Breaking News

ਬਰਤਾਨੀਆ – ਗੁਰਦੁਆਰਾ ਸਾਹਿਬ ਤੇ ਹਮਲੇ ਬਾਰੇ ਪੁਲਿਸ ਦਾ ਬਿਆਨ

Gravesend Sikh Gurdwara stabbing: ਲੰਡਨ, 16 ਜੁਲਾਈ

ਸਥਾਨਕ ਪੁਲੀਸ ਦੱਖਣ-ਪੂਰਬੀ ਇੰਗਲੈਂਡ ਦੇ ਕੈਂਟ ਵਿਚਲੇ ਇੱਕ ਗੁਰਦੁਆਰੇ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲੇ ਨੂੰ ‘ਧਾਰਮਿਕ ਤੌਰ ’ਤੇ ਭੜਕਾਊ’ ਘਟਨਾ ਮੰਨ ਕੇ ਜਾਂਚ ਕਰ ਰਹੀ ਹੈ।

ਪੁਲੀਸ ਨੇ ਇਸ ਹਮਲੇ ਸਬੰਧੀ 17 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ’ਤੇ ਜਾਨੋਂ ਮਾਰਨ ਦੀ ਧਮਕੀ ਸਮੇਤ ਕਈ ਦੋਸ਼ ਲਗਾਏ ਗਏ ਹਨ।

ਕੈਂਟ ਪੁਲੀਸ ਨੇ ਕਿਹਾ ਕਿ ਮੁਲਜ਼ਮ ਨੂੰ ਮੇਡਸਟੋਨ ਕਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ’ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਯਤਨ ਦੇ ਨਾਲ ਹਮਲਾ ਕਰਨ,

ਗ਼ੈਰਕਾਨੂੰਨੀ ਹਿੰਸਾ ਦੀ ਵਰਤੋਂ ਕਰਨ ਜਾਂ ਧਮਕੀ ਦੇਣ, ਜਾਨੋਂ ਮਾਰਨ ਦੀ ਧਮਕੀ ਦੇਣ,

ਤੇਜ਼ਧਾਰ ਹਥਿਆਰ ਨਾਲ ਕਿਸੇ ਵਿਅਕਤੀ ਨੂੰ ਧਮਕਾਉਣ ਅਤੇ ਜਨਤਕ ਥਾਂ ’ਤੇ ਤੇਜ਼ਧਾਰ ਵਸਤੂ ਰੱਖਣ ਦਾ ਦੋਸ਼ ਲਾਇਆ ਗਿਆ ਹੈ।

ਗ੍ਰੈਵਸੈਂਡ ਵਿਖੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ ਵੀਰਵਾਰ ਨੂੰ ਵਾਪਰੀ ਇਸ ਘਟਨਾ ਦੇ ਮਾਮਲੇ ਵਿੱਚ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ

‘ਮਾਨਸਿਕ ਸਿਹਤ’ ਦੀ ਜਾਂਚ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਤੁਰੰਤ ਹਿਰਾਸਤ ਵਿੱਚ ਲਿਆ ਗਿਆ ਸੀ।

ਮਾਨਸਿਕ ਸਿਹਤ ਦੀ ਜਾਂਚ ਮਗਰੋਂ ਉਸ ਨੂੰ ਮੈਡਵੇਅ ਯੂਥ ਕੋਰਟ ਵਿੱਚ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ।

ਕੈਂਟ ਪੁਲੀਸ ਦੇ ਨਾਰਥ ਕੈਂਟ ਡਿਵੀਜ਼ਨਲ ਕਮਾਂਡਰ ਚੀਫ ਸੁਪਰਡੈਂਟ ਐਂਜੀ ਚੈਪਮੇਨ ਨੇ ਕਿਹਾ,

‘‘ਇਹ ਇੱਕ ਨਿਵੇਕਲੀ ਘਟਨਾ ਸੀ ਤੇ ਸਾਡੀ ਜਾਂਚ ਮੁਤਾਬਕ ਇਸ ਦਾ ਅਤਿਵਾਦ ਨਾਲ ਕੋਈ ਸਬੰਧ ਨਹੀਂ ਸੀ।’’

ਉਨ੍ਹਾਂ ਕਿਹਾ, ‘‘ਅਸੀਂ ਇਸ ਨੂੰ ਧਾਰਮਿਕ ਤੌਰ ’ਤੇ ਭੜਕਾਉਣ ਵਾਲਾ ਮਾਮਲਾ ਮੰਨ ਰਹੇ ਹਾਂ।

ਇਹ ਸਥਾਨਕ ਲੋਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਘਟਨਾ ਸੀ ਤੇ ਸਾਡੇ ਅਧਿਕਾਰੀ ਭਾਈਚਾਰੇ ਨਾਲ ਰਾਬਤਾ ਬਣਾ ਕੇ ਰੱਖਣਗੇ ਅਤੇ ਖੇਤਰ ਵਿੱਚ ਗਸ਼ਤ ਕਰਦੇ ਰਹਿਣਗੇ।

ਮੈਂ ਸਥਾਨਕ ਭਾਈਚਾਰੇ ਨੂੰ ਉਨ੍ਹਾਂ ਦੇ ਲਗਾਤਾਰ ਸਹਿਯੋਗ ਅਤੇ ਸਹਾਇਤਾ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ, ਜਦਕਿ ਇਹ ਜਾਂਚ ਜਾਰੀ ਹੈ।’