Raja Warring ਦੇ ਅਸਤੀਫੇ ਦੀਆਂ ਕਿਆਸਰਾਈਆਂ
Raja Warring Resignation: ਪੰਜਾਬ ਕਾਂਗਰਸ ਦਾ ਵਿਵਾਦ ਵਧਣ ਤੋਂ ਬਾਅਦ ਪ੍ਰਧਾਨ ਬਦਲਣ ਦੀਆਂ ਅਫਵਾਹਾਂ; ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾਉਣ ਦੇ ਚਰਚੇ
Punjab Congress Crisis: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਦਿੱਲੀ ਤਲਬ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੇ ਚਰਚੇ ਹਨ। ਇਸ ਦੌਰਾਨ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆਸਰਾਈਆਂ ਹਨ ਪਰ ਇਸ ਦੀ ਕਿਸੇ ਵੀ ਕਾਂਗਰਸ ਆਗੂ ਨੇ ਪੁਸ਼ਟੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਵਿਚ ਕਈ ਚਰਚਾਵਾਂ ਚਲ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪੰਜਾਬ ਵਿਚ ਕਿਸੇ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾ ਸਕਦੀ ਹੈ।
ਪੰਜਾਬ ਕਾਂਗਰਸ ਦੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਪ੍ਰਧਾਨ ਰਾਜਾ ਵੜਿੰਗ ਦੇ ਹੱਕ ਵਿਚ ਹਨ ਜਦਕਿ 117 ਵਿਧਾਨ ਸਭਾ ਹਲਕਿਆਂ ਵਿਚੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਵਾਲਿਆਂ ਵਿਚੋਂ 70 ਤੋਂ 80 ਫੀਸਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਬਘੇਲ ਕਈ ਵਾਰ ਕਹਿ ਚੁੱਕੇ ਹਨ ਕਿ ਕਾਂਗਰਸ ਹਾਈਕਮਾਂਡ ਦਾ ਫੈਸਲਾ ਨਹੀਂ ਬਦਲੇਗਾ ਪਰ ਕਾਂਗਰਸ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਚੰਨੀ ਦੇ ਧੜੇ ਨੂੰ ਨਜ਼ਰਅੰਦਾਜ਼ ਕੀਤਾ ਤਾਂ ਇਸ ਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।
ਕਾਂਗਰਸ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਹਾਈਕਮਾਂਡ ਚੰਨੀ ਤੇ ਰੰਧਾਵਾ ਦੀ ਥਾਂ ਕਿਸੇ ਹੋਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾ ਸਕਦੀ ਹੈ। ਜੇ ਰਾਜਾ ਵੜਿੰਗ ਤੋਂ ਅਸਤੀਫਾ ਲਿਆ ਜਾਵੇਗਾ ਤਾਂ ਰਾਜਾ ਵੜਿੰਗ ਨੂੰ ਇਸ ਤੋਂ ਇਲਾਵਾ ਕਾਂਗਰਸ ਵਿਚ ਕੋਈ ਹੋਰ ਵੱਡੀ ਜ਼ਿੰਮੇਵਾਰੀ ਵੀ ਸੌਂਪੀ ਜਾਵੇਗੀ ਕਿਉਂਕਿ ਕਾਂਗਰਸ ਹਾਈ ਕਮਾਂਡ ਰਾਜਾ ਵੜਿੰਗ ਤੇ ਉਸ ਦੇ ਸਾਥੀਆਂ ਨੂੰ ਵੀ ਇਸ ਘੜੀ ਨਾਰਾਜ਼ ਨਹੀਂ ਕਰਨਾ ਚਾਹੁੰਦੀ।
ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਸਾਰੇ ਆਗੂਆਂ ਦੇ ਵਿਚਾਰ ਸੁਣਨ ਲਈ ਤਿਆਰ ਹਨ ਅਤੇ ਉਹ ਸੂਬਾ ਇਕਾਈ ਦੇ ਅੰਦਰ ਉੱਠੀ ਇਸ ਬਗਾਵਤ ਨੂੰ ਜਲਦੀ ਤੋਂ ਜਲਦੀ ਸ਼ਾਂਤ ਕਰਨਾ ਚਾਹੁੰਦੇ ਹਨ।
ਪਾਰਟੀ ਹਾਈਕਮਾਂਡ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਾਂਗਰਸ ਸੂਬੇ ਅੰਦਰ ਚੱਲ ਰਹੀ ਖਾਨਾਜੰਗੀ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫ਼ੈਸਲੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। ਪਾਰਟੀ ਦੇ ਕਈ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਆਗੂ ਵੀ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ‘ਤੇ ਰੱਖਣ ਦੇ ਖ਼ਿਲਾਫ਼ ਹਨ।