Punjab Teacher Suspended: ਪੰਜਾਬ ਸਰਕਾਰ ਵੱਲੋਂ ਛੇੜਖ਼ਾਨੀ ਕਰਨ ਵਾਲਾ ਅਧਿਆਪਕ ਮੁਅੱਤਲ
ਮੋਗਾ ਦੇ ਪਿੰਡ ਮੋਠਾਂਵਾਲੀ ਦੇ ਸਰਕਾਰੀ ਸਕੂਲ ਦਾ ਮਾਮਲਾ
Moga Teacher Suspended: ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥਣਾਂ ਨਾਲ ਗ਼ਲਤ ਵਿਹਾਰ ਅਤੇ ਧਮਕੀਆਂ ਦੇਣ ਦੇ ਇਲਜ਼ਾਮਾਂ ਤਹਿਤ ਮੋਗਾ ਦੇ ਪਿੰਡ ਮੋਠਾਂਵਾਲੀ ਦੇ ਸਰਕਾਰੀ ਮਿਡਲ ਸਕੂਲ ਵਿੱਚ ਤਾਇਨਾਤ ਸਮਾਜਿਕ ਸਿੱਖਿਆ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ’ਤੇ ਸਕੂਲੀ ਵਿਦਿਆਰਥਣਾਂ ਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਨੇ ਕੀਤੀ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਇਸ ਮੁੱਢਲੀ ਰਿਪੋਰਟ ਦੇ ਆਧਾਰ ’ਤੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।
ਪਿੰਡ ਮੋਠਾਂਵਾਲੀ ਦੇ ਸਰਕਾਰੀ ਸਕੂਲ ਦੀਆਂ ਛੇਵੀਂ ਤੇ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਦੋਸ਼ ਲਗਾਏ ਸਨ ਕਿ ਉਕਤ ਅਧਿਆਪਕ ਨੇ ਉਨ੍ਹਾਂ ਨਾਲ ਗ਼ਲਤ ਹਰਕਤ ਕੀਤੀ ਅਤੇ ਇਸ ਤੋਂ ਇਲਾਵਾ ਇਸ ਅਧਿਆਪਕ ਨੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਇਸ ਹਰਕਤ ਦੀ ਬਾਹਰ ਭਾਫ਼ ਕੱਢੀ ਤਾਂ ਉਨ੍ਹਾਂ ਨੂੰ ਫ਼ੇਲ੍ਹ ਕਰ ਦਿੱਤਾ ਜਾਵੇਗਾ।
ਮੁਅੱਤਲੀ ਦੌਰਾਨ ਮੁਲਜ਼ਮ ਨੂੰ ਸੇਵਾ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲੇਗਾ। ਮੁਅੱਤਲੀ ਦੌਰਾਨ ਇਹ ਅਧਿਆਪਕ ਦਫ਼ਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੋਗਾ ’ਚ ਤਾਇਨਾਤ ਰਹੇਗਾ।
ਸਿੱਖਿਆ ਵਿਭਾਗ ਦੇ ਅਗਲੇ ਹੁਕਮਾਂ ਤੱਕ ਅਧਿਆਪਕ ਦੀ ਹਾਜ਼ਰੀ ਡੀ ਈ ਓ ਦਫ਼ਤਰ ਮੋਗਾ ’ਚ ਲੱਗੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਰ ਬੱਚੇ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਆਪਣੀ ਪ੍ਰਮੁੱਖ ਤਰਜੀਹ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਰੇਕ ਵਿਦਿਆਰਥੀ ਦੀ ਸੁਰੱਖਿਆ, ਮਾਣ-ਸਨਮਾਨ ਅਤੇ ਮਾਨਸਿਕ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਧਮਕਾਉਣ ਜਾਂ ਨੁਕਸਾਨ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਅਧਿਆਪਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਸਮਾਂਬੱਧ ਰੈਗੂਲਰ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਦੋਸ਼ ਸਾਬਤ ਹੋਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸਬੰਧਿਤ ਕਿਸੇ ਵੀ ਸ਼ਿਕਾਇਤ ਨਾਲ ਤੁਰੰਤ ਅਤੇ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਕੂਲੀ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਸਕੱਤਰ ਅਤੇ ਮੋਗਾ ਦੇ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਰਿਪੋਰਟ ਤਲਬ ਕਰ ਲਈ ਹੈ।
ਕੌਮੀ ਕਮਿਸ਼ਨ ਨੇ ਇੱਕ ਮੀਡੀਆ ਰਿਪੋਰਟ ਦੇ ਆਧਾਰ ‘ਤੇ ਜ਼ਿਲ੍ਹਾ ਮੋਗਾ ਦੇ ਪਿੰਡ ਮੋਠਾਂਵਾਲੀ ਦੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਸਕੂਲੀ ਲੜਕੀਆਂ ਨਾਲ ਛੇੜਛਾੜ ਕੀਤੇ ਜਾਣ ਦੇ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਇਸ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਸਨ।
ਪਿੰਡ ਮੋਠਾਂਵਾਲੀ ਦੇ ਸਕੂਲ ਦੀਆਂ ਛੇਵੀਂ ਅਤੇ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਅਧਿਆਪਕ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ ਕਿ ਅਧਿਆਪਕ ਉਨ੍ਹਾਂ ਨਾਲ ਛੇੜਛਾੜ ਕਰਦਾ ਹੈ ਅਤੇ ਨਾਲ ਹੀ ਧਮਕੀਆਂ ਦਿੰਦਾ ਹੈ ਕਿ ਜੇਕਰ ਕਿਸੇ ਲੜਕੀ ਨੇ ਇਸ ਗੱਲ ਦੀ ਭਿਣਕ ਬਾਹਰ ਕੱਢੀ ਤਾਂ ਉਸ ਨੂੰ ਫ਼ੇਲ੍ਹ ਕਰ ਦਿੱਤਾ ਜਾਵੇਗਾ।
ਕੌਮੀ ਕਮਿਸ਼ਨ ਨੇ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਇਹ ਘਟਨਾ ਸੱਚੀ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਮਾਮਲਾ ਬਣਦਾ ਹੈ।
ਕਮਿਸ਼ਨ ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਅਤੇ ਜ਼ਿਲ੍ਹਾ ਮੋਗਾ ਦੇ ਐੱਸ ਐੱਸ ਪੀ ਨੂੰ ਨੋਟਿਸ ਜਾਰੀ ਕਰਕੇ ਇਸ ਘਟਨਾ ਦੀ ਦੋ ਹਫ਼ਤਿਆਂ ਦੇ ਅੰਦਰ-ਅੰਦਰ ਵਿਸਥਾਰਤ ਰਿਪੋਰਟ ਮੰਗ ਲਈ ਹੈ।
ਮੋਠਾਂਵਾਲੀ ਸਕੂਲ ਦਾ ਇਹ ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਸਕੂਲ ਦੀ ਇੱਕ ਵਿਦਿਆਰਥਣ ਨੇ ਇਹ ਘਟਨਾ ਆਪਣੇ ਮਾਪਿਆਂ ਨਾਲ ਸਾਂਝੀ ਕੀਤੀ। ਇਸ ਲੜਕੀ ਦੇ ਮਾਪੇ ਪੰਚਾਇਤ ਸਮੇਤ ਸਕੂਲ ਪਹੁੰਚੇ, ਜਿੱਥੇ ਉਕਤ ਅਧਿਆਪਕ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ।
ਜਦੋਂ ਮਾਮਲਾ ਭਖ ਗਿਆ ਤਾਂ ਹੋਰ ਸਕੂਲੀ ਬੱਚੀਆਂ ਨੇ ਵੀ ਉਕਤ ਅਧਿਆਪਕ ਖ਼ਿਲਾਫ਼ ਦੋਸ਼ ਲਗਾਏ। ਪੰਚਾਇਤ ਨੇ ਮੌਕੇ ‘ਤੇ ਹੀ ਪੁਲੀਸ ਨੂੰ ਵੀ ਬੁਲਾ ਲਿਆ। ਮੋਠਾਂਵਾਲੀ ਦੇ ਸਕੂਲ ਵਿੱਚ ਵਾਪਰੀ ਇਸ ਘਟਨਾ ਮਗਰੋਂ ਸਕੂਲੀ ਵਿਦਿਆਰਥਣਾਂ ਵਿੱਚ ਡਰ ਅਤੇ ਮਾਪਿਆਂ ਵਿੱਚ ਫ਼ਿਕਰਮੰਦੀ ਵਧ ਗਈ ਹੈ।