Mumbai – ਮਸ਼ਹੂਰ ਅਦਾਕਾਰ ਕੁੜੀ ਦਾ ਪਿੱਛਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ
ਮਸ਼ਹੂਰ ਅਦਾਕਾਰ ਰੋਹਿਤ ਚੰਦੇਲ 16 ਸਾਲ ਦੀ ਕੁੜੀ ਦਾ ਪਿੱਛਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ
ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, ‘ਪੰਡਯਾ ਸਟੋਰ’ ਨਾਲ ਘਰ-ਘਰ ‘ਚ ਹੋਇਆ ਸੀ ਮਸ਼ਹੂਰ
ਟੀਵੀ ਸੀਰੀਅਲ ‘ਪੰਡਯਾ ਸਟੋਰ’ ਵਿਚ ਧਵਲ ਮਕਵਾਨਾ ਦੀ ਭੂਮਿਕਾ ਨਾਲ ਘਰ-ਘਰ ਵਿਚ ਮਸ਼ਹੂਰ ਹੋਏ ਅਦਾਕਾਰ ਰੋਹਿਤ ਚੰਦੇਲ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਰੋਹਿਤ ‘ਤੇ ਇਕ 16 ਸਾਲਾ ਕੁੜੀ ਦਾ ਪਿੱਛਾ ਕਰਨ, ਵਾਰ-ਵਾਰ ਫੋਨ ਕਰਨ, ਪਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦਾ ਦੋਸ਼ ਹੈ।

ਮੀਡੀਆ ਰਿਪੋਰਟਾਂ ਮੁਤਾਬਕ 29 ਸਾਲਾ ਅਦਾਕਾਰ ਵਿਰੁੱਧ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਸੁਰੱਖਿਆ (POCSO) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰੋਹਿਤ ਇਸ ਸਮੇਂ ਨਵੇਂ ਸੀਰੀਅਰ ‘ਸੈਰਾਬ’ ਵਿਚ ਨਜ਼ਰ ਆ ਰਿਹਾ ਹੈ।
POCSO ਐਕਟ ਤੋਂ ਇਲਾਵਾ, ਪੰਤ ਨਗਰ ਪੁਲਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 78 ਅਤੇ 115(2) ਵੀ ਲਾਗੂ ਕੀਤੀਆਂ ਹਨ, ਜੋ ਪਿੱਛਾ ਕਰਨ ਅਤੇ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਅਪਰਾਧਾਂ ਨਾਲ ਸਬੰਧਤ ਹਨ।

ਖਬਰਾਂ ਮੁਤਾਬਕ ਰੋਹਿਤ ਨੂੰ ਸ਼ੁੱਕਰਵਾਰ ਨੂੰ ਦਹਿਸਰ ਸਥਿਤ ਉਸਦੇ ਘਰੋਂ ਹਿਰਾਸਤ ਵਿੱਚ ਲਿਆ ਗਿਆ। ਬਾਅਦ ਵਿਚ ਉਸਨੂੰ ਇਕ ਵਿਸ਼ੇਸ਼ POCSO ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅੱਗੇ ਦੀ ਜਾਂਚ ਲਈ ਉਸਨੂੰ ਪੁਲਸ ਕਸਟਡੀ ਵਿਚ ਭੇਜ ਦਿੱਤਾ ਗਿਆ।
ਪੂਰਬੀ ਉਪਨਗਰ ਦੇ ਇੱਕ ਨਿਵਾਸੀ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਦੇ ਅਨੁਸਾਰ, ਅਦਾਕਾਰ ਵੱਲੋਂ ਕਥਿਤ ਤੌਰ ‘ਤੇ ਆਪਣੇ ਨਿੱਜੀ ਨੰਬਰ ਅਤੇ ਕਈ ਹੋਰ ਮੋਬਾਈਲ ਨੰਬਰਾਂ ਦੀ ਵਰਤੋਂ ਕਰਕੇ ਨਾਬਾਲਗ ਨੂੰ ਵਾਰ-ਵਾਰ ਫ਼ੋਨ ਕਰਕੇ ਪਰੇਸ਼ਾਨ ਕੀਤਾ ਗਿਆ।
ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ 5 ਜੁਲਾਈ ਨੂੰ ਰੋਹਿਤ ਨੇ ਕੁੜੀ ਨੂੰ ਉਸਦੇ ਘਰ ਦੇ ਨੇੜੇ ਰੋਕਿਆ ਸੀ। ਅਦਾਕਾਰ ‘ਤੇ ਉਸਦਾ ਪਿੱਛਾ ਕਰਨ, ਉਸ ਨਾਲ ਬਹਿਸ ਕਰਨ, ਉਸ ਨਾਲ ਦੁਰਵਿਵਹਾਰ ਕਰਨ ਅਤੇ ਸਰੀਰਕ ਤੌਰ ‘ਤੇ ਹਮਲਾ ਕਰਨ ਦਾ ਵੀ ਦੋਸ਼ ਹੈ।

ਪੁਲਸ ਅਧਿਕਾਰੀਆਂ ਮੁਤਾਬਕ ਦੋਸ਼ੀ ਅਤੇ ਨਾਬਾਲਗ ਇੱਕ-ਦੂਜੇ ਨੂੰ ਜਾਣਦੇ ਸਨ। ਮਾਮਲੇ ਬਾਰੇ ਬੋਲਦੇ ਹੋਏ, ਇੱਕ ਪੁਲਸ ਅਧਿਕਾਰੀ ਨੇ ਕਿਹਾ, “ਸ਼ਿਕਾਇਤ ਤੋਂ ਬਾਅਦ, ਇੱਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ।” ਉਥੇ ਹੀ ਰੋਹਿਤ ਨੇ ਹੁਣ ਤੱਕ ਕੋਈ ਜਨਤਕ ਬਿਆਨ ਜਾਰੀ ਨਹੀਂ ਕੀਤਾ ਹੈ ਜਾਂ ਦੋਸ਼ਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।