸ਼ੁਰੂ ਨਹੀਂ ਕੀਤਾ ਜਾਵੇਗਾ।
2025 ਵਿੱਚ ਸ਼ਰਨ ਲਈ ਹੋ ਸਕਦੇ ਨੇ ਹੋਰ ਵੀ ਵੱਧ ਦਾਅਵੇ
ਗਲੋਬਲ ਨਿਊਜ਼ ਅਨੁਸਾਰ, 2025 ਦੀ ਪਹਿਲੀ ਤਿਮਾਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 5,500 ਸ਼ਰਨ ਦਾਅਵੇ ਕੀਤੇ ਗਏ, ਜੋ ਪਿਛਲੇ ਸਾਲ ਨਾਲੋਂ 22% ਵੱਧ ਹਨ। ਭਾਰਤੀ ਉੱਚਾਯੋਗ ਮੁਤਾਬਕ, 2024 ਵਿੱਚ ਲਗਭਗ 4.27 ਲੱਖ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਸਨ, ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਸਭ ਤੋਂ ਵੱਧ ਗਿਣਤੀ ਸੀ।
ਭਾਰਤੀ ਵਿਦਿਆਰਥੀਆਂ ਦੀ ਸਟੱਡੀ ਪਰਮਿਟ ’ਚ ਆਈ ਗਿਰਾਵਟ
2025 ਦੀ ਪਹਿਲੀ ਤਿਮਾਹੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਸਟੱਡੀ ਪਰਮਿਟਾਂ ਵਿੱਚ 31% ਦੀ ਗਿਰਾਵਟ ਆਈ ਹੈ। ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 30,000 ਪਰਮਿਟਾਂ ਦਿੱਤੀਆਂ ਗਈਆਂ, ਜਦਕਿ 2024 ਦੀ ਪਹਿਲੀ ਤਿਮਾਹੀ ਵਿੱਚ ਇਹ ਗਿਣਤੀ 44,295 ਸੀ।