Ludhiana ‘ਚ 3 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਤੀ ਨੇ ਸਹੁਰੇ ਪਰਿਵਾਰ ‘ਤੇ ਲਾਏ ਗੰਭੀਰ ਦੋਸ਼
Pregnant Woman Death : ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀ ਸਰਪੰਚ ਕਾਲੋਨੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 3 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਔਰਤ ਦੇ ਪਤੀ ਨੇ ਆਪਣੇ ਸਹੁਰੇ ਪਰਿਵਾਰ ‘ਤੇ ਕਤਲ ਕਰਨ ਅਤੇ ਸਬੂਤ ਮਿਟਾਉਣ ਲਈ ਜਲਦਬਾਜ਼ੀ ਵਿੱਚ ਅੰਤਿਮ ਸਸਕਾਰ ਕਰਨ ਦੇ ਆਰੋਪ ਲਾਏ ਹਨ। ਉੱਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ ਦੇ ਰਹਿਣ ਵਾਲੇ ਪ੍ਰਦਿਊਮਨ (ਕਰਨ) ਨੇ ਦੱਸਿਆ ਕਿ ਉਹ ਪੇਸ਼ੇ ਤੋਂ ਫੋਟੋਗ੍ਰਾਫਰ ਹੈ। ਉਸ ਦੀ ਪਤਨੀ ਨਾਲ 8 ਸਾਲ ਪਹਿਲਾਂ ਫੇਸਬੁੱਕ ਰਾਹੀਂ ਦੋਸਤੀ ਹੋਈ ਸੀ। ਦੋਵਾਂ ਨੇ ਕਰੀਬ ਡੇਢ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਪਤੀ ਦਾ ਆਰੋਪ ਹੈ ਕਿ ਲੜਕੀ ਦੇ ਮਾਪੇ ਅਤੇ ਵੱਡੀ ਭੈਣ ਇਸ ਵਿਆਹ ਤੋਂ ਖੁਸ਼ ਨਹੀਂ ਸਨ ਅਤੇ ਵਿਆਹ ਤੋਂ ਪਹਿਲਾਂ ਵੀ ਉਸ ਨੂੰ ਤੰਗ ਕਰਦੇ ਸਨ। ਵਿਆਹ ਤੋਂ ਬਾਅਦ ਦੋਵੇਂ ਜਲੰਧਰ ਵਿੱਚ ਰਹਿ ਰਹੇ ਸਨ। ਇਸ ਦੌਰਾਨ ਉਸ ਦੀ ਪਤਨੀ 3 ਮਹੀਨੇ ਦੀ ਗਰਭਵਤੀ ਸੀ।

17 ਸਤੰਬਰ ਨੂੰ ਪੇਕੇ ਛੱਡ ਕੇ ਆਇਆ ਸੀ ਪਤੀ
ਪ੍ਰਦਿਊਮਨ ਮੁਤਾਬਕ ਉਹ 17 ਸਤੰਬਰ ਨੂੰ ਆਪਣੀ ਪਤਨੀ ਨੂੰ 2-3 ਦਿਨਾਂ ਲਈ ਉਸ ਦੇ ਪੇਕੇ ਲੁਧਿਆਣਾ ਛੱਡ ਕੇ ਆਇਆ ਸੀ। ਜਦੋਂ ਉਹ 6 ਅਕਤੂਬਰ ਨੂੰ ਉਸ ਨੂੰ ਵਾਪਸ ਲੈਣ ਪਹੁੰਚਿਆ ਤਾਂ ਸਹੁਰੇ ਪਰਿਵਾਰ ਨੇ ਉਸ ਨੂੰ ਪਤਨੀ ਨਾਲ ਮਿਲਣ ਨਹੀਂ ਦਿੱਤਾ। 12 ਅਕਤੂਬਰ ਨੂੰ ਉਸ ਨੇ ਆਪਣੀ ਭੈਣ ਨੂੰ ਵੀ ਪਤਨੀ ਨੂੰ ਲੈਣ ਲਈ ਭੇਜਿਆ ਪਰ ਉਸ ਨੂੰ ਵੀ ਖਾਲੀ ਹੱਥ ਵਾਪਸ ਆਉਣਾ ਪਿਆ।
18 ਅਕਤੂਬਰ ਨੂੰ ਹੋਈ ਸੀ ਆਖਰੀ ਗੱਲਬਾਤ, 24 ਨੂੰ ਮਿਲੀ ਮੌਤ ਦੀ ਖ਼ਬਰ
ਪਤੀ ਦਾ ਕਹਿਣਾ ਹੈ ਕਿ 18 ਅਕਤੂਬਰ ਦੀ ਰਾਤ ਉਸ ਦੀ ਪਤਨੀ ਨਾਲ ਫੋਨ ‘ਤੇ ਗੱਲ ਹੋਈ ਸੀ। ਉਸ ਸਮੇਂ ਪਤਨੀ ਨੇ ਕਿਹਾ ਸੀ ਕਿ ਉਹ ਵਾਪਸ ਆ ਜਾਵੇਗੀ। ਇਸ ਤੋਂ ਬਾਅਦ ਦੋਵਾਂ ਦਾ ਸੰਪਰਕ ਟੁੱਟ ਗਿਆ। 24 ਅਕਤੂਬਰ ਦੀ ਸਵੇਰ ਉਸ ਨੂੰ ਫੋਨ ਆਇਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ।

ਪਤੀ ਦੇ ਪਹੁੰਚਣ ਤੋਂ ਪਹਿਲਾਂ ਹੀ ਕਰ ਦਿੱਤਾ ਅੰਤਿਮ ਸਸਕਾਰ
ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਤੀ ਤੁਰੰਤ ਜਲੰਧਰ ਤੋਂ ਲੁਧਿਆਣਾ ਲਈ ਰਵਾਨਾ ਹੋਇਆ, ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਹੁਰੇ ਪਰਿਵਾਰ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ 24 ਅਕਤੂਬਰ ਦੀ ਰਾਤ ਜਮਾਲਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪਤੀ ਅਤੇ ਉਸ ਦੇ ਪਰਿਵਾਰ ਨੇ ਮਾਮਲੇ ਵਿੱਚ ਮਾਂ ਅਤੇ ਕੁੱਖ ਵਿੱਚ ਪਲ ਰਹੇ ਬੱਚੇ ਦੀ ਮੌਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਪੁਲਿਸ ਮੁਤਾਬਕ ਬਿਮਾਰ ਸੀ ਔਰਤ, ਮੈਡੀਕਲ ਰਿਪੋਰਟਾਂ ਦੀ ਜਾਂਚ ਜਾਰੀ
ਜਮਾਲਪੁਰ ਪੁਲਿਸ ਦੇ ASI ਸਾਹਿਬ ਸਿੰਘ ਮੁਤਾਬਕ 24-25 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਔਰਤ ਬਿਮਾਰ ਰਹਿੰਦੀ ਸੀ। 22 ਅਕਤੂਬਰ ਦੀ ਰਾਜਾ ਨਰਸਿੰਗ ਹੋਮ ਦੀ ਰਿਪੋਰਟ ਮੁਤਾਬਕ ਉਸ ਦੇ ਸਰੀਰ ਵਿੱਚ ਖੂਨ ਅਤੇ ਪਲੇਟਲੈਟਸ ਦੀ ਮਾਤਰਾ ਕਾਫੀ ਘੱਟ ਸੀ।
ਪੁਲਿਸ ਮੁਤਾਬਕ 24 ਅਕਤੂਬਰ ਨੂੰ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਹੁਣ ਪੁਲਿਸ ਵੱਲੋਂ ਹਸਪਤਾਲ ਦੇ CCTV ਕੈਮਰਿਆਂ ਅਤੇ ਮੈਡੀਕਲ ਰਿਪੋਰਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ FIR ਦਰਜ ਕਰਨ ਅਤੇ ਅਗਲੀ ਕਾਨੂੰਨੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ।