Bollywood News – ਮਨੋਰੰਜਨ ਇੰਡਸਟਰੀ ”ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

ਫਿਲਮ ਇੰਡਸਟਰੀ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਦੇਸ਼ ਕੁਮਾਰ ਧਵਨ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਧੀ ਮਿਸ਼ਿਕਾ ਧਵਨ ਜਮਤਾਨੀ ਨੇ ਕੀਤੀ।
ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ, ਜਿੱਥੇ ਕਈ ਫਿਲਮੀ ਹਸਤੀਆਂ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।

ਸੁਦੇਸ਼ ਕੁਮਾਰ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਪ੍ਰਿਥਵੀ ਥੀਏਟਰ ਨਾਲ ਕੀਤੀ ਸੀ, ਜਿੱਥੇ ਉਨ੍ਹਾਂ ਨੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਦੀ ਮੁਲਾਕਾਤ “ਸ਼ੋਮੈਨ” ਰਾਜ ਕਪੂਰ ਨਾਲ ਹੋਈ।
ਇਸ ਤੋਂ ਬਾਅਦ, ਸੁਦੇਸ਼ ਕੁਮਾਰ ਉਨ੍ਹਾਂ ਦੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਹਿੱਸਾ ਬਣੇ। ਸੁਦੇਸ਼ ਕੁਮਾਰ ਨਾ ਸਿਰਫ਼ ਪਰਦੇ ‘ਤੇ ਸਗੋਂ ਪਰਦੇ ਪਿੱਛੇ ਵੀ ਸਰਗਰਮ ਸਨ। ਅਦਾਕਾਰੀ ਦੇ ਆਪਣੇ ਜਨੂੰਨ ਦੇ ਨਾਲ-ਨਾਲ, ਉਨ੍ਹਾਂ ਨੂੰ ਫਿਲਮ ਨਿਰਮਾਣ ਵਿੱਚ ਵੀ ਡੂੰਘੀ ਦਿਲਚਸਪੀ ਸੀ।

ਸੁਦੇਸ਼ ਕੁਮਾਰ ਨੇ 1966 ਦੀ ਫਿਲਮ “ਦੋ ਬਦਨ” ਵਿੱਚ ਬਤੌਰ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਉਨ੍ਹਾਂ ਨੇ “ਛੋਟੀ ਬਹਿਣ” (1959), ਪਵਨ ਪੁੱਤਰ ਹਨੂੰਮਾਨ (1957), “ਸਾਰੰਗਾ” (1961) ਖਾਨਦਾਨ (1965) ਅਤੇ ਮੇਹਰਬਾਨ (1967) ਵਰਗੀਆਂ ਕਈ ਸੁਪਰਹਿੱਟ ਫਿਲਮਾਂ ਨਾਲ ਅਮਿੱਟ ਛਾਪ ਛੱਡੀ।
ਉਨ੍ਹਾਂ ਦੇ ਕਰੀਅਰ ਦੀ ਆਖਰੀ ਫਿਲਮ “ਸੁਰ” ਸੀ, ਜੋ 2002 ਵਿੱਚ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ ਸੀ।