Vietnam boat accident: Speedboat operator arrested after 15 Indian tourists die
15 ਭਾਰਤੀ ਸੈਲਾਨੀਆਂ ਦੀ ਮੌਤ ਤੋਂ ਬਾਅਦ ਸਪੀਡਬੋਟ ਆਪਰੇਟਰ ਗ੍ਰਿਫ਼ਤਾਰ
ਵੀਅਤਨਾਮ ਕਿਸ਼ਤੀ ਹਾਦਸਾ: 15 ਭਾਰਤੀ ਸੈਲਾਨੀਆਂ ਦੀ ਮੌਤ ਤੋਂ ਬਾਅਦ ਸਪੀਡਬੋਟ ਆਪਰੇਟਰ ਗ੍ਰਿਫ਼ਤਾਰ
57 ਸਾਲ ਦੇ ਕਪਤਾਨ ਨਗੁਏਨ ਹੋਂਗ ਹਾਈ ਵਜੋਂ ਹੋਈ ਬੋਟ ਆਪਰੇਟਰ ਦੀ ਪਛਾਣ
ਹਨੋਈ: ਵੀਅਤਨਾਮ ਦੇ ਪ੍ਰਸਿੱਧ ‘ਫੂ ਕੁਓਕ’ ਟਾਪੂ ਦੇ ਨੇੜੇ ਸਨਿਚਰਵਾਰ ਨੂੰ ਇਕ ਦਰਦਨਾਕ ਹਾਦਸੇ ਕਾਰਨ 15 ਭਾਰਤੀ ਸੈਲਾਨੀਆਂ ਦੀ ਮੌਤ ਤੋਂ ਬਾਅਦ ਸਪੀਡਬੋਟ ਦੇ ਆਪਰੇਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਅਪਰਾਧਕ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਮੀਡੀਆ ਮੁਤਾਬਕ, ਹਿਰਾਸਤ ਵਿਚ ਲਏ ਗਏ ਬੋਟ ਆਪਰੇਟਰ ਦੀ ਪਛਾਣ 57 ਸਾਲ ਦੇ ਕਪਤਾਨ ਨਗੁਏਨ ਹੋਂਗ ਹਾਈ ਵਜੋਂ ਹੋਈ ਹੈ, ਜੋ ਕਿ ਅਨ ਗਿਆਗ ਪ੍ਰਾਂਤ ਦਾ ਰਹਿਣ ਵਾਲਾ ਹੈ। ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨਹ ਹੁੰਗ ਨੇ ਇਸ ਹਾਦਸੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿਤੇ ਹਨ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ‘ਅਨ ਥੋਈ’ ਆਰਕੀਪੇਲਾਗੋ ਲਈ ਸਪੀਡਬੋਟ ਟੂਰ ਅਸਥਾਈ ਤੌਰ ਉੱਤੇ ਮੁਲਤਵੀ ਕਰ ਦਿਤੇ ਹਨ।
ਸਥਾਨਕ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ‘‘ਸੇਵਾਵਾਂ ਉਦੋਂ ਹੀ ਬਹਾਲ ਕੀਤੀਆਂ ਜਾਣਗੀਆਂ ਜਦੋਂ ਮੌਸਮ ਵਿਚ ਸੁਧਾਰ ਹੋਵੇਗਾ ਤਾਂ ਜੋ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।’’ ਫਿਲਹਾਲ ਵੀਅਤਨਾਮੀ ਕਾਨੂੰਨ ਤਹਿਤ ਮਾਮਲੇ ਦੀ ਅਗਲੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਹਾਦਸੇ ਕਾਰਨ ਜਾਨ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਜਲਦ ਭਾਰਤ ਭੇਜੀਆਂ ਜਾਣਗੀਆਂ। ਭਾਰਤੀ ਸਫ਼ਾਰਤਖ਼ਾਨੇ ਮੁਤਾਬਕ ਮਿ੍ਰਤਕ ਦੇਹਾਂ ਨੂੰ ਹੋ ਚੀ ਮਿਨ੍ਹ ਸ਼ਹਿਰ ਲਿਆਂਦਾ ਗਿਆ ਹੈ, ਜਿੱਥੋਂ ਇਨ੍ਹਾਂ ਨੂੰ ਜਲਦ ਭਾਰਤ ਭੇਜਿਆ ਜਾਵੇਗਾ।
ਇਸ ਹਾਦਸੇ ਵਿਚ 17 ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ, ਜਿਨ੍ਹਾਂ ’ਚੋਂ 16 ਸੈਲਾਨੀ ਭਾਰਤ ਵਾਪਸ ਪਰਤ ਰਹੇ ਹਨ। ਫਿਲਹਾਲ ਇਕ ਭਾਰਤੀ ਸੈਲਾਨੀ ਦੀ ਹਾਲਤ ਨਾਜ਼ੁਕ ਹੈ, ਜਿਸ ਬਾਰੇ ਸਫ਼ਾਰਤਖ਼ਾਨੇ ਨੇ ਕਿਹਾ, ‘‘ਅਸੀਂ ਫੂ ਕੁਓਕ ਹਸਪਤਾਲ ਵਿਚ ਜ਼ੇਰੇ-ਇਲਾਜ ਇਕੋ-ਇਕ ਵਿਅਕਤੀ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ।’’