Iran-Israel War
ਇਜ਼ਰਾਈਲ ਵੱਲੋਂ ਲਿਬਨਾਨ ਤੇ ਤਹਿਰਾਨ ਦੇ ਤੇਲ ਭੰਡਾਰਾਂ ਉਤੇ ਹਮਲੇ
ਨੇਤਨਯਾਹੂ ਨੇ ਹੋਰ ਹਮਲਿਆਂ ਦੀ ਚਿਤਾਵਨੀ ਦਿੱਤੀ; ਇਰਾਨ ਵੱਲੋਂ ਬਹਿਰੀਨ ਦੇ ਡੀਸੈਲੀਨੇਸ਼ਨ ਪਲਾਂਟ ’ਤੇ ਹਮਲਾ
ਮੱਧ ਪੂਰਬ ਵਿੱਚ ਜੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅੱਜ ਇਜ਼ਰਾਈਲ ਨੇ ਦੱਖਣੀ ਲਿਬਨਾਨ, ਬੈਰੂਤ ਅਤੇ ਤਹਿਰਾਨ ਵਿੱਚ ਤੇਲ ਭੰਡਾਰਾਂ ’ਤੇ ਹਮਲੇ ਕੀਤੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਘਰਸ਼ ਦੇ ਅਗਲੇ ਪੜਾਅ ’ਤੇ ‘ਕਈ ਹੈਰਾਨ ਕਰਨ ਵਾਲੇ’ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਇਰਾਨ ਨੇ ਬਹਿਰੀਨ ਵਿੱਚ ਡੀਸੈਲੀਨੇਸ਼ਨ ਪਲਾਂਟ (ਸਮੁੰਦਰੀ ਪਾਣੀ ਸਾਫ਼ ਕਰਨ ਵਾਲਾ ਪਲਾਂਟ) ’ਤੇ ਹਮਲਾ ਕੀਤਾ ਹੈ।
ਇਸ ਤੋਂ ਪਹਿਲਾਂ ਅੱਜ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਅਮਰੀਕੀ ਹਵਾਈ ਹਮਲੇ ਨੇ ਕੇਸ਼ਮ ਟਾਪੂ ’ਤੇ ਸਥਿਤ ਇਰਾਨੀ ਡੀਸੈਲੀਨੇਸ਼ਨ ਪਲਾਂਟ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਕਰ ਕੇ ਅਮਰੀਕਾ ਨੇ ਨਵੀਂ ਪਿਰਤ ਪਾ ਦਿੱਤੀ ਹੈ। ਖਾੜੀ ਦੇ ਰੇਗਿਸਤਾਨੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਅਜਿਹਾ ਬੁਨਿਆਦੀ ਢਾਂਚਾ ਬਹੁਤ ਅਹਿਮ ਹੁੰਦਾ ਹੈ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਨੇ ਕਿਹਾ ਕਿ ਜਦੋਂ ਤੱਕ ਮੱਧ ਪੂਰਬ ਵਿੱਚ ਜੰਗ ਜਾਰੀ ਰਹੇਗੀ, ਤੇਲ ਦੀਆਂ ਕੀਮਤਾਂ ਵਧਦੀਆਂ ਰਹਿਣਗੀਆਂ, ਜਿਸ ਨਾਲ ਆਲਮੀ ਅਰਥਚਾਰੇ ਨੂੰ ਨੁਕਸਾਨ ਹੋਵੇਗਾ। ਇਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਹੁਸੈਨ ਕਰਮਨਪੁਰ ਮੁਤਾਬਕ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 200 ਬੱਚੇ ਅਤੇ 200 ਔਰਤਾਂ ਮਾਰੀਆਂ ਗਈਆਂ ਹਨ।
ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅਮਰੀਕੀ ਅਤੇ ਇਜ਼ਰਾਇਲੀ ਹਵਾਈ ਮੁਹਿੰਮ ਦੇ ਜਵਾਬ ਵਿੱਚ ਪੂਰੇ ਮੱਧ ਪੂਰਬ ਵਿੱਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਤੇਜ਼ ਕਰਨ ਦੀ ਧਮਕੀ ਦਿੱਤੀ ਹੈ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਹੋਰ ਵੀ ਭਿਆਨਕ ਨਤੀਜੇ ਭੁਗਤਣੇ ਪੈਣਗੇ। ਇਸ ਜੰਗ ਵਿੱਚ ਹੁਣ ਤੱਕ ਇਰਾਨ ਵਿੱਚ ਘੱਟੋ ਘੱਟ 1230, ਲਿਬਨਾਨ ਵਿੱਚ 300 ਤੋਂ ਵੱਧ ਅਤੇ ਇਜ਼ਰਾਈਲ ਵਿੱਚ ਲਗਭਗ ਇੱਕ ਦਰਜਨ ਮੌਤਾਂ ਹੋ ਚੁੱਕੀਆਂ ਹਨ।
ਇਰਾਨ ਦੇ ਹਰ ਸਰਵਉੱਚ ਆਗੂ ’ਤੇ ਹਮਲੇ ਜਾਰੀ ਰੱਖਾਂਗੇ: ਇਜ਼ਰਾਈਲ
ਤਲ ਅਵੀਵ: ਇਜ਼ਰਾਇਲੀ ਰੱਖਿਆ ਬਲਾਂ (ਆਈ ਡੀ ਐੱਫ) ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਇਰਾਨ ਦੇ ਅਗਲੇ ਸੁਪਰੀਮ ਆਗੂ ਵਜੋਂ ਸੰਭਾਵੀ ਜਾਨਸ਼ੀਨ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਣਗੇ। ਅੱਜ ਸਵੇਰੇ ਯੇਰੂਸ਼ਲਮ ਪੋਸਟ ਨੇ ਇਜ਼ਰਾਇਲੀ ਫ਼ੌਜ ਦੀ ਫ਼ਾਰਸੀ ’ਚ ਲਿਖੀ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦਿੰਦਿਆਂ ਕਿਹਾ, ‘‘ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਜ਼ਰਾਈਲ ਹਰ ਜਾਨਸ਼ੀਨ ਅਤੇ ਜਾਨਸ਼ੀਨ ਨਿਯੁਕਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਾ ਪਿੱਛਾ ਜਾਰੀ ਰੱਖੇਗਾ।’’ ਸੈਨਾ ਨੇ ਹੋਰ ਕਿਹਾ, ‘‘ਅਸੀ ਜਾਨਸ਼ੀਨ ਦੀ ਚੋਣ ਸਬੰਧੀ ਮੀਟਿੰਗ ’ਚ ਹਿੱਸਾ ਲੈਣ ਦੇ ਚਾਹਵਾਨ ਸਾਰੇ ਲੋਕਾਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਅਸੀਂ ਤੁਹਾਨੂੰ ਵੀ ਨਿਸ਼ਾਨਾ ਬਣਾਉਣ ਤੋਂ ਝਿਜਕਾਂਗੇ ਨਹੀਂ। ਇਹ ਚਿਤਾਵਨੀ ਹੈ।’’
ਯੂ ਏ ਈ ਦੀ ਰੱਖਿਆ ਪ੍ਰਣਾਲੀ ਰੋਕ ਰਹੀ ਹੈ ਇਰਾਨ ਦੇ ਹਮਲੇ
ਆਬੂ ਧਾਬੀ: ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਰੱਖਿਆ ਪ੍ਰਣਾਲੀ ਇਰਾਨ ਵੱਲੋਂ ਦਾਗ਼ੀਆਂ ਜਾ ਰਹੀਆਂ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਦਾ ਕਰਾਰਾ ਜਵਾਬ ਦੇ ਰਹੀ ਹੈ। ਇਹ ਫੌਜੀ ਕਾਰਵਾਈ ਖਾੜੀ ਮੁਲਕ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਵਾਈ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਕੀਤੀ ਗਈ ਹੈ। ਇਹ ਜਾਣਕਾਰੀ ‘ਅਲ ਜਜ਼ੀਰਾ’ ਦੀ ਰਿਪੋਰਟ ’ਚ ਦਿੱਤੀ ਗਈ ਹੈ। ਇਨ੍ਹਾਂ ਹਮਲਿਆਂ ਦੌਰਾਨ ਕੌਮੀ ਦ੍ਰਿੜ੍ਹਤਾ ਦਾ ਮੁਜ਼ਾਹਰਾ ਕਰਦਿਆਂ ਯੂ ਏ ਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਿਯਾਨ ਨੇ ਬੀਤੇ ਦਿਨ ਪੱਛਮੀ ਏਸ਼ੀਆ ਤੇ ਖਾੜੀ ਖਿੱਤੇ ’ਚ ਵਧਦੇ ਤਣਾਅ ਦਰਮਿਆਨ ਜ਼ਖ਼ਮੀ ਹੋਏ ਪੰਜ ਨਾਗਰਿਕਾਂ ਨਾਲ ਮੁਲਾਕਾਤ ਕੀਤੀ।