Kal Dosanjh
ਕੌਣ ਹੈ ਪੰਜਾਬੀ ਮੂਲ ਦਾ Kal Dosanjh? ਜਿਸ ਦੀ ਗ੍ਰਿਫ਼ਤਾਰੀ ਨੇ ਕੈਨੇਡਾ ਵਿੱਚ ਮਚਾਈ ਹਲਚਲ
ਪੰਜਾਬੀ ਮੂਲ ਦੇ ਪੁਲੀਸ ਅਧਿਕਾਰੀ Kulwinder Kal ਨੂੰ ਕੈਨੇਡਾ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ
Kal Dosanjh Arrested: ਕੈਨੇਡਾ ਦੇ ਵੈਨਕੂਵਰ ਪੁਲੀਸ ਵਿਭਾਗ (VPD) ਦੇ ਇੱਕ ਜਾਣੇ-ਪਛਾਣੇ ਪੰਜਾਬੀ ਮੂਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਨੂੰ ਉਨ੍ਹਾਂ ਦੀ ਆਪਣੀ ਹੀ ਫੋਰਸ ਵੱਲੋਂ ਕੀਤੀ ਗਈ ਲੰਬੀ ਗੁਪਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ‘ਤੇ ਵੱਡੀ ਰਾਸ਼ੀ ਦੇ ਘਪਲੇ, ਚੋਰੀ ਅਤੇ ਭਰੋਸੇ ਦੀ ਉਲੰਘਣਾ) ਦੇ ਗੰਭੀਰ ਇਲਜ਼ਾਮ ਲੱਗੇ ਹਨ।
ਕੌਣ ਹੈ ਕੁਲਵਿੰਦਰ ਕੈਲ ਦੋਸਾਂਝ?
ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਵੈਨਕੂਵਰ ਪੁਲੀਸ ਵਿਭਾਗ ਦੇ ਇੱਕ ਤਜਰਬੇਕਾਰ ਅਧਿਕਾਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਇੱਕ ਪ੍ਰਸਿੱਧ ਚੈਰਿਟੀ ਸੰਸਥਾ ‘ਕਿਡਜ਼ਪਲੇ ਯੂਥ ਫਾਊਂਡੇਸ਼ਨ’ ਦੇ ਸੀ.ਈ.ਓ. (CEO) ਹੈ। ਵੇਰਵਿਆਂ ਅਨੁਸਾਰ ਕੈਲ ਨੂੰ ਸਮਾਜ ਵਿੱਚ ਉਨ੍ਹਾਂ ਨੂੰ ਇੱਕ ਸਤਿਕਾਰਤ ਅਤੇ ਪਤਵੰਤੇ ਨਾਗਰਿਕ ਵਜੋਂ ਦੇਖਿਆ ਜਾਂਦਾ ਸੀ।
ਦੋਸਾਂਝ ਨੇ ਵੈਨਕੂਵਰ ਪੁਲੀਸ ਵਿਭਾਗ (VPD) ਵਿੱਚ ਕਰੀਬ ਢਾਈ ਦਹਾਕੇ ਤੱਕ ਸੇਵਾ ਨਿਭਾਈ ਹੈ। ‘ਸਰੀ ਨਾਉ-ਲੀਡਰ’ ਦੀ ਰਿਪੋਰਟ ਮੁਤਾਬਕ ਕੈਲ ਨੇ ਵਿੱਤੀ ਅਪਰਾਧ ਯੂਨਿਟ ਵਿੱਚ ਸੀਨੀਅਰ ਡਿਟੈਕਟਿਵ ਵਜੋਂ ਸੇਵਾਵਾਂ ਵੀ ਨਿਭਾਈਆਂ। ਉਨ੍ਹਾਂ ਨੇ ਵੈਂਕੂਵਰ ਦੇ ਡਾਊਨਟਾਊਨ ਈਸਟਸਾਈਡ ਵਿੱਚ ਕਈ ਸਾਲਾਂ ਦੀ ਗਸ਼ਤ ਡਿਊਟੀ ਤੋਂ ਬਾਅਦ 2015 ਵਿੱਚ ਕਿਡਜ਼ਪਲੇਅ ਦੀ ਸਥਾਪਨਾ ਕੀਤੀ ਸੀ, ਜਿਸ ਦਾ ਮੁੱਖ ਉਦੇਸ਼ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਅਤੇ ਸਲਾਹ-ਮਸ਼ਵਰੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ, ਗੈਂਗਾਂ ਅਤੇ ਹਿੰਸਾ ਤੋਂ ਦੂਰ ਰੱਖਣਾ ਸੀ।
ਉਹ ਮੂਲ ਰੂਪ ਵਿੱਚ ਪੰਜਾਬ ਦੇ ਫਗਵਾੜਾ ਨੇੜਲੇ ਇੱਕ ਪਿੰਡ ਨਾਲ ਸਬੰਧਤ ਹੈ ਅਤੇ ਸਰੀ (Surrey) ਦੇ 129 ਸਟਰੀਟ ਅਤੇ 59 ਐਵੇਨਿਊ ਸਥਿਤ ਇਲਾਕੇ ਦਾ ਵਸਨੀਕ ਹੈ, ਜਿੱਥੋਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲ ਦੋਸਾਂਝ ਦੀ ਪੁਲੀਸ ਨੌਕਰੀ ਅਤੇ ਪੇਸ਼ੇਵਰ ਕੈਰੀਅਰ
Kal Dosanjh: ਨੌਜਵਾਨਾਂ ਲਈ ਬਣਾਈ ਚੈਰਿਟੀ ਸੰਸਥਾ ‘ਕਿਡਜ਼ਪਲੇਅ ਯੂਥ ਫਾਊਂਡੇਸ਼ਨ’
ਸਾਲ 2015 ਵਿੱਚ, ਕੈਲ ਦੋਸਾਂਝ ਨੇ ‘ਕਿਡਜ਼ਪਲੇ ਯੂਥ ਫਾਊਂਡੇਸ਼ਨ’ (KidsPlay Youth Foundation) ਦੀ ਸਥਾਪਨਾ ਕੀਤੀ ਸੀ। ਇਸ ਚੈਰਿਟੀ ਸੰਸਥਾ ਦਾ ਮੁੱਖ ਮਕਸਦ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਅਤੇ ਸਲਾਹ-ਮਸ਼ਵਰੇ (ਕਾਉਂਸਲਿੰਗ) ਰਾਹੀਂ ਨੌਜਵਾਨਾਂ ਨੂੰ ਨਸ਼ਿਆਂ, ਗੈਂਗ ਹਿੰਸਾ ਅਤੇ ਅਪਰਾਧਿਕ ਰਾਹਾਂ ‘ਤੇ ਜਾਣ ਤੋਂ ਬਚਾਉਣਾ ਸੀ। ਇਸ ਸੰਸਥਾ ਦੇ ਮੁਖੀ ਵਜੋਂ ਕੰਮ ਕਰਦੇ ਹੋਏ ਉਨ੍ਹਾਂ ਨੇ ਸਮਾਜ ਵਿੱਚ ਵੱਡੀ ਪ੍ਰਸਿੱਧੀ ਅਤੇ ਲੋਕਾਂ ਦਾ ਅਥਾਹ ਵਿਸ਼ਵਾਸ ਹਾਸਲ ਕੀਤਾ।
ਕਿਵੇਂ ਅੰਜਾਮ ਦਿੱਤਾ ਗਿਆ ਕਰੋੜਾਂ ਡਾਲਰ ਦਾ ਕਥਿਤ ਘਪਲਾ?
ਸਰੋਤਾਂ ਮੁਤਾਬਕ, ਕੈਲ ਦੋਸਾਂਝ ਨੇ ਆਪਣੀ ਪੁਲੀਸ ਨੌਕਰੀ ਅਤੇ ਸਮਾਜਿਕ ਰੁਤਬੇ ਦੀ ਆੜ ਵਿੱਚ ਸੈਂਕੜੇ ਨਿਵੇਸ਼ਕਾਂ ਨੂੰ ਰੀਅਲ ਅਸਟੇਟ ਵਿੱਚ ਵੱਧ ਕਮਾਈ ਦਾ ਲਾਲਚ ਦਿੱਤਾ ਅਤੇ ਉਨ੍ਹਾਂ ਕੋਲੋਂ ਲਗਪਗ ਢਾਈ ਕਰੋੜ ਡਾਲਰ ਇਕੱਠੇ ਕੀਤੇ। ਉਨ੍ਹਾਂ ਨੇ ਕੁੱਝ ਜਾਇਦਾਦਾਂ ਨਕਦ ਰਕਮ ਦੇ ਕੇ ਖਰੀਦੀਆਂ ਅਤੇ ਨਿਵੇਸ਼ਕਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫ਼ਾ ਵੰਡਿਆ ਜਾਵੇਗਾ। ਪਰ ਬਾਅਦ ਵਿੱਚ ਉਨ੍ਹਾਂ ਹੀ ਜਾਇਦਾਦਾਂ ਨੂੰ ਬੈਂਕ ਕੋਲ ਗਹਿਣੇ (mortgage) ਰੱਖ ਕੇ ਆਪਣੇ ਨਾਮ ‘ਤੇ ਲਗਪਗ ਦੋ ਕਰੋੜ ਡਾਲਰ ਦੀਆਂ ਹੋਰ ਜਾਇਦਾਦਾਂ ਖਰੀਦ ਲਈਆਂ। ਇਸ ਦੌਰਾਨ ਰੀਅਲ ਅਸਟੇਟ ਬਾਜ਼ਾਰ ਵਿੱਚ ਮੰਦੀ ਆਉਣ ਕਾਰਨ ਬੈਂਕਾਂ ਨੇ ਗਹਿਣੇ ਰੱਖੀਆਂ ਜਾਇਦਾਦਾਂ ਨੂੰ ਜ਼ਬਤ (ਕੁਰਕ) ਕਰ ਲਿਆ, ਜਿਸ ਕਾਰਨ ਨਿਵੇਸ਼ਕਾਂ ਦੇ ਪੈਸੇ ਡੁੱਬ ਗਏ ਅਤੇ ਦੋਸਾਂਝ ਰਕਮ ਵਾਪਸ ਕਰਨ ਵਿੱਚ ਅਸਮਰਥ ਹੋ ਗਿਆ।
Kal Dosanjh ’ਤੇ ਕਿਹੜੇ-ਕਿਹੜੇ ਗੰਭੀਰ ਦੋਸ਼ ਲੱਗੇ ਹਨ?
ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 50 ਸਾਲਾ ਕੈਲ ਦੋਸਾਂਝ ਨੂੰ ਕੁੱਲ ਨੌਂ (9) ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ:
$5,000 ਤੋਂ ਵੱਧ ਦੀ ਧੋਖਾਧੜੀ ਦੇ ਚਾਰ ਮਾਮਲੇ,
$5,000 ਤੋਂ ਵੱਧ ਦੀ ਚੋਰੀ ਦੇ ਚਾਰ ਮਾਮਲੇ
ਇੱਕ ਸਰਕਾਰੀ/ਜਨਤਕ ਅਧਿਕਾਰੀ ਵਜੋਂ ਭਰੋਸੇ ਦੀ ਉਲੰਘਣਾ (Breach of trust) ਦਾ ਇੱਕ ਮਾਮਲਾ। ਇਹ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਦਰਮਿਆਨ ਵੈਂਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਵਿੱਚ ਕੀਤੇ ਗਏ ਦੱਸੇ ਜਾਂਦੇ ਹਨ।
ਸਹਿ-ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਪੁਲੀਸ ਜਾਂਚ
ਇਸ ਮਾਮਲੇ ਵਿੱਚ ਦੋਸਾਂਝ ਦੇ ਨਾਲ ਉਨ੍ਹਾਂ ਦੇ ਇੱਕ 51 ਸਾਲਾ ਸਹਿ-ਦੋਸ਼ੀ ਸਰਬਜੀਤ ਸਿੰਘ ਗਿੱਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ‘ਤੇ ਧੋਖਾਧੜੀ ਅਤੇ ਚੋਰੀ ਦੇ 6 ਦੋਸ਼ ਲਗਾਏ ਗਏ ਹਨ। ਵੈਂਕੂਵਰ ਪੁਲੀਸ ਵਿਭਾਗ ਵੱਲੋਂ ਢਾਈ ਸਾਲ ਦੀ ਲੰਬੀ ਗੁਪਤ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਪੁਲੀਸ ਨੇ ਦੋਸਾਂਝ ਦੀ ਰਿਹਾਇਸ਼ ਅਤੇ ਚੈਰਿਟੀ ਦਫ਼ਤਰ ਦੀ ਤਲਾਸ਼ੀ ਦੌਰਾਨ ਕਈ ਅਹਿਮ ਦਸਤਾਵੇਜ਼ ਬਕਸਿਆਂ ਵਿੱਚ ਭਰ ਕੇ ਆਪਣੇ ਕਬਜ਼ੇ ਵਿੱਚ ਲਏ ਹਨ।
Kal Dosanjh: ਦੋਸਾਂਝ ਦੇ ਵਕੀਲਾਂ ਦਾ ਪੱਖ
ਦੋਸਾਂਝ ਦੀ ਪ੍ਰਤੀਨਿਧਤਾ ਕਰ ਰਹੀ ਲਾਅ ਫ਼ਰਮ ‘ਅਲਾਇੰਸ ਲਾਇਰਜ਼’ ਨੇ ਇੱਕ ਬਿਆਨ ਜਾਰੀ ਕਰਕੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਦੋਸਾਂਝ ਬੇਕਸੂਰ ਹਨ ਅਤੇ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ। ਵਕੀਲਾਂ ਨੇ ਸਪੱਸ਼ਟ ਕੀਤਾ ਕਿ ਗ੍ਰਿਫ਼ਤਾਰੀ ਹੋਣਾ ਜਾਂ ਦੋਸ਼ ਲੱਗਣਾ ਅਪਰਾਧਿਕ ਜ਼ਿੰਮੇਵਾਰੀ ਦਾ ਕੋਈ ਸਬੂਤ ਨਹੀਂ ਹੁੰਦਾ। ਅਦਾਲਤ ਵਿੱਚ ਅਜੇ ਤੱਕ ਇਹਨਾਂ ਵਿੱਚੋਂ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ।
ਹੋਰ ਪੱਖ ਜਾਨਣ ਲਈ ਕੈਲ ਦੇ ਨਿਜੀ ਫੋਨ ਤੇ ਸੰਪਰਕ ਕਰਨ ਦਾ ਯਤਨ ਕੀਤਾ ਗਿਆ, ਪਰ ਉਹ ਬੰਦ ਮਿਲਿਆ।