Punjab
ਅਮਰਗੜ੍ਹ ’ਚ ਲਾਲਚੀ ਦੋਹਤੇ ਗੁਰਕੀਰਤ ਸਿੰਘ ਨੇ ਨਾਨੀ ਦਾ ਕੀਤਾ ਕਤਲ
ਘਰ ਅਤੇ ਹੋਰ ਜਾਇਦਾਦ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ ਗੁਰਕੀਰਤ ਸਿੰਘ, ਪਰ ਨਾਨੀ ਕਰ ਰਹੀ ਸੀ ਇਨਕਾਰ
ਅਮਰਗੜ੍ਹ : ਥਾਣਾ ਸਦਰ ਜਗਰਾਉਂ ਅਧੀਨ ਆਉਂਦੇ ਪਿੰਡ ਅਮਰਗੜ੍ਹ ਕਲੇਰ ਵਿਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਦੋਹਤੇ ਨੇ ਜਾਇਦਾਦ ਦੇ ਲਾਲਚ ਵਿਚ ਆਪਣੀ ਹੀ ਨਾਨੀ ਦਾ ਕਤਲ ਕਰ ਦਿੱਤਾ, ਜਿਸ ਨੇ ਉਸ ਨੂੰ ਮਾਂ ਬਣ ਕੇ ਪਾਲਿਆ ਸੀ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ। ਉਨ੍ਹਾਂ ਦੀ ਧੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਨਜੀਤ ਕੌਰ ਨੇ ਆਪਣੇ ਦੋਹਤੇ ਗੁਰਕੀਰਤ ਸਿੰਘ ਉਰਫ ਗੋਰਾ ਨੂੰ ਆਪਣੇ ਕੋਲ ਰੱਖ ਲਿਆ ਸੀ। ਉਨ੍ਹਾਂ ਨੇ ਉਸ ਨੂੰ ਮਾਂ ਵਾਂਗ ਪਾਲ-ਪੋਸ ਕੇ ਵੱਡਾ ਕੀਤਾ ਅਤੇ ਉਸ ਦਾ ਵਿਆਹ ਵੀ ਆਪਣੇ ਹੱਥੀਂ ਕਰਵਾਇਆ ਸੀ। ਪਰਿਵਾਰ ਮੁਤਾਬਕ ਨਾਨੀ ਨੇ ਉਸ ਨੂੰ ਜ਼ਿੰਦਗੀ ਵਿਚ ਅੱਗੇ ਵਧਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ।

ਪਰਿਵਾਰ ਮੁਤਾਬਕ 3 ਸਤੰਬਰ ਦੀ ਸ਼ਾਮ ਕਰੀਬ 6 ਵਜੇ ਮਨਜੀਤ ਕੌਰ ਦੀ ਮੌਤ ਦੀ ਖ਼ਬਰ ਮਿਲੀ। ਦੇਰ ਹੋ ਜਾਣ ਕਾਰਨ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਉਸ ਸਮੇਂ ਪਰਿਵਾਰ ਨੂੰ ਮੌਤ ਆਮ ਲੱਗੀ ਅਤੇ ਕਿਸੇ ਨੂੰ ਸ਼ੱਕ ਨਾ ਹੋਇਆ। 4 ਸਤੰਬਰ ਨੂੰ ਦੋਹਤੇ ਗੁਰਕੀਰਤ ਦੀਆਂ ਗੱਲਾਂ ‘ਤੇ ਭਰੋਸਾ ਕਰਦਿਆਂ ਪਰਿਵਾਰ ਨੇ ਪੁਲਿਸ ਤੋਂ ਧਾਰਾ 194 ਤਹਿਤ ਆਮ ਮੌਤ ਦੀ ਕਾਰਵਾਈ ਕਰਵਾ ਕੇ ਮਨਜੀਤ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ। ਸਸਕਾਰ ਤੋਂ ਬਾਅਦ ਜਦੋਂ ਪਰਿਵਾਰ ਨੂੰ ਨਾਨੀ ਦੀ ਅਚਾਨਕ ਮੌਤ ‘ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਗੁਆਂਢੀ ਦੇ ਘਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ। ਫੁਟੇਜ ਦੇਖ ਕੇ ਸਾਰੇ ਹੈਰਾਨ ਰਹਿ ਗਏ। ਫੁਟੇਜ ਵਿਚ 3 ਸਤੰਬਰ ਦੀ ਸ਼ਾਮ 5:30 ਵਜੇ ਗੁਰਕੀਰਤ ਆਪਣੀ ਨਾਨੀ ਨਾਲ ਝਗੜਾ ਕਰਦਾ ਅਤੇ ਬਾਅਦ ਵਿਚ ਉਨ੍ਹਾਂ ਦੇ ਉੱਪਰ ਬੈਠ ਕੇ ਉਨ੍ਹਾਂ ਦਾ ਮੂੰਹ ਅਤੇ ਗਲਾ ਘੁੱਟਦਾ ਸਾਫ਼ ਦਿਖਾਈ ਦੇ ਰਿਹਾ ਹੈ।

ਪੁਲਸ ਪੁੱਛਗਿੱਛ ਵਿਚ ਦੋਸ਼ੀ ਨੇ ਮੰਨਿਆ ਕਿ ਉਹ ਨਾਨੀ ਦਾ ਘਰ ਅਤੇ ਹੋਰ ਜਾਇਦਾਦ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ ਅਤੇ ਕਈ ਵਾਰ ਦਬਾਅ ਵੀ ਪਾ ਚੁੱਕਾ ਸੀ, ਪਰ ਨਾਨੀ ਤਿਆਰ ਨਹੀਂ ਸੀ। ਫੁਟੇਜ ਸਾਹਮਣੇ ਆਉਣ ਤੋਂ ਬਾਅਦ ਮ੍ਰਿਤਕਾ ਦੀ ਧੀ ਅਤੇ ਦੋਸ਼ੀ ਦੀ ਮਾਸੀ ਕੁਲਵਿੰਦਰ ਕੌਰ ਦੀ ਸ਼ਿਕਾਇਤ ‘ਤੇ ਥਾਣਾ ਸਦਰ ਜਗਰਾਉਂ ਦੀ ਪੁਲਸ ਨੇ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਕੇ ਧਾਰਾ 194 ਦੀ ਕਾਰਵਾਈ ਨੂੰ ਰੱਦ ਕਰਦਿਆਂ ਗੁਰਕੀਰਤ ਸਿੰਘ ਉਰਫ ਗੋਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਦਰ ਜਗਰਾਉਂ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।