Punjabi Singer Security: ਪੰਜਾਬੀ ਸੰਗੀਤ ਜਗਤ ‘ਚ ਮੱਚਿਆ ਹਾਹਾਕਾਰ, ਗਾਇਕ ਦੀ ਸੁਰੱਖਿਆ ਲਈ ਗਈ ਵਾਪਸ; ਹੈਰਾਨ ਕਰ ਦਏਗੀ ਵਜ੍ਹਾ
Punjabi Singer Jordan Sandhu Security: ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸੰਗੀਤ ਦੇ ਨਾਲ-ਨਾਲ ਸਿਆਸੀ ਜਗਤ ਵਿੱਚ ਵੀ ਹਾਹਾਕਾਰ ਮੱਚ ਗਿਆ ਹੈ। ਦਰਅਸਲ, ਮਸ਼ਹੂਰ ਪੰਜਾਬੀ ਗਾਇਕ ਜੌਰਡਨ ਸੰਧੂ ਦੀ ਸੁਰੱਖਿਆ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਈ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਗਾਇਕ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਸਿੱਧੀਆਂ ਧਮਕੀਆਂ ਮਿਲ ਰਹੀਆਂ ਹਨ।
ਘਰੋਂ ਬਾਹਰ ਨਿਕਲੇ ਤਾਂ ਮਾਰ ਦਿਆਂਗੇ ਗੋਲੀ
ਸੂਤਰਾਂ ਮੁਤਾਬਕ, ਪੰਜਾਬੀ ਗਾਇਕ ਜੌਰਡਨ ਸੰਧੂ ਨੂੰ ਫੋਨ ‘ਤੇ ਗੈਂਗਸਟਰਾਂ ਵੱਲੋਂ ਧਮਕਾਇਆ ਗਿਆ ਹੈ। ਧਮਕੀ ਦੇਣ ਵਾਲਿਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਉਹ ਘਰੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਗਾਇਕ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਾਣੋ ਕਿਵੇਂ ਵਧੀ ਪੰਜਾਬੀ ਗਾਇਕ ਦੀ ਮੁਸ਼ਕਿਲ?
ਖਬਰਾਂ ਮੁਤਾਬਕ ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਾਲ ਹੀ ਵਿੱਚ ਜੌਰਡਨ ਸੰਧੂ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਪ੍ਰੋਗਰਾਮ ਵਿੱਚ ਨਜ਼ਰ ਆਏ ਸਨ। ਇਸ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਹੁਣ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ।
ਸੁਰੱਖਿਆ ਵਾਪਸੀ ‘ਤੇ ਉੱਠੇ ਸਵਾਲ
ਧਿਆਨਦੇਣ ਯੋਗ ਹੈ ਕਿ ਸਿੱਧੂ ਮੂਸੇਵਾਲਾ ਕਾਂਡ ਤੋਂ ਬਾਅਦ ਪੰਜਾਬ ਵਿੱਚ ਕਲਾਕਾਰਾਂ ਦੀ ਸੁਰੱਖਿਆ ਹਮੇਸ਼ਾ ਇੱਕ ਗੰਭੀਰ ਮੁੱਦਾ ਰਹੀ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ, ਜਦੋਂ ਇੱਕ ਕਲਾਕਾਰ ਨੂੰ ਸ਼ਰੇਆਮ ਧਮਕੀਆਂ ਮਿਲ ਰਹੀਆਂ ਹੋਣ, ਉਸ ਦੀ ਸੁਰੱਖਿਆ ਵਾਪਸ ਲੈਣਾ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਹਾਲਾਂਕਿ ਏਬੀਪੀ ਸਾਂਝਾ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ।