DSP ਸਤਵੀਰ ਸਿੰਘ ਤੁਰੰਤ ਪ੍ਰਭਾਵ ਨਾਲ ਕਰ ‘ਤਾ ਸਸਪੈਂਡ, ਜਾਣੋ ਮਾਮਲਾ
ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਵੱਲੋਂ ਅੱਜ ਇੱਕ ਅਹਿਮ ਹੁਕਮ ਜਾਰੀ ਕਰਦਿਆਂ ਬਰਨਾਲਾ ਵਿਖੇ ਤਾਇਨਾਤ ਡੀ.ਐਸ.ਪੀ. ਸਤਵੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਵਾਈ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀ.ਆਈ.ਜੀ.), ਪਟਿਆਲਾ ਰੇਂਜ ਵੱਲੋਂ 24 ਜੁਲਾਈ 2026 ਨੂੰ ਭੇਜੀ ਗਈ ਇੱਕ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ। ਡੀ.ਜੀ.ਪੀ. ਪੰਜਾਬ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਹੁਕਮਾਂ ਅਨੁਸਾਰ ਸਤਵੀਰ ਸਿੰਘ (ਡੀ.ਆਰ. 2020) ਨੂੰ ‘ਪਨਿਸ਼ਮੈਂਟ ਐਂਡ ਅਪੀਲ ਰੂਲਜ਼, 1970’ ਦੇ ਨਿਯਮ 4(1)(ਏ) ਤਹਿਤ ਮੁਅੱਤਲੀ ਅਧੀਨ ਰੱਖਿਆ ਗਿਆ ਹੈ।
ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੁਅੱਤਲੀ ਦੇ ਸਮੇਂ ਦੌਰਾਨ ਡੀ.ਐਸ.ਪੀ. ਸਤਵੀਰ ਸਿੰਘ ਦਾ ਹੈੱਡਕੁਆਰਟਰ 4ਥੀ ਕਮਾਂਡੋ ਬਟਾਲੀਅਨ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਹੋਵੇਗਾ। ਇਸ ਦੇ ਨਾਲ ਹੀ, ਡੀ.ਜੀ.ਪੀ. ਦਫ਼ਤਰ ਵੱਲੋਂ ਗ੍ਰਹਿ ਵਿਭਾਗ ਨੂੰ ਸਤਵੀਰ ਸਿੰਘ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰਨ ਲਈ ਸਿਫ਼ਾਰਸ਼ ਵੀ ਭੇਜ ਦਿੱਤੀ ਗਈ ਹੈ।

ਕੀ ਹੈ ਮਾਮਲਾ
ਬਰਨਾਲਾ ’ਚ ਪ੍ਰਦਰਸ਼ਨਕਾਰੀ ਸਫ਼ਾਈ ਸੇਵਕਾਂ ਨੇ ਕੂੜਾ ਚੁੱਕਣ ਵਾਲੀਆਂ ਟੀਮਾਂ ਨੂੰ ਰੋਕਣਾ ਚਾਹਿਆ ਸੀ ਅਤੇ ਇਸ ਮੌਕੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਟਕਰਾਅ ਹੋ ਗਿਆ ਸੀ।

ਬਰਨਾਲਾ ਨਿਗਮ ਨੇ ਸ਼ਹਿਰ ਵਿਚੋਂ ਕੂੜਾ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ। ਬਰਨਾਲਾ ਲਾਠੀਚਾਰਜ ਘਟਨਾ ’ਚ ਕਈ ਸਫ਼ਾਈ ਸੇਵਕਾਂ ਨੂੰ ਸੱਟਾਂ ਵੀ ਲੱਗੀਆਂ ਸਨ।
ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਸੀ ਅਤੇ ਪੰਜਾਬ ਸਰਕਾਰ ਨੂੰ ਇਸ ਦੀ ਰਿਪੋਰਟ ਹਫ਼ਤੇ ਦੇ ਅੰਦਰ ਅੰਦਰ ਸੌਂਪਣ ਲਈ ਕਿਹਾ ਸੀ। ਇਸੇ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਵੀ ਬਰਨਾਲਾ ’ਚ ਹੋਏ ਲਾਠੀਚਾਰਜ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਐੱਸ ਐੱਸ ਪੀ ਤੋਂ ਜਵਾਬ ਤਲਬ ਕੀਤਾ ਸੀ।