Breaking News

Canada ਕੈਨੇਡਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ’ਤੇ ਪਹਿਰਾ ਦੇਣ ਦਾ ਐਲਾਨ

Canada Gurdwara:

Canada Gurdwara: ਕੈਨੇਡਾ ਦੇ ਵਾਹਨ (ਓਨਟਾਰੀਓ) ਵਿੱਚ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਮੈਂਬਰ ਬੀਬੀ ਹਰਜਿੰਦਰ ਕੌਰ ਦੀ ਅਗਵਾਈ ਵਿੱਚ ਪੰਜਾਬ ਤੋਂ ਧਾਰਮਿਕ ਸੰਸਥਾਵਾਂ ਨੂੰ ਸੁਚੇਤ ਕਰਨ ਆਇਆ ਇਕ ਉੱਚ ਪੱਧਰੀ ਵਫ਼ਦ ਗੁਰਦੁਆਰਾ ਵਾਹਨ ਵਿਖੇ ਪਹੁੰਚਿਆ।

ਇਸ ਵਫ਼ਦ ਵਿੱਚ ਬੀਬੀ ਹਰਜਿੰਦਰ ਕੌਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਸੰਨੀ ਜੋਗੇਵਾਲ ਅਤੇ ਨਿਰਵੈਰ ਸਿੰਘ ਸੋਤਰਾ ਆਦਿ ਪ੍ਰਮੁੱਖ ਆਗੂ ਸ਼ਾਮਲ ਸਨ।

ਚੱਲ ਰਹੇ ਮੌਜੂਦਾ ਹਾਲਾਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਵਫ਼ਦ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਪੰਜਾਬ ਅੰਦਰ ਮੁੱਖ ਮੰਤਰੀ ਵੱਲੋਂ ਪੰਥਕ ਰਵਾਇਤਾਂ ਨੂੰ ਦਿੱਤੀ ਜਾ ਰਹੀ ਚੁਣੌਤੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਚੱਲ ਰਹੇ ਮੌਜੂਦਾ ਹਾਲਾਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਾਬਾ ਸਰੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਸੰਸਥਾਵਾਂ ਨੇ ਪਿਛਲੇ 40 ਸਾਲਾਂ ਤੋਂ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਫੁੱਲ ਚੜ੍ਹਾਏ ਹਨ ਅਤੇ ਉਹ ਵਰਤਮਾਨ ਹੁਕਮਨਾਮੇ ਅੱਗੇ ਵੀ ਪੂਰੀ ਤਰ੍ਹਾਂ ਨਤਮਸਤਕ ਹਨ। ਉਨ੍ਹਾਂ ਚੰਡੀਗੜ੍ਹ ਝੀਲ ਨਜ਼ਦੀਕ ਸਥਿਤ ਆਪਣੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਵੀ ਉੱਥੇ ਕੋਈ ਮੁਸ਼ਕਲ ਬਣੀ, ਬੀਬੀ ਹਰਜਿੰਦਰ ਕੌਰ ਨੇ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ, ਜਿਸ ਸਦਕਾ ਸਾਡੀ ਹਰ ਮੈਦਾਨ ਫ਼ਤਿਹ ਹੁੰਦੀ ਰਹੀ।

ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਦੀਵਾਨ ਦੌਰਾਨ ਬਾਬਾ ਸਰੂਪ ਸਿੰਘ ਨੇ ਸੰਗਤ ਦੇ ਰੂ-ਬ-ਰੂ ਹੋ ਕੇ ਸਟੇਜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪ੍ਰੋੜ੍ਹਤਾ ਕੀਤੀ, ਜਿਸ ਦਾ ਹਾਜ਼ਰ ਸੰਗਤਾਂ ਨੇ ਆਕਾਸ਼-ਗੁੰਜਾਊ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਜਵਾਬ ਦਿੱਤਾ। ਇਸ ਮੌਕੇ ਬੋਲਦਿਆਂ ਬੀਬੀ ਹਰਜਿੰਦਰ ਕੌਰ ਨੇ ਪੰਥਕ ਏਕਤਾ ’ਤੇ ਸੰਤੁਸ਼ਟੀ ਪ੍ਰਗਟਾਈ ਅਤੇ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਗੁਰਪ੍ਰੀਤ ਸਿੰਘ ਝੱਬਰ ਨੇ ਬਾਬਾ ਜੀ ਦੀ ਦੂਰਅੰਦੇਸ਼ੀ ਦੀ ਪ੍ਰਸ਼ੰਸਾ ਕਰਦਿਆਂ ਪੰਥ ਦੀ ਚੜ੍ਹਦੀ ਕਲਾ ਦੇ ਜੈਕਾਰੇ ਛੱਡੇ। ਅਕਾਲੀ ਆਗੂ ਮੱਖਣ ਬਰਾੜ ਨੇ ਬਾਬਾ ਸਰੂਪ ਸਿੰਘ ਨੂੰ ਜਲਦ ਪੰਜਾਬ ਆਉਣ ਦਾ ਨਿੱਘਾ ਸੱਦਾ ਦਿੱਤਾ। ਸਮਾਗਮ ਦੇ ਅਖੀਰ ਵਿੱਚ ਪੰਜਾਬ ਤੋਂ ਆਏ ਸਮੂਹ ਮਹਿਮਾਨਾਂ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਵਿੱਚ ਬੀਬੀ ਅਮਨਦੀਪ ਕੌਰ, ਚਰਨਜੀਤ ਸਿੰਘ ਸੰਘਾ ਅਤੇ ਸੰਨੀ ਬਰੈਂਟਫੋਰਡ ਸਮੇਤ ਵੱਡੀ ਗਿਣਤੀ ਵਿੱਚ ਪੱਤਵੰਤੇ ਸੱਜਣ ਉਚੇਚੇ ਤੌਰ ’ਤੇ ਹਾਜ਼ਰ ਸਨ।

Check Also

Punjab ਤੀਹਰੇ ਕਤਲ ਕਾਂਡ ਨਾਲ ਕੰਬਿਆ ਪੰਜਾਬ, ਚਾਚੀ, ਭਰਾ ਤੇ ਦੋਸਤ ਨੂੰ ਗੋਲੀਆਂ ਨਾਲ ਭੁੰਨਿਆ, ਫਿਰ ਕੀਤੀ ਖ਼ੁਦਕੁਸ਼ੀ

Punjab     ਬਟਾਲਾ     ਤੀਹਰੇ ਕਤਲ ਕਾਂਡ ਨਾਲ ਕੰਬਿਆ ਪੰਜਾਬ, ਚਾਚੀ, ਭਰਾ ਤੇ ਦੋਸਤ …