LPU ਮਾਮਲਾ – ਰਾਜਨੀਤੀ ਸ਼ਾਸਤਰ ਦੇ ਇੱਕ ਸੀਨੀਅਰ ਪ੍ਰੋਫੈਸਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, “ਇਸ ਪੂਰੇ ਹੰਗਾਮੇ ਪਿੱਛੇ ਰਾਜਨੀਤਿਕ ਕਾਰਨ ਹੋ ਸਕਦੇ ਹਨ। ਵਾਇਰਲ ਵੀਡੀਓਜ਼ ਵਿੱਚ ਜੋ ਹੁੜਦੰਗ ਮਚਾਉਂਦੇ ਅਨਸਰ ਦੇਖੇ ਜਾ ਰਹੇ ਹਨ, ਉਨ੍ਹਾਂ ਕੋਲ ਵਾਕੀ-ਟਾਕੀ ਅਤੇ ਤਲਵਾਰਾਂ ਸਨ। ਉਹ ਵਿਦਿਆਰਥੀ ਨਹੀਂ ਲੱਗਦੇ ਅਤੇ ਕਈ ਤਾਂ ਪੰਜਾਬੀ ਵੀ ਨਹੀਂ ਜਾਪਦੇ। ਅਸ਼ੋਕ ਮਿੱਤਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ 30 ਸਤੰਬਰ ਨੂੰ ਯੂਨੀਵਰਸਿਟੀ ਕੈਂਪਸ ਨੇੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੱਕ ਵਿਸ਼ਾਲ ਰੈਲੀ ਵੀ ਹੋਣ ਜਾ ਰਹੀ ਹੈ।”
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਵਾਦ ‘ਤੇ ਹੁਣ ਤੱਕ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਯੂਨੀਵਰਸਿਟੀ ਦੀ ਸੀਨੀਅਰ ਮੈਨੇਜਮੈਂਟ ਸਾਹਮਣੇ ਆਈ ਹੈ। ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਦੀ ਵੀਡੀਓ ਨੇ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਉਸ ਨੇ ਇਸ ਗੱਲ ‘ਤੇ ਅਫ਼ਸੋਸ ਜਤਾਇਆ ਹੈ ਕਿ ਇਹ ਸਭ ਕਰਨ ਤੋਂ ਪਹਿਲਾਂ ਸਟੂਡੈਂਟਸ ਉਨ੍ਹਾਂ ਦੇ ਕੋਲ ਨਹੀਂ ਆਏ। ਉਨ੍ਹਾਂ ਆਪਣੇ ਦਫ਼ਤਰ ‘ਚ ਵਿਦਿਆਰਥੀ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਉਪਰੰਤ ਸਮੁੱਚੀ ਵਿਦਿਆਰਥੀ ਭਾਈਚਾਰੇ ਨਾਲ ਆਪਣਾ ਦੁੱਖ਼ ਸਾਂਝਾ ਕੀਤਾ ਅਤੇ ਕੈਂਪਸ ‘ਚ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।
ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਵਿੱਚ ਐਤਵਾਰ ਤੜਕੇ ਤੋਂ ਅਫਵਾਹਾਂ ਅਤੇ ਬਿਨਾਂ ਸਬੂਤ ਤੋਂ ਲੱਗੇ ਦੋਸ਼ਾਂ ਤੋਂ ਬਾਅਦ ਸ਼ੁਰੂ ਹੋਏ ਬਿਨਾਂ ਕਿਸੇ ਚਿਹਰੇ ਜਾਂ ਅਗਵਾਈ ਵਾਲੇ ਹਿੰਸਕ ਵਿਦਿਆਰਥੀ ਪ੍ਰਦਰਸ਼ਨ ਨੇ ਕਈ ਗੰਭੀਰ ਪ੍ਰਸ਼ਨ ਖੜ੍ਹੇ ਕਰ ਦਿੱਤੀ ਹਨ, ਜਿਨ੍ਹਾਂ ਦੇ ਜਵਾਬ ਫਿਲਹਾਲ ਪ੍ਰਸ਼ਾਸਨ ਕੋਲ ਨਹੀਂ ਹਨ।
ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ, ਉੱਥੇ ਹੀ ਸਿਆਸੀ ਪਾਰਟੀਆਂ ਵਿਚਾਲੇ ਤੋਹਮਤਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ਐੱਲਪੀਯੂ ਦੇ ਸੰਸਥਾਪਕ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਅਸ਼ੋਕ ਮਿੱਤਲ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਅਧਿਕਾਰਤ ਹੈਂਡਲ ’ਤੇ ਕਿਹਾ ਗਿਆ ਕਿ ਐੱਲਪੀਯੂ ਦੀ ਸਥਿਤੀ ਬੇਕਾਬੂ ਹੋ ਚੁੱਕੀ ਹੈ, ਜਿਸ ਨੇ ਪੰਜਾਬ ਸਰਕਾਰ, ਪੁਲੀਸ ਅਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਨੰਗਾ ਕਰ ਦਿੱਤਾ ਹੈ।
ਪ੍ਰੋ-ਚਾਂਸਲਰ ਰਸ਼ਮੀ ਮਿੱਤਲ ਨੇ ਦੱਸਿਆ ਕਿ ਇਹ ਘਟਨਾ ਸੋਸ਼ਲ ਮੀਡੀਆ ‘ਤੇ ਫ਼ੈਲੀ ਇਕ ਅਫ਼ਵਾਹ ਕਾਰਨ ਵਾਪਰੀ, ਜਿਸ ‘ਤੇ ਵਿਦਿਆਰਥੀਆਂ ਨੇ ਬਿਨਾਂ ਜਾਂਚ ਕੀਤੇ ਭਰੋਸਾ ਕਰ ਲਿਆ। ਉਨ੍ਹਾਂ ਦੁੱਖ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਦੌਰਾਨ ਕੁਝ ਬਾਹਰੀ ਅਨਸਰਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਕੈਂਪਸ ਵਿਚਲੀਆਂ ਦੁਕਾਨਾਂ ‘ਚ ਲੁੱਟ-ਖੋਹ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਗਲਤ ਅਤੇ ਬਾਹਰੀ ਅਨਸਰਾਂ ਖਿਲਾਫ਼ ਪੁਲਸ ਵੱਲੋਂ ਗੰਭੀਰਤਾ ਨਾਲ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਯੂਨੀਵਰਸਿਟੀ ਵੀ ਆਪਣੀ ਜ਼ਿੰਮੇਵਾਰੀ ਨਿਭਾਏਗੀ। ਆਪਣੇ ਬਿਆਨ ‘ਚ ਪ੍ਰੋ-ਚਾਂਸਲਰ ਡਾ. ਰਸ਼ਮੀ ਨੇ ਕਿਹਾ ਕਿ LPU ਅਤੇ ਵਿਦਿਆਰਥੀਆਂ ਵਿਚਕਾਰ ਪਰਿਵਾਰ ਵਰਗਾ ਖ਼ਾਸ ਰਿਸ਼ਤਾ ਹੈ, ਜਿੱਥੇ 400 ਤੋਂ ਵੱਧ ਸਟੂਡੈਂਟ ਆਰਗੇਨਾਈਜ਼ੇਸ਼ਨਾਂ ‘ਚ ਲਗਭਗ 4,000 ਵਿਦਿਆਰਥੀ ਸਮਾਗਮਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਯੂਨੀਵਰਸਿਟੀ ‘ਚ ‘ਸਟੂਡੈਂਟ ਰਿਲੇਸ਼ਨਸ਼ਿਪ’ ਡਿਵੀਜ਼ਨ, ਆਰ. ਐੱਮ. ਐੱਸ. (RMS) ਪੋਰਟਲ ਅਤੇ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹੁੰਦੀਆਂ ਵਿਸ਼ੇਸ਼ ਬੈਠਕਾਂ ਵਰਗੇ ਸਿੱਧੇ ਸੰਚਾਰ ਮਾਧਿਅਮ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਬਜਾਏ ਅਫ਼ਵਾਹ ‘ਤੇ ਯਕੀਨ ਕੀਤਾ।
10 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ
ਇਸ ਪ੍ਰਦਰਸ਼ਨ ਕਾਰਨ ਸ਼ਨੀਵਾਰ ਨੂੰ ਹੋਣ ਵਾਲੀ ਇਕ ਮਹੱਤਵਪੂਰਨ ਕੰਪਨੀ ਦੀ ਪਲੇਸਮੈਂਟ ਡਰਾਈਵ ਨੂੰ ਮੁਲਤਵੀ ਕਰਨਾ ਪਿਆ, ਜਿਸ ਨਾਲ ਕਈ ਵਿਦਿਆਰਥੀ ਪ੍ਰਭਾਵਿਤ ਹੋਏ। ਹਾਲਾਤ ਨੂੰ ਆਮ ਬਣਾਉਣ, ਵਿਦਿਆਰਥੀਆਂ ਦੀ ਮਾਨਸਿਕ ਸ਼ਾਂਤੀ ਯਕੀਨੀ ਕਰਨ ਅਤੇ ਆਗਾਮੀ ਮਿਡ-ਟਰਮ ਪ੍ਰੀਖਿਆਵਾਂ ਦੀ ਤਿਆਰੀ ਲਈ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ 10 ਦਿਨਾਂ ਦੀ ਛੁੱਟੀ ਦਿੱਤੀ ਹੈ ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਸਕਣ।
ਰਸ਼ਮੀ ਮਿੱਤਲ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ‘ਤੇ ਆਉਂਦੀਆਂ ਅਫ਼ਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਆਪਣੀ ਸਮਝਦਾਰੀ ਵਰਤਣ ਦੀ ਹਦਾਇਤ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਸੂਝਵਾਨ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਝੂਠੀਆਂ ਖ਼ਬਰਾਂ ਦਾ ਖੰਡਨ ਕੀਤਾ, ਨਵੇਂ (ਫਰੈਸ਼ਰ) ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਸੰਕਟ ਦੇ ਦੋ ਦਿਨਾਂ ‘ਚ ਯੂਨੀਵਰਸਿਟੀ ਨਾਲ ਚਟਾਨ ਵਾਂਗ ਖੜ੍ਹੇ ਰਹੇ।
ਇਕ ਮਹਿਲਾ ਹੋਣ ਦੇ ਨਾਤੇ ਵਿਦਿਆਰਥੀਆਂ, ਵਿਸ਼ੇਸ਼ ਕਰਕੇ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਆਪਣੀ ਪਹਿਲੀ ਪ੍ਰਾਥਮਿਕਤਾ ਦੱਸਦਿਆਂ ਪ੍ਰੋ-ਚਾਂਸਲਰ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਸ਼ੱਕ ਜਾਂ ਸਪੱਸ਼ਟੀਕਰਨ ਲਈ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਏ ਰੱਖਣ, ਸਕਾਰਾਤਮਕ ਰਹਿੰਦੇ ਹੋਏ ਆਪਣੇ ਭਵਿੱਖ ‘ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।