Breaking News

Sidhu Moosewala – ਕੀ ਪੰਜਾਬੀਆਂ ਖਾਸਕਰ ਸਿੱਖਾਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਕੁਝ ਸਿੱਖਿਆ ?

Sidhu Moosewala –

 

 

ਕੀ ਪੰਜਾਬੀਆਂ ਖਾਸਕਰ ਸਿੱਖਾਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਕੁਝ ਸਿੱਖਿਆ ?

 

 

 

ਪੰਜਾਬ ਦੇ ਦੁੱਲੇ ਪੁੱਤ ਲਈ ਸਹੀ ਸ਼ਰਧਾਂਜਲੀ ਕੀ ਹੋ ਸਕਦੀ ਹੈ ?

 

 

 

 

ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸਾਨੂੰ ਲੱਗਦਾ ਸੀ ਕਿ ਪੰਜਾਬ ‘ਚ ਇਹ ਸਮਝ ਪੈਦਾ ਹੋਏਗੀ ਕਿ ਆਪਣਿਆਂ ਨਾਲ ਵਿਰੋਧ ਅਤੇ ਕੁੜੱਤਣ ਘਟਾਈ ਜਾਵੇ। ਪਰ ਲੱਗਦਾ ਨਹੀਂ ਇੰਨਾ ਵੱਡਾ ਨੁਕਸਾਨ ਕਰਾਕੇ ਵੀ ਸਾਡੇ ਬਹੁਤੇ ਲੋਕ ਕੁਝ ਸਿੱਖੇ ਹਨ। ਕਈਆਂ ਨੇ ਤਾਂ ਉਸਦੀ ਮੌਤ ਤੋਂ ਵੱਡਾ ਸਬਕ ਲਿਆ ਪਰ ਬਥੇਰੇ ਫੇਸਬੁੱਕੀਆਂ ਦੇ ਅਸਲ ਵਤੀਰੇ ਵਿਚ ਭੋਰਾ ਫਰਕ ਨਹੀਂ ਪਿਆ।

 

 

 

 

 

 

ਜੇ ਆਪਣਿਆਂ ਨਾਲ ਕੋਈ ਵਖਰੇਵਾਂ ਹੋਵੇ, ਉਨ੍ਹਾਂ ਦੀ ਕੋਈ ਗੱਲ ਚੰਗੀ ਨਾ ਲੱਗੇ ਤਾਂ ਉਸਨੂੰ ਪਹਿਲੀ ਅਸਹਿਮਤੀ ਜਾਂ ਦੂਜੀ (ਜਿਸਨੂੰ ਕਈ ਗਲਤੀ ਕਹਿਣਾ ਵੀ ਪਸੰਦ ਕਰਦੇ ਹਨ) ਤੇ ਖਤਮ ਕਰਨ ਤੱਕ ਨਾ ਜਾਓ, ਆਪਣਿਆਂ ਨੂੰ ਜ਼ਿਆਦਾ ਸਪੇਸ ਦਿਓ। ਪਰ ਨਹੀਂ, ਬਹੁਤੀਆਂ ਨੂੰ ਨਿੰਦਾ ਰੋਗ ਚਿੰਬੜਿਆ ਹੋਇਆ ਹੈ।

 

 

 

 

ਸਿੱਧੂ ਮੂਸੇਵਾਲੇ ਦਾ ਕਤਲ ਸਾਡੇ ਸਮਿਆਂ ਦਾ ਵੱਡਾ ਦੁਖਾਂਤ ਅਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੈ ਪਰ ਜੇ ਹੁਣ ਵੀ ਨਾ ਸਿੱਖਿਆ ਤਾਂ ਇਸ ਦਾ ਮਤਲਬ ਇਹ ਹੈ ਕਿ ਮਨਾਂ ‘ਚ ਪੰਜਾਬ ਬਾਅਦ ਚ ਹੈ, ਨਿੱਜੀ ਰੜਕਾਂ ਜਾਂ ਵਿਚਾਰ ਪਹਿਲਾਂ। ਸੰਵਾਦ ਨਾਂ ਦਾ ਸ਼ਬਦ ਸਾਡੇ ਬਹੁਤੇ ਲੋਕਾਂ ਦੇ ਪੱਲੇ ਨਹੀਂ ਪੈ ਰਿਹਾ।

 

 

 

 

 

ਅਸਹਿਮਤੀ ਗ਼ਦਾਰੀ ਨਹੀਂ ਹੁੰਦੀ, ਦੋਹਾਂ ‘ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਪਰ ਕਈਆਂ ਦਾ ਵਤੀਰਾ ਇਹੀ ਹੁੰਦਾ ਹੈ ਜੇ ਸਾਡੇ ਨਾਲ ਨਹੀਂ ਤੁਰ ਰਿਹਾ ਤਾਂ ਸਾਡਾ ਦੁਸ਼ਮਣ ਜਾਂ ਗਦਾਰ ਹੈ।

 

 

 

ਸਾਡੇ ਲਈ ਉਹ ਹਰੇਕ ਬੰਦਾ ਪੰਜਾਬ ਦਾ ਪੁੱਤ ਹੈ, ਜਿਹੜਾ ‘ਪੰਜਾਬ ਜਿਓਂਦਾ ਗੁਰਾਂ ਦੇ ਨਾਂ ‘ਤੇ” ਦੇ ਉਲਟ ਨਹੀਂ ਭੁਗਤਦਾ।

 

 

 

ਮੂਸੇਵਾਲੇ ਨਾਲ ਕੀਤਾ ਧੱਕਾ ਸਾਨੂੰ ਦੂਜਿਆਂ ਨਾਲ ਨਹੀਂ ਦੁਹਰਾਉਣਾ ਚਾਹੀਦਾ। ਤੁਹਾਡੇ ਆਪਸ ਵਿੱਚ ਵਖਰੇਵੇਂ ਹੋ ਸਕਦੇ ਨੇ ਪਰ ਦਿੱਲੀ ਨੂੰ ਸਾਡੇ ਸਾਰੇ ਦੁੱਲੇ ਰੜਕਦੇ ਨੇ। ਉਹ ਅੱਡ-ਅੱਡ ਵਿਚਾਰਧਾਰਾਵਾਂ ‘ਚ ਬੱਝੇ ਪੰਜਾਬ ਦੇ ਸਪੂਤਾਂ ਲਈ ਇੱਕੋ ਜਿਹੇ ਬੇਕਿਰਕ ਸਨ ਤੇ ਹਨ। ਤੁਹਾਡੇ ਲਈ ਪੰਜਾਬੀ ਯੋਧੇ ਇਕ ਦੂਜੇ ਦੇ ਉਲਟ ਹੋ ਸਕਦੇ ਨੇ, ਹਿੰਦੂਤਵੀਆਂ ਲਈ ਦੋਵੇਂ ਬਰਾਬਰ ਦੀ ਨਫਰਤ ਦੇ ਪਾਤਰ ਨੇ। ਇਥੋਂ ਹੀ ਸਮਝ ਲਈਏ ਕਿ ਦੀਪ ਸਿੱਧੂ ਤੇ ਮੂਸੇਵਾਲੇ ਦੇ ਜਹਾਨੋਂ ਜਾਣ ਤੋਂ ਬਾਅਦ ਹਿੰਦੂਤਵੀ ਲਾਣੇ ਦੀ ਨਫਰਤ ਇੱਕੋ ਜਿਹੀ ਸੀ।

 

 

 

 

 

ਦੀਪ ਸਿੱਧੂ ਨੇ ਤਾਂ ਵੱਡੀ ਲਾਈਨ ਦੇ ਇਧਰ ਲਿਆਉਣ ਦਾ ਘੇਰਾ ਰਵਨੀਤ ਬਿੱਟੂ ਤੱਕ ਵਧਾ ਦਿੱਤਾ ਸੀ ਪਰ ਕਈ ਫੇਸਬੁੱਕੀ ਵਿਦਵਾਨਾਂ ਨੇ ਪਹਿਲਾਂ ਹੀ ਇਧਰ ਖੜਿਆਂ ਨੂੰ ਵੀ ਦੂਜੇ ਪਾਸੇ ਧੱਕਣ ਦੀ ਸਹੁੰ ਖਾਧੀ ਹੋਈ ਹੈ। ਕਈ ਵਾਰ ਜਾਪਦਾ ਹੈ ਦੀਪ ਸਿੱਧੂ ਦਾ ਨਾਂ ਲੈਣ ਵਾਲੇ ਕਈ ਸੱਜਣ ਵੀ ਅਸਲ ਵਿਚ ਉਸਦੀ ਇਸ ਸਮਝ ਤੋਂ ਮੁਨਕਰ ਨੇ।

 

 

 

 

 

 

 

ਮੂਸੇਵਾਲੇ ਦੇ ਜਿਉਂਦੇ ਜੀਅ ਉਸਨੂੰ ਰੋਜ਼ ਟ੍ਰੋਲ ਕਰਨਾ ਕਈਆਂ ਦਾ ਮਨਭਾਉਂਦਾ ਸ਼ੁਗਲ ਸੀ। ਕੁਝ ਇੱਕ ਨੂੰ ਛੱਡ ਕੇ, ਉਸ ਤਰ੍ਹਾਂ ਦੀ ਸਮਝ ਵਾਲੇ ਲੋਕਾਂ ਦੇ ਵਤੀਰੇ ਵਿਚ ਹਾਲੇ ਵੀ ਕੋਈ ਸਮਝ ਡਵੈਲਪ ਨਹੀਂ ਹੋਈ। ਹੁਣ ਉਨ੍ਹਾਂ ਦਾ ਟਾਰਗੇਟ ਮੂਸੇਵਾਲਾ ਨਹੀਂ ਤਾਂ ਉਹ ਕੋਈ ਹੋਰ ਲੱਭ ਲੈਂਦੇ ਨੇ। ਬੱਸ ਆਲੋਚਨਾ ਕਰਨ ਲਈ ਉਨ੍ਹਾਂ ਨੂੰ ਕੁਝ ਨਾ ਕੁਝ ਚਾਹੀਦਾ ਹੈ।

 

 

 

 

 

 

ਗੁਰੂ ਨਾਨਕ ਸਾਹਿਬ ਦੀ ਸਿੱਧ ਗੋਸਟਿ ਬਾਰੇ ਗੱਲ ਕਰਨੀ ਸੌਖੀ ਹੈ ਪਰ ਇਸ ਨੂੰ ਵਿਉਹਾਰ ‘ਚ ਲਿਆਉਣਾ ਤੇ ਕਮਾਉਣਾ ਏਡਾ ਸੌਖਾ ਨਹੀਂ। ਕਈ ਵਾਰੀ ਹਉਮੈ ਵਿਚਾਲੇ ਖੜ੍ਹ ਜਾਂਦੀ ਹੈ ਜਾਂ ਫਿਰ ਤੰਗ ਨਜ਼ਰੀ। ਬੜੀ ਵਾਰੀ ਗੁਰੂ ਦੀ ਮੱਤ ਦੀ ਗੱਲ ਕਰਦਿਆਂ ਵੀ ਮਨ ਦੀ ਮੱਤ ਭਾਰੀ ਹੋ ਜਾਂਦੀ ਹੈ।

 

 

 

 

 

 

 

ਫੇਸਬੁੱਕ ‘ਤੇ ਬੈਠੇ ਹਰ ਵਕਤ ਦੂਜਿਆਂ ਨੂੰ ਆਪੋ ਆਪਣੀਆਂ ਸੂਈਆਂ ਦੇ ਬਰੀਕ ਨੱਕਿਆਂ ਚੋਂ ਲੰਘਾਉਣ ਵਾਲੇ ਵਿਦਵਾਨਾਂ ਨੂੰ ਬੇਨਤੀ ਹੈ ਇਸ ਵੱਡੇ ਨੁਕਸਾਨ ਤੋਂ ਸਿੱਖ ਲਓ। ਜਿਹੜਾ ਜਿੱਥੇ ਬਹਿ ਕੇ ਜਿੰਨੀ ਕੁ ਵੀ ਪੰਜਾਬ ਦੇ ਹਿੱਤ ਭਲੇ ਦੀ ਗੱਲ ਕਰਦਾ ਹੈ ਉਸਨੂੰ ਉਸਨੂ ਕਰਨ ਦਿਓ। ਐਵੇਂ ਹਰੇਕ ‘ਤੇ ਸ਼ਰਤਾਂ ਨਾ ਲਾਈ ਜਾਇਆ ਕਰੋ ਤੇ ਫਤਵੇ ਨਾ ਦੇਈ ਜਾਇਆ ਕਰੋ।

 

 

 

 

 

 

ਜਿਨ੍ਹਾਂ ਦਾ ਐਕਟੀਵਿਜ਼ਮ ਫੇਸਬੁੱਕ ਜਾਂ ਟਵਿੱਟਰ ਤੋਂ ਅੱਗੇ ਨਹੀਂ ਜਾਂਦਾ, ਜਿਨ੍ਹਾਂ ਕਦੇ ਜ਼ਮੀਨੀ ਕੰਮ ਨਹੀਂ ਕੀਤਾ ਹੁੰਦਾ, ਉਹ ਦੂਸਰਿਆਂ ਉੱਤੇ ਸਭ ਤੋਂ ਜ਼ਿਆਦਾ ਜੱਜਮੈਂਟ ਦਿੰਦੇ ਨੇ। ਆਲੋਚਨਾ ਜਾਇਜ਼ ਹੀ ਠੀਕ ਹੁੰਦੀ ਹੈ, ਉਸਤੋਂ ਬਾਅਦ ਇਹ ਕਰਨ ਵਾਲੇ ਦੇ ਨਿੰਦਾ ਰੋਗ ਦਾ ਲੱਛਣ। ਸਿੱਧੂ ਦੇ ਜਿਊਂਦੇ ਜੀਅ ਉਸ ਨੂੰ ਹਰ ਵਕਤ ਕਾਂਵਾਂ ਵਾਂਗੂੰ ਠੂੰਗੇ ਮਾਰਨ ਵਾਲੇ ਅਤੇ ਉਸਦੀ ਮਾਂ ਨੂੰ ਵੀ ਜ਼ਲੀਲ ਕਰਨ ਵਾਲੇ ਕੇਡੇ ਕੁ ਕਿਰਦਾਰ ਅਤੇ ਅਕਲ ਦੇ ਮਾਲਕ ਹੋਣਗੇ। ਉਹ ਤਾਂ ਖ਼ੈਰ ਲੀਜੈਂਡ ਬਣ ਗਿਆ ਹੈ।

 

 

 

 

 

 

 

ਆਪਣੀਆਂ ਆਦਤਾਂ ਸੁਧਾਰ ਕੇ, ਅਸਹਿਮਤੀ ਵਾਲਿਆਂ ਨੂੰ ਵੀ ਸਪੇਸ ਦੇਣੀ ਅਤੇ ਹਰ ਇੱਕ ਨੂੰ ਦੁਸ਼ਮਣ ਸਮਝਣ ਦੀ ਸੋਚ ਛੱਡਣਾ ਹੀ ਮੂਸੇਆਲੇ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।

 

 

 

 

 

 

 

 

(ਇਸ ਪੋਸਟ ਵਿਚਲੀਆਂ ਕੁਝ ਟੂਕਾਂ ਪਹਿਲੀਆਂ ਲਿਖਤਾਂ ਵਿੱਚੋਂ ਹਨ)
(ਇਹ ਪੋਸਟ ਪਹਿਲੀ ਵਾਰ ਦੋ ਸਾਲ ਪਹਿਲਾਂ ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ‘ਤੇ ਪਾਈ ਸੀ। ਦੁਖਾਂਤ ਹੈ ਕਿ ਕੁਝ ਨਹੀਂ ਬਦਲਿਆ, ਅੰਦਰੂਨੀ ਨਫ਼ਰਤ ਅਤੇ ਲੜਾਈਆਂ ਦਾ ਵਰਤਾਰਾ ਸਗੋਂ ਹੋਰ ਵਧਿਆ ਹੈ। ਇੰਨੇ ਵੱਡੇ ਦੁਖਾਂਤ ਤੋਂ ਵੀ ਕੁਝ ਨਹੀਂ ਸਿੱਖਿਆ।)
#Unpopular_Opinions
#Unpopular_Ideas
#Unpopular_Facts

Check Also

Ramdev – ਰੂਸ ਅਤੇ ਚੀਨ ਨਾਲ ਮਿਲ ਕੇ ਭਾਰਤ ਅਮਰੀਕਾ ਦੀ ਗੁੰਡਾਗਰਦੀ ਨੂੰ ਖਤਮ ਕਰੇਗਾ: ਰਾਮਦੇਵ

India to Join Russia and China to Counter America’s Economic ‘Hooliganism,’ Says Ramdev ਭਾਰਤ, ਰੂਸ …