Breaking News
Home / ਪੰਜਾਬ / ਕਿਸਾਨ ਜਥੇਬੰਦੀਆਂ ਨੇ ਬਾਦਲਾਂ ਦੇ ਘਰ ਮੂਹਰੋਂ ਮੋਰਚਾ ਸਮੇਟਿਆ

ਕਿਸਾਨ ਜਥੇਬੰਦੀਆਂ ਨੇ ਬਾਦਲਾਂ ਦੇ ਘਰ ਮੂਹਰੋਂ ਮੋਰਚਾ ਸਮੇਟਿਆ

ਲੰਬੀ-ਖੇਤੀ ਬਿੱਲਾਂ ਖ਼ਿਲਾਫ਼ ਜਥੇਬੰਦਕ ਸੰਘਰਸ਼ ਦੇ ਸੂਬਾ ਪੱਧਰੀ ਤਿੱਖੇ ਫੈਲਾਅ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਬਾਦਲਾਂ ਦੇ ਘਰ ਮੂਹਰੋਂ ਕਿਸਾਨ ਮੋਰਚਾ ਅੱਠਵੇਂ ਦਿਨ ਸਮੇਟ ਦਿੱਤਾ ਅਤੇ ਪੰਜਾਬ ਦੇ ਲੋਕਾਂ ਨੂੰ 24 ਤੋਂ 26 ਸਤੰਬਰ ਤੱਕ ਜ਼ੋਰਦਾਰ ਸੰਘਰਸ਼ ਦੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ।

ਮੋਰਚੇ ਦੀ ਸਮਾਪਤੀ ਮੌਕੇ ਜਥੇਬੰਦੀ ਨੇ ਪੰਜਾਬ ਬੰਦ ’ਚ ਸ਼ਹਿਰੀ ਲੋਕਾਂ ਨੂੰ ਹਿੱਸਾ ਬਣਨ ਲਈ ਪ੍ਰੇਰਿਤ ਕਰਨ ਲਈ 24 ਸਤੰਬਰ ਨੂੰ ਰੇਲਾਂ ਜਾਮ ਕਰਨ ਦੇ ਨਾਲ-ਨਾਲ ਸ਼ਹਿਰਾਂ ਤੇ ਕਸਬਿਆਂ ’ਚ ਵਿਸ਼ਾਲ ਮੁਜ਼ਾਹਰਿਆਂ ਦਾ ਐਲਾਨ ਕੀਤਾ ਹੈ। ਹਜ਼ਾਰਾਂ ਲੋਕਾਂ ਨੂੰ ਰੇਲਾਂ ਜਾਮ ਕਰਨ ’ਤੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕਰਨ ਦੀ ਅਪੀਲ ਕੀਤੀ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਮਜ਼ਦੂਰਾਂ ਦੀਆਂ ਪੰਜ ਜਥੇਬੰਦੀਆਂ ’ਤੇ ਆਧਾਰਿਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੀ ਹਮਾਇਤ ’ਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜ ਕੇ ਮਜ਼ਦੂਰਾਂ ਵੱਲੋਂ ਹਿੱਸਾ ਪਾਉਣ ਦਾ ਐਲਾਨ ਕੀਤਾ।

ਉਧਰ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ 25 ਸਤੰਬਰ ਨੂੰ ਸੂਬੇ ਭਰ ਵਿੱਚ 3 ਘੰਟੇ ਚੱਕਾ ਜਾਮ ਕਰਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾਵੇਗਾ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 25 ਸਤੰਬਰ ਨੂੰ ਪੰਜਾਬ ਦੇ ਹਰੇਕ ਹਲਕੇ ਵਿੱਚ ਖੇਤੀ ਬਿੱਲਾਂ ਖ਼ਿਲਾਫ਼ ਸਵੇਰੇ 11 ਤੋਂ ਬਾਅਦ ਦੁਪਹਿਰ 1 ਵਜੇ ਤਕ ਸ਼ਾਂਤਮਈ ਢੰਗ ਨਾਲ ਚੱਕਾ ਜਾਮ ਕੀਤਾ ਜਾਵੇਗਾ।

ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਅਕਾਲੀ ਦਲ ਵਲੋਂ ਭਾਜਪਾ ਸਰਕਾਰ ਦੇ ਫੈਸਲਿਆਂ ਵਿਰੁੱਧ ਸੰਘਰਸ਼ ਅਤੇ ਜੇਲ੍ਹਾਂ ਭਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਆਗੂ ਭਾਜਪਾ ਸਰਕਾਰ ਨੂੰ ਬਿਨਾ ਸ਼ਰਤ ਸਮਰਥਨ ਵੀ ਜਾਰੀ ਰੱਖ ਰਹੇ ਹਨ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: