ਪਿਛਲੇ ਸਾਲ ਟਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ 120 ਕਰੋੜ ਰੁਪਏ ਦਾ ਸੋਨਾ ਚੋਰੀ ਹੋਇਆ ਸੀ ਅਤੇ ਏਅਰ ਕੈਨੇਡਾ ਦੇ ਕੁਝ ਕਰਮਚਾਰੀਆਂ, ਏਅਰਪੋਰਟ ਸਟਾਫ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਹੁਣ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਕੀ ਓਹੀ ਚੋਰੀ ਹੋਇਆ 180 ਕਿਲੋ ਸੋਨਾ ਦੁਬਈ ਰਾਹੀਂ ਅੰਮ੍ਰਿਤਸਰ ਪਹੁੰਚਿਆ ਹੈ।
ਟੋਰਾਂਟੋ ਦੇ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ ਸੋਨਾ ਭਾਰਤ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਪੀਲ ਰੀਜਨਲ ਪੁਲਿਸ ਨੇ ਚੁੱਪ ਚਪੀਤੇ ਪ੍ਰਵਾਨ ਕਰ ਲਿਆ ਹੈ ਕਿ ਲੁੱਟ ਦੀ ਵਾਰਦਾਤ ਤੋਂ ਤੁਰਤ ਬਾਅਦ 400 ਕਿਲੋ ਸੋਨੇ ਵਿਚੋਂ ਵੱਡਾ ਹਿੱਸਾ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਮੁਲਕਾਂ ਵਿਚ ਪਹੁੰਚਾ ਦਿਤਾ ਗਿਆ।
ਦੂਜੇ ਪਾਸੇ ਦੋ ਕਰੋੜ ਡਾਲਰ ਮੁੱਲ ਦਾ ਸੋਨਾ ਲੱਭਣ ਵਿਚ ਜੁਟੀ ਪੁਲਿਸ ਹੁਣ ਤੱਕ 53 ਲੱਖ ਡਾਲਰ ਖਰਚ ਕਰ ਚੁੱਕੀ ਹੈ ਅਤੇ ਜਲਦ ਹੀ ਅੰਕੜਾ ਇਕ ਕਰੋੜ ਡਾਲਰ ਤੱਕ ਪੁੱਜ ਸਕਦਾ ਹੈ।
ਸੋਨਾ ਭਾਰਤ ਜਾਂ ਦੁਬਈ ਵਿਚ ਹੋਣ ਦੀ ਗੱਲ ਪ੍ਰਵਾਨ ਕਰਨ ਤੋਂ ਇਲਾਵਾ ਪੁਲਿਸ ਇਹ ਵੀ ਮੰਨ ਰਹੀ ਹੈ ਕਿ ਸੋਨੇ ਦੀਆਂ 6,600 ਇੱਟਾਂ ਦੀ ਕੀਮਤ 3 ਕਰੋੜ 40 ਲੱਖ ਡਾਲਰ ਹੋ ਸਕਦੀ ਹੈ। ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਪੀਲ ਪੁਲਿਸ ਪੁਲਿਸ ਸੇਵਾ ਬੋਰਡ ਦੀ ਸੁਣਵਾਈ ਦੌਰਾਨ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੋਨੇ ਦੀ ਕੀਮਤ ਕਿੰਨੀ ਹੈ ਕਿਉਂਕਿ ਪੁਲਿਸ ਦੇ ਨਜ਼ਰੀਏ ਤੋਂ ਇਹ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਦਾ ਮਾਮਲਾ ਹੈ।
ਡਿਟੈਕਟਿਵ ਗੋਰਡ ਓਕਸ ਦਾ ਕਹਿਣਾ ਸੀ ਕਿ ਮਾਮੂਲੀ ਮਾਤਰਾ ਵਿਚ ਸੋਨਾ ਗਹਿਣਿਆਂ ਦੀ ਇਕ ਦੁਕਾਨ ਵਿਚ ਪਿਘਲਾਇਆ ਗਿਆ ਅਤੇ ਕਿਸੇ ਵੀ ਮੌਕੇ ’ਤੇ ਪੁਲਿਸ ਨੇ ਇਹ ਦਾਅਵਾ ਨਹੀਂ ਕੀਤਾ ਕਿ 400 ਕਿਲੋ ਸੋਨਾ ਛੋਟੀ ਜਿਹੀ ਦੁਕਾਨ ਵਿਚ ਮੈਲਟ ਕੀਤਾ ਜਾ ਸਕਦਾ ਹੈ।
ਇਥੇ ਦਸਣਾ ਬਣਦਾ ਹੈ ਕਿ ਲੁੱਟ ਦੀ ਵਾਰਦਾਤ ਤੋਂ ਪੂਰਾ ਇਕ ਸਾਲ ਬਾਅਦ ਪੁਲਿਸ ਨੇ ਪ੍ਰੈਸ ਕਾਨਫਰੰਸ ਸੱਦੀ ਅਤੇ 9 ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਅਰਚਿਤ ਗਰੋਵਰ ਨਾਂ ਦੇ ਸ਼ੱਕੀ ਨੂੰ ਭਾਰਤ ਤੋਂ ਪਰਤਣ ਮਗਰੋਂ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਿਆ ਗਿਆ।