Breaking News

Mohali NIA Court: ਮੁਹਾਲੀ ਦੀ NIA ਅਦਾਲਤ ਨੇ UAPA ਕੇਸ ਵਿੱਚ ਕਸ਼ਮੀਰ ਦੇ 3 ਵਿਦਿਆਰਥੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ

Mohali NIA Court: ਮੁਹਾਲੀ ਦੀ NIA ਅਦਾਲਤ ਨੇ UAPA ਕੇਸ ਵਿੱਚ ਕਸ਼ਮੀਰ ਦੇ 3 ਵਿਦਿਆਰਥੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ

Jalandhar ਦੇ ਇੱਕ ਕਾਲਜ ਦੇ 3 ਕਸ਼ਮੀਰੀਆਂ ਨੂੰ 10 ਸਾਲ ਦੀ ਕੈਦ; ਹੋਸਟਲ ਚੋਂ ਏਕੇ47, ਕਾਰਤੂਸ ਅਤੇ ਗੋਲਾ ਬਾਰੂਦ ਹੋਇਆ ਸੀ ਬਰਾਮਦ

ਮੁਹਾਲੀ ਦੀ ਇੱਕ ਵਿਸ਼ੇਸ਼ ਐੱਨ ਆਈ ਏ (NIA) ਅਦਾਲਤ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਦੇ ਰਹਿਣ ਵਾਲੇ ਤਿੰਨ ਵਿਦਿਆਰਥੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਦਰਜ 2018 ਦੇ ਇੱਕ ਮਾਮਲੇ ਵਿੱਚ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।

ਦੋਸ਼ੀਆਂ ਦੀ ਪਛਾਣ ਜ਼ਾਹਿਦ ਗੁਲਜ਼ਾਰ, ਯਾਸਿਰ ਰਫ਼ੀਕ ਭੱਟ ਅਤੇ ਮੁਹੰਮਦ ਇਦਰੀਸ ਸ਼ਾਹ ਵਜੋਂ ਹੋਈ ਹੈ। ਅਦਾਲਤ ਨੇ ਉਨ੍ਹਾਂ ਨੂੰ ਅਪਰਾਧਿਕ ਸਾਜ਼ਿਸ਼, ਯੂ ਏ ਪੀ ਏ (UAPA) ਤਹਿਤ ਅਪਰਾਧਾਂ ਅਤੇ ਵਿਸਫੋਟਕ ਐਕਟ ਦੀਆਂ ਉਲੰਘਣਾਵਾਂ ਦਾ ਦੋਸ਼ੀ ਪਾਇਆ। ਇਹ ਤਿੰਨੋਂ 10 ਅਕਤੂਬਰ 2018 ਨੂੰ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਹਨ।

ਹਾਲਾਂਕਿ, ਅਦਾਲਤ ਨੇ ਇੱਕ ਹੋਰ ਦੋਸ਼ੀ ਸੁਹੇਲ ਅਹਿਮਦ ਭੱਟ ਨੂੰ ਇਹ ਕਹਿੰਦਿਆਂ ਬਰੀ ਕਰ ਦਿੱਤਾ ਕਿ ਇਸਤਗਾਸਾ ਪੱਖ (ਪ੍ਰੌਸੀਕਿਊਸ਼ਨ) ਉਸ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ।

ਇਹ ਮਾਮਲਾ 10 ਅਕਤੂਬਰ 2018 ਨੂੰ ਜਲੰਧਰ ਵਿੱਚ ਸੀ ਟੀ ਇੰਸਟੀਚਿਊਟ ਦੇ ਸ਼ਾਹਪੁਰ ਕੈਂਪਸ ਦੇ ਹੋਸਟਲ ਵਿੱਚੋਂ ਹਥਿਆਰ, ਅਸਲਾ ਅਤੇ ਵਿਸਫੋਟਕ ਬਰਾਮਦ ਹੋਣ ਨਾਲ ਸਬੰਧਤ ਹੈ। ਪੁਲੀਸ ਨੇ ਉੱਥੇ ਛਾਪੇਮਾਰੀ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਸਤਗਾਸਾ ਪੱਖ ਦੇ ਅਨੁਸਾਰ, ਦੋਸ਼ੀ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਅਤੇ ਅਤਿਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ (AGH) ਨਾਲ ਜੁੜੇ ਹੋਏ ਸਨ। ਜਾਂਚਕਰਤਾਵਾਂ ਨੇ ਦੋਸ਼ ਲਗਾਇਆ ਕਿ ਇਹ ਤਿੰਨੋਂ ਸੰਗਠਨ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਫੰਡ ਪ੍ਰਾਪਤ ਕਰ ਰਹੇ ਸਨ ਅਤੇ ਸੰਸਥਾ ਦੇ ਹੋਰ ਵਿਦਿਆਰਥੀਆਂ ਨੂੰ ਇਸ ਗਰੁੱਪ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਪੰਜਾਬ ਪੁਲੀਸ ਨੇ ਥਾਣਾ ਸਦਰ, ਜਲੰਧਰ ਵਿਖੇ ਐੱਫ ਆਈ ਆਰ ਨੰਬਰ 166/2018 (FIR No. 166/2018) ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

ਛਾਪੇਮਾਰੀ ਦੌਰਾਨ ਪੁਲੀਸ ਨੇ ਇੱਕ ਏ ਕੇ (AK) ਰਾਈਫਲ ਸਮੇਤ ਦੋ ਮੈਗਜ਼ੀਨ ਅਤੇ 54 ਜ਼ਿੰਦਾ ਕਾਰਤੂਸ, ਇੱਕ ਮਾਊਜ਼ਰ ਪਿਸਤੌਲ ਸਮੇਤ ਦੋ ਮੈਗਜ਼ੀਨ ਅਤੇ 31 ਜ਼ਿੰਦਾ ਕਾਰਤੂਸ ਅਤੇ ਲਗਪਗ ਇੱਕ ਕਿਲੋਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਸੀ।

ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਦੋਸ਼ੀ ਯਾਸਿਰ ਰਫ਼ੀਕ ਭੱਟ, ਜੋ ਕਿ ਏ ਜੀ ਐਚ (AGH) ਦੇ ਸਾਬਕਾ ਮੁਖੀ ਜ਼ਾਕਿਰ ਮੂਸਾ ਦਾ ਰਿਸ਼ਤੇਦਾਰ ਹੈ, ਨੇ ਕਥਿਤ ਤੌਰ ‘ਤੇ ਵਿਸਫੋਟਕ ਸਮੱਗਰੀ ਮੰਗਵਾਉਣ ਅਤੇ ਸੰਸਥਾ ਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਇਸ ਸੰਗਠਨ ਵਿੱਚ ਸ਼ਾਮਲ ਹੋਣ ਤੇ ਇਸ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

Check Also

Punjab Jalandhar :- ਜਲੰਧਰ : ਸੈਰ ਕਰਦੀਆਂ 3 ਮਹਿਲਾਵਾਂ ਨੂੰ ਅਣਪਛਾਤੀ ਗੱਡੀ ਨੇ ਮਾਰੀ ਟੱਕਰ, ਇੱਕ ਦੀ ਮੌਤ, 2 ਗੰਭੀਰ ਜ਼ਖਮੀ

Punjab Jalandhar :- ਜਲੰਧਰ : ਸੈਰ ਕਰਦੀਆਂ 3 ਮਹਿਲਾਵਾਂ ਨੂੰ ਅਣਪਛਾਤੀ ਗੱਡੀ ਨੇ ਮਾਰੀ ਟੱਕਰ, …