ਚੋਰ ਤੇ ਕੁੱਤੀ ਹਾਲੇ ਵੀ ਇਕੱਠੇ!
ਪੰਜਾਬ ਪੁਲਿਸ ਦੇ ਸਾਬਕਾ ਆਈਜੀ ਰਣਬੀਰ ਸਿੰਘ ਖਟੜਾ, ਜਿਨ੍ਹਾਂ ਨੇ 2018 ਵਿੱਚ ਬਰਗਾੜੀ ਬੇਅਦਬੀ ਕਾਂਡ ਅਤੇ ਇਸ ਨਾਲ ਸਬੰਧਤ ਕੇਸਾਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕੀਤੀ, ਨੇ ਬੁੱਧਵਾਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਲਗਭਗ ਦੋ ਘੰਟੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੇਸਾਂ ਬਾਰੇ ਤਾਜ਼ਾ ਵੇਰਵੇ ਦਿੱਤੇ।
ਇਹ ਵੇਰਵੇ ਪੰਜਾਬ ਸਰਕਾਰ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਬਾਰੇ ਹੋਰ ਸਵਾਲ ਖੜ੍ਹੇ ਕਰਦੇ ਹਨ।
ਖਟੜਾ ਨੇ ਜਥੇਦਾਰ ਨੂੰ ਦੱਸਿਆ ਕਿ ਬਰਗਾੜੀ ਬੇਅਦਬੀ ਨਾਲ ਸਬੰਧਤ ਤਿੰਨੋਂ ਕੇਸਾਂ;
1) 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ;
2) 25 ਸਤੰਬਰ 2015 ਨੂੰ ਸਿੱਖਾਂ ਨੂੰ ਚੁਣੌਤੀ ਦੇਣ ਵਾਲੇ ਭੜਕਾਊ ਅਤੇ ਅਪਮਾਨਜਨਕ ਪੋਸਟਰ ਕੰਧਾਂ ‘ਤੇ ਲਾਉਣਾ; ਅਤੇ
3) ਬੀੜ ਦੇ ਪੰਨੇ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰੇ ਗਏ
ਇਨ੍ਹਾਂ ਤਿੰਨਾਂ ਕੇਸਾਂ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਰਚ ਵਿੱਚ ਰੋਕ ਲਗਾ ਦਿੱਤੀ ਸੀ, ਪਰ ਪੰਜਾਬ ਸਰਕਾਰ ਨੇ ਨਿਰਧਾਰਤ ਤਿੰਨ ਮਹੀਨਿਆਂ ਦੇ ਸਮੇਂ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਡਬਲ ਬੈਂਚ ਅੱਗੇ ਅਪੀਲ ਦਾਇਰ ਨਹੀਂ ਕੀਤੀ।
ਖਟੜਾ ਨੇ ਜਥੇਦਾਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਸਿਰਸਾ ਡੇਰਾ ਮੁਖੀ ਸਿਰ ਪਏ ਉਨ੍ਹਾਂ ਕੇਸਾਂ, ਜਿਨ੍ਹਾਂ ਕੇਸਾਂ ਵਿੱਚ ਦੋ ਸਾਲ ਪਹਿਲਾਂ ਹੀ ਉਸਨੂੰ ਨਾਮਜ਼ਦ ਕੀਤਾ ਹੋਇਆ ਸੀ, ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਅਤੇ ਹੁਣ ਇਨ੍ਹਾਂ ਉੱਤੇ ਰੋਕ ਲਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਬੀੜ ਚੋਰੀ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸ਼ਿਕਾਇਤਕਰਤਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਅਪੀਲ ਦਾਇਰ ਹੀ ਨਹੀਂ ਕੀਤੀ।
ਇਨ੍ਹਾਂ ਕੇਸਾਂ ਦੇ ਇੱਕ ਹੋਰ ਮੁੱਖ ਦੋਸ਼ੀ, ਡੇਰਾ ਆਗੂ ਪਰਦੀਪ ਕਲੇਰ ਨੇ ਇੱਕ ਮੈਜਿਸਟਰੇਟ ਸਾਹਮਣੇ ਦਰਜ ਕਰਵਾਏ ਆਪਣੇ ਬਿਆਨ ਵਿੱਚ, ਸਿਰਸਾ ਡੇਰਾ ਮੁਖੀ ਅਤੇ ਉਸਦੀ ਗੋਦ ਲਈ ਹੋਈ ਧੀ ਹਨੀਪ੍ਰੀਤ ਦਾ ਨਾਮ ਲਿਆ, ਇੱਕ ਸਾਜ਼ਿਸ਼ ਰਚਣ ਲਈ ਮਹੱਤਵਪੂਰਨ ਖੁਲਾਸੇ ਕੀਤੇ, ਪਰ ਕੋਈ ਕਾਰਵਾਈ ਨਜ਼ਰ ਨਹੀਂ ਆਈ।
ਦਿੱਲੀ ਦੇ ਸੰਦ ਬਣਕੇ ਭਗਵੰਤ ਮਾਨ ਨੇ ਤਾਂ ਬੇਅਦਬੀ ਦੇ ਦੋਸ਼ੀ ਖੁੱਲੇ ਛੱਡ ਕੇ ਪੰਜਾਬ ਦੀ ਪਿੱਠ ‘ਚ ਛੁਰਾ ਮਾਰਿਆ ਹੀ ਹੈ ਪਰ ਵੱਡਾ ਸਵਾਲ ਨਾਲ ਹੀ ਚੌਂਕੀਦਾਰਾਂ ‘ਤੇ ਬਣਦਾ ਕਿ ਇਹ ਕਿਓਂ ਚੁੱਪ ਰਹੇ।
ਸੁਖਬੀਰ ਬਾਦਲ ਤੇ ਹੁਣ ਇਸਤੋਂ ਬਾਗੀ ਹੋਏ ਸਾਰੇ ਅਕਾਲੀ, ਵਿੱਚੇ ਐਸਜੀਪੀਸੀ, ਇਨ੍ਹਾਂ ਨੇ ਰੌਲਾ ਕਿਓਂ ਨੀ ਪਾਇਆ? ਇਨ੍ਹਾਂ ਇਹ ਮੁੱਦਾ ਕਿਓਂ ਨੀ ਚੁੱਕਿਆ?
ਇੱਕ ਪਾਸੇ ਹੁਣ ਇਹ ਅਕਾਲ ਤਖਤ ਤੋਂ ਮਾਫੀਆਂ ਮੰਗ ਰਹੇ ਹਨ, ਸੌਦਾ ਸਾਧ ਨੂੰ ਬਰੀ ਕਰਨ ਦੇ ਮਾਮਲੇ ‘ਚ 90 ਲੱਖ ਦੇ ਇਸ਼ਤਿਹਾਰ ਦੇਣ ਦੇ ਮਾਮਲੇ ‘ਚ ਅਕਾਲ ਤਖਤ ਅੱਗੇ ਇੱਕ ਧਿਰ ਸ਼ਿਕਾਇਤਾਂ ਕਰ ਰਹੀ ਤੇ ਦੂਜੀ ਪੇਸ਼ ਹੋਣ ਜਾ ਰਹੀ ਹੈ ਪਰ ਏਸ ਮਸਲੇ ‘ਤੇ ਘੁੱਗੂ-ਬਾਟੇ ਬਣੇ ਹੋਏ ਹਨ, ਜਿਵੇਂ ਕੁਝ ਪਤਾ ਪਤਾ ਹੀ ਨਾ ਹੋਵੇ।
ਫੂਲਕਾ ਸਾਹਿਬ ਪਿਛਲੇ ਕਈ ਮਹੀਨਾਂ ਤੋਂ ਬੋਲ ਰਹੇ ਹਨ ਕਿ ਦੋਸ਼ੀ ਛੁੱਟ ਰਹੇ ਆ, ਕੇਸ ਬਦਲੀ ਕਰਵਾ ਰਹੇ ਆ, ਪਰ ਮਜ਼ਾਲ ਆ ਕਿ ਇਹ ਕੁਸਕੇ ਵੀ ਹੋਣ।
ਇਹਦੇ ਤੋਂ ਇਹ ਸਿੱਧ ਹੁੰਦਾ ਕਿ ਵਿੱਚੇ ਸੁਖਬੀਰ ਤੇ ਓਹਦੇ ਨਾਲਦੇ ਤੇ ਵਿੱਚੇ ਸੁਖਬੀਰ ਦੇ ਵਿਰੋਧੀ ਹਾਲੇ ਵੀ ਸਿਰਫ ਕੁਰਸੀ ਦੀ ਭੁੱਖ ਪਿੱਛੇ ਲੜ ਰਹੇ ਹਨ, ਸੋਚ ਵਿੱਚ ਨਾ ਕੋਈ ਬਦਲਾਅ ਆਇਆ ਤੇ ਨਾ ਕੋਈ ਮਨੋਂ ਪਛਤਾਵਾ ਹੈ।
ਬੇਅਦਬੀਆਂ ਬਾਰੇ ਇਹ ਸਾਰੇ ਪਹਿਲਾਂ ਵੀ ਚੁੱਪ ਰਹੇ ਤੇ ਹੁਣ ਜਦੋਂ ਭਗਵੰਤ ਮਾਨ ਸਰਕਾਰ ਕੇਸ ਢਿੱਲੇ ਕਰਕੇ ਫੜੇ ਹੋਏ ਡੇਰਾ ਪ੍ਰੇਮੀ ਵੀ ਛੁਡਵਾ ਰਹੀ ਹੈ ਤੇ ਅੱਗੇ ਤੋਂ ਜਾਂਚ ਪ੍ਰਭਾਵਿਤ ਕਰ ਰਹੀ ਹੈ ਤਾਂ ਇਹ ਪਹਿਲਾਂ ਵਾਂਗ ਹੀ ਚੁੱਪ ਹਨ।
ਇਹ ਚਾਹੁੰਦੇ ਤਾਂ ਹਨ ਕਿ ਲੋਕ ਭਗਵੰਤ ਮਾਨ ਤੋਂ ਦੁਖੀ ਹੋ ਕੇ ਇਨ੍ਹਾਂ ਦੇ ਮਗਰ ਲੱਗ ਜਾਣ ਪਰ ਇਨ੍ਹਾਂ ਦੇ ਮਨ ਵਿਚਲੀ ਖੋਟ ਹਾਲੇ ਵੀ ਬਰਕਰਾਰ ਹੈ, ਇਹ ਮਾਫੀਆਂ ਇਹ ਪਛਤਾਵੇ ਸਿਰਫ ਲੋਕਾਂ ਨੂੰ ਉੱਲੂ ਬਣਾਉਣ ਲਈ ਹਨ ਜਦਕਿ ਮਨ ‘ਚ ਰੱਤੀ ਭਰ ਵੀ ਅਫਸੋਸ ਹੈਨੀ, ਬੇਅਦਬੀਆਂ ਦਾ।
ਬੇਅਦਬੀਆਂ ਦਾ ਅਫਸੋਸ ਹੁੰਦਾ ਤਾਂ ਇਹ ਰੌਲਾ ਪਾਉਂਦੇ ਕਿ ਭਗਵੰਤ ਮਾਨ ਫੜੇ ਹੋਏ ਦੋਸ਼ੀ ਛੱਡ ਰਿਹਾ ਤੇ ਅੱਗੇ ਫੜ ਹੋਣ ਵਾਲਿਆਂ ਨੂੰ ਬਚਾਅ ਰਿਹਾ, ਹੇਠਲੀ ਉੱਤੇ ਲਿਆ ਦਿੰਦੇ, ਇੰਨਾ ਵੱਡਾ ਮਸਲਾ ਸੀ ਇਨ੍ਹਾਂ ਹੱਥ। ਪਰ ਕੋਈ ਨੀ ਕੁਸਕਦਾ ਨਾ ਸੁਖਬੀਰ, ਨਾ ਇਹਦੇ ਨਾਲਦੇ, ਨਾ ਇਹਦੇ ਤੋਂ ਬਾਗੀ ਹੋਇਓ ਤੇ ਨਾ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ।
ਫੇਰ ਪੁੱਛਦੇ ਫਿਰਦੇ ਕਿ ਸਿੱਖ ਸਾਨੂੰ ਮਾੜਾ ਕਿਓਂ ਬੋਲਦੇ, ਅਕਾਲੀ ਦਲ ਨੂੰ ਵੋਟਾਂ ਕਿਓਂ ਨਹੀਂ ਪਾਉਂਦੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਵਾਇਆ Sukhdev Singh & IP Singh
ਬੁਰਜ ਜਵਾਹਰ ਸਿੰਘ ਵਾਲੇ ਪਿੰਡ ਤੋੰ ਚੋਰੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਾਲੇ 2015 ਦੇ ਬੇਅਦਬੀ ਕਾਂਢ ਦੀ ਪੜਤਾਲ ਟੀਮ ਦੇ ਸਾਬਕਾ ਮੁਖੀ ਰਣਬੀਰ ਸਿੰਘ ਖਟੜਾ ਪਰਸੋੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲੇ। ਖਟੜਾ ਪੰਜਾਬ ਪੁਲਿਸ ਆਈ.ਜੀ.ਦੇ ਅਹੁਦੇ ਤੋੰ ਪਿਛੇ ਜਿਹੇ ਸੇਵਾ ਮੁਕਤ ਹੋਏ ਹਨ।
ਇਕ ਸਾਧਾਰਨ ਸਿੱਖ ਦੀ ਹੈਸੀਅਤ ਵਿਚ ਗਿਆਨੀ ਜੀ ਨੂੰ ਮਿਲ ਕੇ ਇਸ ਸਾਬਕਾ ਅਫਸਰ ਨੇ ਬੇਅਦਬੀ ਨਾਲ ਜੁੜੇ ਉਸ ਵੇਲੇ ਦੀ ਬਾਦਲ ਸਰਕਾਰ (ਅਤੇ ਉਹਨਾਂ ਦੇ ਕਾਂਗਰਸੀ ਅਤੇ ਆਪ ਉਤਰ-ਅਧਿਕਾਰੀਆਂ) ਦੇ ਵਤੀਰੇ ਬਾਰੇ ਜਥੇਦਾਰ ਜੀ ਨੂੰ ਵਿਸਤਰਤ ਜਾਣਕਾਰੀ ਦਿਤੀ।
ਇਸ ਮੁਲਾਕਾਤ ਦਾ ਵਿਸਥਾਰ ਅੱਜ ‘ਟਾਈਮਜ਼ ਆਫ ਇੰਡੀਆ’ ਨੇ ਛਾਪਿਆ ਹੈ।
ਜਾਣਕਾਰੀ ਕਾਹਦੀ ਦਿਤੀ ਖਟੜਾ ਨੇ ਪੰਥ ਦੀ ਮੋਹਰ ਹੇਠ ਵਿਚਰੀ ਬਾਦਲ ਸਰਕਾਰ ਅਤੇ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਦੇ ਪਰਬੰਧਕਾਂ ਦੀਆਂ ਨਿੱਕਰਾਂ ਤਕ ਉਤਾਰ ਕੇ ਰਖ ਦਿੱਤੀਆਂ। ਬਿਨਾਂ ਸ਼ੱਕ ਇਸ ਅਫਸਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਨਾ ਸਿਰਫ ਬਾਦਲਾਂ ਨੂੰ ਬਲਕਿ ਕੈਪਟਨ ਅਤੇ ਮਾਨ ਸਰਕਾਰਾਂ ਨੂੰ ਵੀ ਨੰਗਾ ਕਰ ਕੇ ਰਖ ਦਿਤਾ ਹੈ।
ਬੁਰਜ ਵਾਲੀ ਘਟਣਾ 1 ਜੂਨ 2015 ਨੂੰ ਵਾਪਰਦੀ ਹੈ, ਸਿੱਖਾਂ ਨੂੰ ਗਾਲ੍ਹਾਂ ਦੇਣ ਅਤੇ ਵੰਗਾਰਨ ਵਾਲੇ ਇਸ਼ਤਿਹਾਰ 25 ਸਤੰਬਰ ਨੂੰ ਲੱਗੇ ਵੇਖੇ ਗਏ, ਬੀੜ ਦੇ ਕਈ ਪਾੜੇ ਹੋਏ ਪੱਤਰੇ ਬਰਗਾੜੀ ਦੀਆਂ ਗਲੀਆਂ ਵਿਚ 12 ਅਕਤੂਬਰ ਨੂੰ ਰੁਲਦੇ ਪਾਏ ਗਏ।
ਅਕਾਲੀ ਦਲ, ਪੰਥਕ ਸਰਕਾਰ ਅਤੇ ਐਸਜੀਪੀਸੀ ਨੇ ਇਹਨਾਂ ਮੰਦਭਾਗੀਆਂ ਘਟਨਾਵਾਂ ਬਾਰੇ ਕੋਈ ਬਿਆਨ ਜਾਰੀ ਨਾ ਕੀਤਾ। ਪੜਤਾਲ ਵਿਚ ਬੇਲੋੜੀ ਦੇਰ ਹੁੰਦੀ ਗਈ ਅਤੇ ਅੰਤ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਪੜਤਾਲ ਰੋਕ ਦਿਤੀ।
ਪਰ ਸਬੰਧਤ ਸਰਕਾਰ ਨੇ ਇਸ ਰੋਕ ਵਾਲੇ ਹੁਕਮ ਨੂੰ ਨਾ ਡਬਲ ਬੈੰਚ ਕੋਲ ਅਤੇ ਨਾ ਹੀ ਸੁਪਰੀਮ ਕੋਰਟ ਵਿਚ ਨਿਰਧਾਰਤ ਸਮੇੰ ਅੰਦਰ ਵੰਗਾਰਿਆ। ਇੰਝ ਇਸ ਮਾਮਲੇ ਦੇ ਮੁਕੱਦਮੇ ਦੇ ਹੇਠਲੀ ਅਦਾਲਤ ਵਿਚ ਸ਼ੁਰੂ ਹੋਣ ਤੇ ਕਈ ਸਾਲ ਲਗ ਗਏ।
ਪੜਤਾਲ ਦੌਰਾਨ ਇਹ ਭੇਦ ਵੀ ਖੁੱਲ੍ਹਿਆ ਕਿ ਬੇਅਦਬੀ ਕਾਂਢ ਵਿਚ ਤਾਂ ਖੁਦ ਸਿਰਸਾ ਡੇਰਾ ਮੁਖੀ ਅਤੇ ਉਸਦੀ ਸਹਾਇਕ ਹਨੀਪ੍ਰੀਤ ਦਾ ਨਾਂ ਬੋਲਦਾ ਸੀ ਪਰ ਸਬੰਧਤ ਸਰਕਾਰ ਨੇ ਡੇਰਾ ਮੁਖੀ ਨੂੰ ਸ਼ੱਕੀ ਸਾਜ਼ਸ਼ੀਆਂ ਵਿਚ ਸ਼ਾਮਲ ਕਰਨ ਦੀ ਆਗਿਆ ਨਾ ਦਿੱਤੀ।
ਬੀੜ ਦੀ ਚੋਰੀ ਦੀ ਸ਼ਕਾਇਤ ਕਰਤਾ ਆਪ ਐਸਜੀਪੀਸੀ ਨਹੀੰ ਬਣੀ ਸਗੋੰ ਇਹ ਕੰਮ ਉਸ ਨੇ ਇਕ ਮੁਲਾਜ਼ਮ ਦੇ ਹਵਾਲੇ ਕਰ ਦਿਤਾ।
ਪਿਛੇ ਜਿਹੇ ਜਦ ਹਾਈ ਕੋਰਟ ਨੇ ਬੇਅਦਬੀ ਕੇਸ ਸੀਬੀਆਈ ਤੋੰ ਵਾਪਸ ਪੰਜਾਬ ਹਵਾਲੇ ਕਰਨ ਦੀ ਪਰਵਾਨਗੀ ਦਿਤੀ ਤਾਂ ਸੀਬੀਆਈ ਨੇ ਕੇਸ ਬੰਦ ਕਰ ਦੇਣ ਦੀ ਦਰਖਾਸਤ ਦੇ ਦਿਤੀ।
ਪੰਜਾਬ ਪੁਲਿਸ ਕੇਸ ਬੰਦ ਕਰਨ ਦਾ ਵਿਰੋਧ ਕਰ ਰਹੀ ਸੀ ਪਰ ਐਸਜੀਪੀਸੀ ਨੇ ਹਲਫੀਆ ਬਿਆਨ ਰਾਹੀੰ ਕੇਸ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਸਪੁਰਦ ਕਰਨ ਦਾ ਵਿਰੋਧ ਕੀਤਾ।
ਸ਼ਰੋਮਣੀ ਕਮੇਟੀ ਕੇਸ ਬਦਲੀ ਦਾ ਵਿਰੋਧ ਕਰਦਿਆਂ ਇਕ ਢੰਗ ਨਾਲ ਸੀਬੀਆਈ ਦੀ ਕੇਸ ਨੂੰ ਮੂਲੋਂ ਹੀ ਖਤਮ ਕਰਨ ਦੀ ਦਰਖਾਸਤ ਦੀ ਹਮਾਇਤ ਕਰ ਰਹੀ ਸੀ।