Ludhiana Missing Girls Case: ਕਰੀਬ ਇੱਕ ਮਹੀਨੇ ’ਚ ਲੁਧਿਆਣਾ ਤੋਂ ਗਾਇਬ ਹੋਈਆਂ 9 ਕੁੜੀਆਂ; ਮਹਿਲਾ ਕਮਿਸ਼ਨ ਸਖ਼ਤ
ਸੀਨੀਅਰ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾ ਕੇ 8 ਜੂਨ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ; ਚੇਅਰਪਰਸਨ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ
Ludhiana Missing Girls Case: ਲੁਧਿਆਣਾ ਸ਼ਹਿਰ ਵਿੱਚੋਂ ਪਿਛਲੇ ਕੁਝ ਦਿਨਾਂ ਦੌਰਾਨ ਨਾਬਾਲਗ ਕੁੜੀਆਂ ਦੇ ਭੇਦਭਰੇ ਹਾਲਾਤ ਵਿੱਚ ਲਾਪਤਾ ਹੋਣ ਦੇ ਮਾਮਲੇ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀਰਵਾਰ ਨੂੰ ਇਸ ਮਾਮਲੇ ’ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਲਿਖਤੀ ਰਿਪੋਰਟ ਤਲਬ ਕਰ ਲਈ ਹੈ। ਮਹਿਲਾ ਸੁਰੱਖਿਆ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਚੇਅਰਪਰਸਨ ਨੇ ਲਾਪਤਾ ਕੁੜੀਆਂ ਦੀਆਂ ਤਸਵੀਰਾਂ ਅਤੇ ਪੁਲੀਸ ਕਮਿਸ਼ਨਰ ਨੂੰ ਜਾਰੀ ਕੀਤੇ ਨੋਟਿਸ ਦੀ ਕਾਪੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਸਾਂਝੀ ਕੀਤੀ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਇਸ ਮਾਮਲੇ ਦਾ ਖ਼ੁਦ-ਬ-ਖ਼ੁਦ (ਸੁਓ-ਮੋਟੋ) ਨੋਟਿਸ ਲਿਆ ਹੈ। ਪੁਲੀਸ ਕਮਿਸ਼ਨਰ ਨੂੰ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਇਸ ਸੰਗੀਨ ਮਾਮਲੇ ਦੀ ਤੁਰੰਤ ਕਿਸੇ ਉੱਚ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ 8 ਜੂਨ ਤੱਕ ਮੁਕੰਮਲ ਜਾਂਚ ਰਿਪੋਰਟ ਆਯੋਗ ਦੇ ਸਾਹਮਣੇ ਪੇਸ਼ ਕੀਤੀ ਜਾਵੇ। ਚੇਅਰਪਰਸਨ ਰਾਜਲਾਲੀ ਗਿੱਲ ਨੇ ਸਪੱਸ਼ਟ ਕੀਤਾ ਕਿ ਇੱਕੋ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਕੁੜੀਆਂ ਦਾ ਗਾਇਬ ਹੋਣਾ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਔਰਤਾਂ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ, ਇਸ ਲਈ ਆਯੋਗ ਪੰਜਾਬ ਵਿੱਚ ਔਰਤਾਂ ਦੇ ਮਾਣ-ਸਨਮਾਨ ਅਤੇ ਮੁਕੰਮਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਪੁਲੀਸ ਰਿਕਾਰਡ: ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ 14 ਮਾਮਲੇ
ਤਾਰੀਖ਼ ਸਬੰਧਤ ਥਾਣਾ ਕੁੜੀ ਦੀ ਉਮਰ ਮੁੱਖ ਮੁਲਜ਼ਮ / ਵੇਰਵਾ
27 ਅਪਰੈਲ ਸਲੇਮ ਟਾਬਰੀ 18 ਸਾਲ ਸੁਨੀਲ ਸਾਹਨੀ (ਬਹਿਲਾ-ਫੁਸਲਾ ਕੇ ਲੈ ਜਾਣ ਦਾ ਦੋਸ਼)
3 ਮਈ ਥਾਣਾ ਸਦਰ 14 ਸਾਲ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ
4 ਮਈ ਡਿਵੀਜ਼ਨ ਨੰਬਰ-5 17 ਸਾਲ ਅਨਮੋਲ ਨਾਮਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ
13 ਮਈ ਸਾਹਨੇਵਾਲ 17 ਸਾਲ ਰਾਹੁਲ (ਸਿਲਾਈ ਸੈਂਟਰ ਜਾਂਦੇ ਸਮੇਂ ਵਿਆਹ ਦਾ ਝਾਂਸਾ ਦੇ ਕੇ ਭਜਾਇਆ)
24 ਮਈ ਸਰਾਭਾ ਨਗਰ 16 ਸਾਲ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ
25 ਮਈ ਡਿਵੀਜ਼ਨ ਨੰਬਰ-2 10 ਸਾਲ ਬੱਚੀ ਦੇ ਅਚਾਨਕ ਲਾਪਤਾ ਹੋਣ ਦਾ ਮਾਮਲਾ ਦਰਜ
25 ਮਈ ਥਾਣਾ ਡਾਬਾ 17 ਸਾਲ ਪਵਨ ਕੁਮਾਰ (ਬਹਿਲਾ-ਫੁਸਲਾ ਕੇ ਲੈ ਜਾਣ ਦਾ ਦੋਸ਼)
26 ਮਈ ਜਮਾਲਪੁਰ 13 ਅਤੇ 16 ਸਾਲ ਦੋ ਨਾਬਾਲਗ ਕੁੜੀਆਂ ਲਾਪਤਾ, ਅਣਪਛਾਤੇ ’ਤੇ ਕੇਸ ਦਰਜ
27 ਮਈ ਫੋਕਲ ਪੁਆਇੰਟ 16 ਸਾਲ ਰਾਜ ਕੁਮਾਰ (ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦਾ ਦੋਸ਼)
28 ਮਈ ਜਮਾਲਪੁਰ 16 ਸਾਲ ਕਰਨ ਨਾਮਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ
29 ਮਈ ਥਾਣਾ ਦਰੇਸੀ ਮੁਟਿਆਰ ਲਾਪਤਾ ਹੋਣ ਦਾ ਮਾਮਲਾ ਦਰਜ
29 ਮਈ ਲਾਡੋਵਾਲ 16 ਸਾਲ ਸੰਦੀਪ ਸਿੰਘ (ਭਜਾ ਕੇ ਲੈ ਜਾਣ ਦਾ ਦੋਸ਼)
1 ਜੂਨ ਜਮਾਲਪੁਰ 14 ਸਾਲ ਨਨਕੇ ਨਾਮਕ ਮੁਲਜ਼ਮ (ਵਿਆਹ ਦਾ ਝਾਂਸਾ ਦੇ ਕੇ ਲੈ ਗਿਆ)
3 ਜੂਨ ਥਾਣਾ ਦਰੇਸੀ 18 ਸਾਲ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ

ਲਾਪਤਾ ਹੋਣ ਵਾਲੀਆਂ ਕੁੜੀਆਂ ਵਿੱਚ ਜਮਾਲਪੁਰ ਦੇ ਕੁੱਲੇਵਾਲ ਇਲਾਕੇ ਤੋਂ 27 ਮਈ ਨੂੰ ਤਿੰਨ ਨਾਬਾਲਗ ਭੈਣਾਂ (ਉਮਰ 14, 15 ਅਤੇ 16 ਸਾਲ) ਇੱਕੋ ਵੇਲੇ ਲਾਪਤਾ ਹੋਈਆਂ ਸਨ। ਇਸੇ ਤਰ੍ਹਾਂ ਸਰਾਭਾ ਨਗਰ ਦੇ ਰਾਜਗੁਰੂ ਨਗਰ ਵਿੱਚ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ 16 ਸਾਲਾ ਕੁੜੀ ਮੰਦਰ ਦੇ ਬਾਹਰੋਂ ਲਾਪਤਾ ਹੋ ਗਈ ਸੀ। ਸਲੇਮ ਟਾਬਰੀ ਦੇ ਮੋਹੱਲਾ ਪੀਰੂ ਬੰਦਾ ਦੀ 18 ਸਾਲਾ ਵਿਦਿਆਰਥਣ ਸਕੂਲ ਵਿੱਚ ਦਾਖ਼ਲਾ ਲੈਣ ਗਈ ਵਾਪਸ ਨਹੀਂ ਪਰਤੀ, ਜਿਸ ਦੇ ਪਰਿਵਾਰ ਨੇ ਪੁਲੀਸ ’ਤੇ ਇੱਕ ਮਹੀਨੇ ਤੱਕ ਐੱਫ.ਆਈ.ਆਰ. ਦਰਜ ਨਾ ਕਰਨ ਦੇ ਗੰਭੀਰ ਦੋਸ਼ ਲਾਏ ਹਨ।
ਦੂਜੇ ਪਾਸੇ, ਮਾਮਲੇ ਦੇ ਤੂਲ ਫੜਨ ਤੋਂ ਬਾਅਦ ਲੁਧਿਆਣਾ ਪੁਲੀਸ ਦੇ ਏ.ਡੀ.ਸੀ.ਪੀ. (ADCP) ਰਮਨਦੀਪ ਸਿੰਘ ਭੁੱਲਰ ਨੇ ਪੁਲੀਸ ਪ੍ਰਸ਼ਾਸਨ ਦਾ ਪੱਖ ਰੱਖਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਬਹੁਤ ਵੱਡੀ ਗਿਣਤੀ ਵਿੱਚ ਕੁੜੀਆਂ ਦੇ ਗਾਇਬ ਹੋਣ ਦਾ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਗੁੰਮਰਾਹਕੁੰਨ ਅਤੇ ਅਫਵਾਹ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਮਈ ਮਹੀਨੇ ਦੌਰਾਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਜਾਂ ਅਗਵਾ ਕੀਤੇ ਜਾਣ ਦੇ ਕੇਵਲ 10 ਮਾਮਲੇ ਦਰਜ ਹੋਏ ਹਨ ਅਤੇ ਪੁਲੀਸ ਸੂਚਨਾ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦੀ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਮਾਲਪੁਰ ਇਲਾਕੇ ਤੋਂ ਲਾਪਤਾ ਹੋਈਆਂ ਤਿੰਨੋਂ ਭੈਣਾਂ ਨੂੰ ਪੁਲੀਸ ਨੇ ਉੱਤਰ ਪ੍ਰਦੇਸ਼ (ਯੂ.ਪੀ.) ਸਥਿਤ ਉਨ੍ਹਾਂ ਦੇ ਜੱਦੀ ਪਿੰਡ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ ਅਤੇ ਜਲਦੀ ਹੀ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਪੁਲੀਸ ਰਿਕਾਰਡ ਮੁਤਾਬਕ ਵੱਖ-ਵੱਖ ਥਾਣਿਆਂ ਵਿੱਚ ਕੁੜੀਆਂ ਨੂੰ ਬਹਿਲਾ-ਫੁਸਲਾ ਕੇ ਲਿਜਾਣ ਜਾਂ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਕੁੱਲ 14 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਕਈ ਕੁੜੀਆਂ ਨੂੰ ਟ੍ਰੇਸ ਕਰ ਲਿਆ ਗਿਆ ਹੈ। ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਬਾਕੀ ਲਾਪਤਾ ਕੁੜੀਆਂ ਨੂੰ ਵੀ ਜਲਦ ਤੋਂ ਜਲਦ ਲੱਭ ਕੇ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ।