Iran ਆਪਣਾ ਵਫ਼ਦ ਪਾਕਿਸਤਾਨ ਨਹੀਂ ਭੇਜੇਗਾ, ਪਹਿਲਾਂ ਇਰਾਨ ’ਤੇ ਅਮਰੀਕੀ ਫੌਜ ਦੀ ਨਾਕੇਬੰਦੀ ਹਟਾਉਣ ਲਈ ਕਿਹਾ
ਇਰਾਨ ਆਪਣਾ ਵਫ਼ਦ ਪਾਕਿਸਤਾਨ ਨਹੀਂ ਭੇਜੇਗਾ, ਪਹਿਲਾਂ ਇਰਾਨ ’ਤੇ ਅਮਰੀਕੀ ਫੌਜ ਦੀ ਨਾਕੇਬੰਦੀ ਹਟਾਉਣ ਲਈ ਕਿਹਾ
ਅਮਰੀਕਾ ਵੱਲੋਂ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਜੇਰੇਡ ਕੁਸ਼ਨਰ ਭਲਕੇ ਪਹੁੰਚਣਗੇ ਇਸਲਾਮਾਬਾਦ

ਤਹਿਰਾਨ: ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਖਤਮ ਕਰਨ ਨੂੰ ਲੈ ਕੇ ਇਸਲਾਮਾਬਾਦ ਵਿੱਚ ਸੋਮਵਾਰ ਨੂੰ ਦੂਜੇ ਦੌਰ ਦੀ ਗੱਲਬਾਤ ਹੋਣ ਵਾਲੀ ਹੈ। ਪਰ ਇਸ ਤੋਂ ਪਹਿਲਾਂ ਇਰਾਨ ਨੇ ਉੱਥੇ ਆਪਣੇ ਪ੍ਰਤੀਨਿਧਾਂ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ।
ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ‘ਤਸਨੀਮ’ ਮੁਤਾਬਕ ਜਦੋਂ ਤੱਕ ਇਰਾਨ ‘ਤੇ ਸਮੁੰਦਰੀ ਨਾਕਾਬੰਦੀ ਜਾਰੀ ਰਹੇਗੀ, ਉਦੋਂ ਤੱਕ ਪਾਕਿਸਤਾਨ ਵਿੱਚ ਗੱਲਬਾਤ ਲਈ ਕੋਈ ਵਫ਼ਦ ਨਹੀਂ ਭੇਜਿਆ ਜਾਵੇਗਾ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਇਰਾਨ ਕੋਲ ਆਖਰੀ ਮੌਕਾ ਹੈ। ਜੇਕਰ ਸਮਝੌਤਾ ਨਹੀਂ ਹੋਇਆ, ਤਾਂ ਇਰਾਨ ਦੇ ਇਨਫਰਾਸਟਰਕਚਰ (ਬੁਨਿਆਦੀ ਢਾਂਚੇ) ‘ਤੇ ਵੱਡੇ ਹਮਲੇ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕੀ ਵਫ਼ਦ ਸੋਮਵਾਰ ਨੂੰ ਗੱਲਬਾਤ ਲਈ ਪਾਕਿਸਤਾਨ ਪਹੁੰਚੇਗਾ।

ਟਰੰਪ ਨੇ ‘ਨਿਊਯਾਰਕ ਪੋਸਟ’ ਨਾਲ ਗੱਲਬਾਤ ਵਿੱਚ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਇਸਲਾਮਾਬਾਦ ਪਹੁੰਚਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਪ-ਰਾਸ਼ਟਰਪਤੀ ਜੇਡੀ ਵੈਂਸ ਪਾਕਿਸਤਾਨ ਨਹੀਂ ਜਾਣਗੇ। ਵੈਂਸ ਨੇ 11-12 ਅਪ੍ਰੈਲ ਨੂੰ ਇਰਾਨ ਨਾਲ ਹੋਈ ਗੱਲਬਾਤ ਵਿੱਚ ਅਮਰੀਕੀ ਵਫ਼ਦ ਦੀ ਅਗਵਾਈ ਕੀਤੀ ਸੀ।