Vrindavan Boat Accident: ਪੰਜਾਬ ਤੋਂ ਵਰਿੰਦਾਬਨ ਗਏ ਸੈਲਾਨੀਆਂ ਦੀ ਕਿਸ਼ਤੀ ਪਲਟੀ; 8 ਹਲਾਕ
ਸੰਤੁਲਨ ਵਿਗਡ਼ਨ ਕਾਰਨ ਪਲਟੀ ਕਿਸ਼ਤੀ; ਕਿਸ਼ਤੀ ਵਿਚ 30 ਜਣੇ ਸਨ ਸਵਾਰ
ਮਥੁਰਾ ਦੇ ਵਰਿੰਦਾਬਨ ਵਿੱਚ ਅੱਜ ਦੁਪਹਿਰ ਵੇਲੇ ਇਕ ਵੱਡੀ ਕਿਸ਼ਤੀ ਪਲਟ ਗਈ ਜਿਸ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ। ਇਸ ਕਿਸ਼ਤੀ ਵਿਚ 30 ਦੇ ਕਰੀਬ ਜਣੇ ਸਵਾਰ ਸਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਸੈਲਾਨੀਆਂ ਦਾ ਇੱਕ ਗਰੁੱਪ ਯਮੁਨਾ ਨਦੀ ਦੀ ਸੈਰ ਕਰਨ ਲਈ ਇੱਕ ਕਿਸ਼ਤੀ ਵਿੱਚ ਸਵਾਰ ਹੋਇਆ ਸੀ। ਦੁਪਹਿਰ ਦੇ ਕਰੀਬ ਢਾਈ ਵਜੇ ਜਦੋਂ ਇਹ ਕਿਸ਼ਤੀ ਕੇਸ਼ੀਘਾਟ ਤੋਂ ਥੋੜ੍ਹੀ ਦੂਰ ਅੱਗੇ ਵਧੀ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਨਦੀ ਵਿੱਚ ਪਲਟ ਗਈ। ਇਸ ਹਾਦਸੇ ਕਾਰਨ ਕਿਸ਼ਤੀ ਵਿੱਚ ਸਵਾਰ ਸਾਰੇ ਸ਼ਰਧਾਲੂ ਪਾਣੀ ਵਿੱਚ ਡੁੱਬ ਗਏ ਅਤੇ ਹਾਹਾਕਾਰ ਮੱਚ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਪ੍ਰਸ਼ਾਸਨ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੌਕੇ ਉੱਤੇ ਕਈ ਐਂਬੂਲੈਂਸਾਂ ਪਹੁੰਚ ਚੁੱਕੀਆਂ ਹਨ ਅਤੇ ਹੁਣ ਤੱਕ ਇੱਕ ਸ਼ਰਧਾਲੂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਚਸ਼ਮਦੀਦਾਂ ਮੁਤਾਬਕ ਕਿਸ਼ਤੀ ਵਿੱਚ ਕਰੀਬ 32 ਲੋਕ ਸਵਾਰ ਸਨ ਅਤੇ ਇਹ ਹਾਦਸਾ ਨਦੀ ਵਿੱਚ ਮੌਜੂਦ ਲੋਹੇ ਦੇ ਪੀਪੇ ਨਾਲ ਟਕਰਾਉਣ ਕਰਕੇ ਹੋਇਆ।
ਦਰਅਸਲ ਨਦੀ ਵਿੱਚ ਪੀਪਿਆਂ ਦਾ ਪੁਲ ਬਣਾਇਆ ਗਿਆ ਸੀ ਪਰ ਪਾਣੀ ਦਾ ਪੱਧਰ ਵਧਣ ਕਰਕੇ ਪੀਪੇ ਖੋਲ੍ਹ ਦਿੱਤੇ ਗਏ ਸਨ ਜੋ ਨਦੀ ਵਿੱਚ ਇੱਧਰ-ਉੱਧਰ ਤੈਰ ਰਹੇ ਸਨ। ਸ਼ਾਮ ਸਾਢੇ ਚਾਰ ਵਜੇ ਤੱਕ ਬਾਕੀ ਸ਼ਰਧਾਲੂਆਂ ਦੀ ਭਾਲ ਜਾਰੀ ਸੀ ਪਰ ਅਜੇ ਤੱਕ ਕਿਸੇ ਹੋਰ ਦੇ ਬਾਹਰ ਆਉਣ ਦੀ ਕੋਈ ਖਬਰ ਨਹੀਂ ਮਿਲੀ ਹੈ।
