Breaking News

‘Khalsa Tax’ on Himachal Vehicles: ਹਿਮਾਚਲ ਦੀਆਂ ਗੱਡੀਆਂ ’ਤੇ 21 ਜੂਨ ਤੋਂ ਵਸੂਲਿਆ ਜਾਵੇਗਾ ‘ਖਾਲਸਾ ਟੈਕਸ’

‘Khalsa Tax’ on Himachal Vehicles: ਹਿਮਾਚਲ ਦੀਆਂ ਗੱਡੀਆਂ ’ਤੇ 21 ਜੂਨ ਤੋਂ ਵਸੂਲਿਆ ਜਾਵੇਗਾ ‘ਖਾਲਸਾ ਟੈਕਸ’

ਨਿਹੰਗ ਸਿੰਘਾਂ ਨੇ ਕੀਤਾ ਐਲਾਨ; ਹਿਮਾਚਲ ਸਰਕਾਰ ਦੇ ਟੈਕਸ ਦਾ ਵਿਰੋਧ; ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋਣ ਦਾ ਦਿੱਤਾ ਹਵਾਲਾ

ਨਿਹੰਗ ਸਿੰਘਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਇਆ ਗਿਆ ਟੈਕਸ ਵਾਪਸ ਨਹੀਂ ਲਿਆ ਜਾਂਦਾ ਤਾਂ 21 ਜੂਨ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਹਿਮਾਚਲ ਨੰਬਰ ਵਾਲੀਆਂ ਗੱਡੀਆਂ ਤੋਂ ‘ਖਾਲਸਾ ਟੈਕਸ’ ਵਸੂਲਿਆ ਜਾਵੇਗਾ।

ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਹਿਮਾਚਲ ਸਰਕਾਰ ਵੱਲੋਂ ਲਗਾਏ ਗਏ ਇਸ ਟੈਕਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਕਾਰਨ ਪੰਜਾਬ ਦੇ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਅਤੇ ਵਾਧੂ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਈ ਵਾਰ ਇਸ ਮੁੱਦੇ ਨੂੰ ਉਠਾਉਣ ਦੇ ਬਾਵਜੂਦ ਹਿਮਾਚਲ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਇਸ ਲਈ ਹੁਣ 21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ‘ਤੇ ‘ਖਾਲਸਾ ਟੈਕਸ’ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਨਿਹੰਗ ਸਿੰਘਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਹਿਮਾਚਲ ਸਰਕਾਰ ਇਹ ਟੈਕਸ ਪੂਰੀ ਤਰ੍ਹਾਂ ਖਤਮ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾਵੇ।

ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਲੋਕਾਂ ਦੀ ਨਜ਼ਰ ਹੁਣ ਸਰਕਾਰਾਂ ਦੇ ਅਗਲੇ ਕਦਮਾਂ ‘ਤੇ ਟਿਕੀ ਹੋਈ ਹੈ।

ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇ ‘ਤੇ ਕੁਝ ਦਿਨ ਪਹਿਲਾਂ ‘ਖਾਲਸਾ ਟੈਕਸ’ ਮੁਹਿੰਮ ਸ਼ੁਰੂ ਕਰ ਦਿੱਤੀ ਸੀ।

ਯਾਦ ਰਹੇ ਕਿ 1 ਜੂਨ ਨੂੰ ਕਿਸਾਨ ਜਥੇਬੰਦੀਆਂ, ਟੈਕਸੀ ਯੂਨੀਅਨਾਂ, ਸਰਹੱਦੀ ਇਲਾਕਿਆਂ ਦੇ ਵਸਨੀਕਾਂ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਹਿਮਾਚਲ ਦੇ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਚਾਰ ਘੰਟਿਆਂ ਲਈ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਮੌਕੇ ਨਿਹੰਗ ਸਿੰਘਾਂ ਨੇ ਐਲਾਨ ਕੀਤਾ ਸੀ ਕਿ ਜੇ ਹਿਮਾਚਲ ਸਰਕਾਰ ਇਹ ਟੈਕਸ ਵਾਪਸ ਨਹੀਂ ਲੈਂਦੀ ਤਾਂ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਲਈ ‘ਖਾਲਸਾ ਟੈਕਸ’ ਦੀਆਂ ਪਰਚੀਆਂ ਕੱਟੀਆਂ ਜਾਣਗੀਆਂ।

ਉਸ ਵੇਲੇ ਬਾਬਾ ਅੱਛਰ ਸਿੰਘ ਮਹਾਕਾਲ ਨੇ ਕਿਹਾ ਸੀ ਕਿ ਇਹ ਧਰਨਾ ਅਤੇ ‘ਖਾਲਸਾ ਟੈਕਸ’ ਮੁਹਿੰਮ ਹਿਮਾਚਲ ਸਰਕਾਰ ਨੂੰ ਜਗਾਉਣ ਲਈ ਇੱਕ ਸੰਕੇਤਕ ਕਦਮ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਰਹੱਦੀ ਇਲਾਕਿਆਂ ਵਿੱਚ ਲਗਾਏ ਗਏ ਐਂਟਰੀ ਟੈਕਸ ਖਤਮ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

Check Also

Canada ¡: ਅਮਰੀਕਾ ਤੋਂ ਕੈਨੇਡਾ ਟਰੱਕ ਚਲਾਉਂਦੇ ਦੋ ਭਾਰਤੀ ਨਸ਼ੇ ਸਮੇਤ ਗ੍ਰਿਫਤਾਰ

Canada : ਅਮਰੀਕਾ ਤੋਂ ਕੈਨੇਡਾ ਟਰੱਕ ਚਲਾਉਂਦੇ ਦੋ ਭਾਰਤੀ ਵੈਭਵ ਸਕਸੈਨਾ ਤੇ ਚੰਦਨ ਦਿਆਲ ਨਸ਼ੇ …