Breaking News

Uttarakhand clash: ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ; ਚਾਰ ਨਿਹੰਗ ਗ੍ਰਿਫ਼ਤਾਰ

Uttarakhand clash: ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ; ਚਾਰ ਨਿਹੰਗ ਗ੍ਰਿਫ਼ਤਾਰ

Uttarakhand clash: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਅਧੀਨ ਪੈਂਦੇ ਕਰਨਪ੍ਰਯਾਗ ਬਜ਼ਾਰ ਵਿੱਚ ਗੱਡੀ ਪਾਰਕਿੰਗ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਸਥਾਨਕ ਲੋਕਾਂ ’ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਚਮੋਲੀ ਪੁਲੀਸ ਨੇ ਪੰਜਾਬ ਦੇ ਮੁਹਾਲੀ ਨਾਲ ਸਬੰਧਤ ਚਾਰ ਨਿਹੰਗ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਇਹ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤ ਰਹੇ ਸਨ। ਹਮਲੇ ਵਿੱਚ ਚਾਰ ਸਥਾਨਕ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਦੇਹਰਾਦੂਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਕਰਨਪ੍ਰਯਾਗ ਥਾਣੇ ਦੇ ਮੁਖੀ ਵਿਨੋਦ ਥਪਲਿਆਲ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਕ੍ਰਿਸ਼ਨਾ ਪੈਲੇਸ ਹੋਟਲ ਦੇ ਨੇੜੇ ਵਾਪਰੀ। ਸਥਾਨਕ ਨਿਵਾਸੀ ਗਜਪਾਲ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਚਾਰਾਂ ਮੁਲਜ਼ਮਾਂ- ਮੰਤਰੀ ਸਿੰਘ (21), ਜਸਨਪ੍ਰੀਤ ਸਿੰਘ (23), ਅਜੇ ਸਿੰਘ (23) ਅਤੇ ਸਤਵਿੰਦਰ ਸਿੰਘ (21), ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜੋ ਸਾਰੇ ਮੁਹਾਲੀ (ਪੰਜਾਬ) ਦੇ ਰਹਿਣ ਵਾਲੇ ਹਨ।

ਚਮੋਲੀ ਦੇ ਐੱਸ.ਪੀ. ਸੁਰਜੀਤ ਸਿੰਘ ਪੰਵਾਰ ਨੇ ਦੱਸਿਆ, “ਅਸੀਂ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 281, 125, 109, 352 ਅਤੇ 351(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਵਿਵਸਥਾ ਨੂੰ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਤਾਇਨਾਤ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ।

‘ਸ਼ਸਤਰ ਧਰਮ ਦੀ ਰੱਖਿਆ ਲਈ ਹਨ, ਦੁਰਵਰਤੋਂ ਲਈ ਨਹੀਂ’ – ਹੇਮਕੁੰਟ ਸਾਹਿਬ ਟਰੱਸਟ
ਇਸ ਮੰਦਭਾਗੀ ਘਟਨਾ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਗੋਬਿੰਦਘਾਟ ਦੇ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਸੰਗਤਾਂ ਨੂੰ ਅਮਨ-ਕਾਨੂੰਨ, ਅਨੁਸ਼ਾਸਨ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਟਰੱਸਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, “ਸਿੱਖ ਧਰਮ ਵਿੱਚ ਸ਼ਸਤਰ ਧਰਮ ਅਤੇ ਮਜ਼ਲੂਮ ਦੀ ਰੱਖਿਆ ਲਈ ਹਨ, ਨਾ ਕਿ ਇਨ੍ਹਾਂ ਦੀ ਨਾਜਾਇਜ਼ ਵਰਤੋਂ ਕਰਨ ਲਈ। ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂ ਅਜਿਹੇ ਕਦਮਾਂ ਤੋਂ ਗੁਰੇਜ਼ ਕਰਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਯਾਤਰੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਨਾਲ ਗ਼ੈਰ-ਜ਼ਰੂਰੀ ਹਥਿਆਰ ਨਾ ਲੈ ਕੇ ਆਉਣ ਅਤੇ ਖ਼ਾਸ ਕਰਕੇ ਬੱਚਿਆਂ ਨੂੰ ਅਜਿਹੇ ਹਥਿਆਰਾਂ ਤੋਂ ਦੂਰ ਰੱਖਿਆ ਜਾਵੇ।” ਟਰੱਸਟ ਨੇ ਕਿਹਾ ਕਿ ਜੇਕਰ ਕੋਈ ਵਿਵਾਦ ਹੁੰਦਾ ਹੈ, ਤਾਂ ਕਾਨੂੰਨ ਹੱਥ ਵਿੱਚ ਲੈਣ ਦੀ ਬਜਾਏ ਪ੍ਰਸ਼ਾਸਨ ਜਾਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ।

ਤਸਵੀਰ ਦਾ ਦੂਜਾ ਪੱਖ –

ਉੱਤਰਾਖੰਡ ਵਿਚ ਨਿਹੰਗ ਸਿੰਘਾਂ ਵਾਲੀ ਲੜਾਈ ਦਾ ਕਾਰਨ ਟਰੈਫਿਕ ਨੂੰ ਲੈਕੇ ਹੋਇਆ ਝਗੜਾ ਨਹੀਂ। ਇਹ ਝਗੜਾ ਬਹੁਗਿਣਤੀ ਦੀ ਮਾਨਸਿਕਤਾ ‘ਚੋਂ ਨਿਕਲਿਆ ਹੈ। ਇਹ ਝਗੜਾ ਹਿੰਦੂ ਰਾਸ਼ਟਰ ਦੀ ਧਾਰਨਾਂ ‘ਚੋਂ ਨਿਕਲਿਆ ਹੈ। ਜੋ ਧਾਰਨਾ ਅਸਲੀਅਤ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ।

 

 

ਵੀਡੀੳੇ ‘ਚ ਨਿਹੰਗਾਂ ਖ਼ਿਲਾਫ਼ ਵਰਤਣ ਲਈ ਪਹਾੜੀ ਹਥਿਆਰ ਇਕੱਠੇ ਕਰਦੇ ਸਾਫ ਦਿਖਾਈ ਦੇ ਰਹੇ ਹਨ। ਪਰ ਕਿਉਂਕਿ ਨਿਹੰਗਾਂ ‘ਤੇ ਹਮਲਾ ਪਾਕਿਸਤਾਨ ‘ਚ ਨਹੀਂ ਹੋਇਆ ਉਤਰਾਖੰਡ ‘ਚ ਹੋਇਆ ਹੈ, ਤਾਂ ਬਹੁਗਿਣਤੀ ਬਿਰਤੀ ਮਾਸੂਮ ਲੱਗ ਰਹੀ ਹੈ।

 

ਇਸ ਘਟਨਾ ਤੋਂ ਬਹੁਤ ਪਹਿਲਾਂ ਹੇਮਕੁੰਟ ਸਾਹਿਬ ਦੇ ਰਾਹ ‘ਚ ਬਣੇ ਇਕ ਲੰਗਰ ਘਰ ਵਿੱਚ ਸਥਾਨਕ ਲੋਕਾਂ ਨੇ ਅੱਗ ਲਾ ਦਿੱਤੀ, ਸਾਰੀਆਂ ਲੱਕੜਾ ਸਾੜ ਦਿੱਤੀਆਂ, ਹੋਰ ਸਮਾਨ ਸਾੜ ਦਿੱਤਾ।

 

ਇਕ ਹੋਰ ਵੀਡੀੳੇ ਆਈ ਕੇ ਲੰਗਰ ਵਾਸਤੇ ਕਿਰਾਏ ‘ਤੇ ਲਏ ਸਥਾਨ ਦੀ ਰਕਮ ਆਖ਼ਰੀ ਮੌਕੇ ਵਾਪਸ ਕਰ ਦਿੱਤੀ ਗਈ ਤਾਂ ਕੇ ਲੰਗਰ ਨਾ ਲੱਗ ਸਕੇ।
ਵਾਟਰ ਕੂਲਰਾਂ ਦੀਆਂ ਟੂਟੀਆਂ ਤੱਕ ਲਾਹ ਲਈਆਂ ਗਈਆਂ।

ਦੂਜੇ ਪਾਸੇ ਜੇ ਕਿਸੇ ਗਰੀਬ ਸਿੱਖ ਨੇ ਹੇਮਕੁੰਟ ਸਾਹਿਬ ਜਾਣਾ ਤਾਂ ਜੇਬ ‘ਚ ਭਾਵੇਂ ਇੱਕ ਰੁਪਈਆ ਨਾ ਹੋਵੇ, ਰਾਸਤੇ ‘ਚ ਲੰਗਰ ਪਾਣੀ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਸਿੱਖਾਂ ਦਾ। ਇਹੀ ਗੁਰੂ ਦਾ ਪ੍ਰਤਾਪ ਪਹਾੜੀਆਂ ਦੀਆਂ ਅੱਖਾਂ ‘ਚ ਰੜਕਦਾ।

ਪੁਲਿਸ ਨੇ ਹਮਲਾਵਰ ਪਹਾੜੀਆਂ ਦੀ ਸ਼ਕਾਇਤ ‘ਤੇ ਨਿਹੰਗਾਂ ਨੂੰ ਕੁੱਟਿਆ, ਪਰਚਾ ਦਰਜ ਕੀਤਾ। ਇਹ ਤਾਂ ਸਿੱਖਾਂ ਨਾਲ 1947 ਤੋਂ ਹੋ ਰਿਹਾ।

Check Also

Shri Kumar Medicos Chandigarh Murder Case: ਸਬ ਇੰਸਪੈਕਟਰ ਸਣੇ ਪੰਜ ਪੁਲੀਸ ਮੁਲਾਜ਼ਮ ਮੁਅੱਤਲ

Shri Kumar Medicos Chandigarh Murder Case: ਸਬ ਇੰਸਪੈਕਟਰ ਸਣੇ ਪੰਜ ਪੁਲੀਸ ਮੁਲਾਜ਼ਮ ਮੁਅੱਤਲ ਮੁਅੱਤਲ ਮੁਲਾਜ਼ਮਾਂ …