Bikram Majithia – ਪੌਣੀ ਬੋਤਲ ਸ਼ਰਾਬ ਪੀਣ ਵਾਲਾ ਹੁਣ ਰੱਬ ਦੀ ਕਚਹਿਰੀ ਦੇ ਫ਼ੈਸਲੇ ਦੱਸੇਗਾ: ਬਿਕਰਮ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਸ਼ਬਦੀ ਹਮਲੇ ਕੀਤੇ ਹਨ। ਫਿਰੋਜ਼ਪੁਰ ਵਿਖੇ ਹਲਕਾ ਜ਼ੀਰਾ ਵਿਚ ਮਜੀਠੀਆ ਨੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਬੋਲਦੇ ਕਿਹਾ ਕਿ ਮੁੱਖ ਮੰਤਰੀ ਮੈਨੂੰ ਕਹਿੰਦਾ ਸੀ ਕਿ ਅਦਾਲਤਾਂ ਵਿਚੋਂ ਤਾਂ ਬਰੀ ਹੋ ਜਾਵੇਗਾ ਪਰ ਹੁਣ ਰੱਬ ਦੀ ਕਚਹਿਰੀ ਵਿਚੋਂ ਕਿਵੇਂ ਬਚੇਗਾ।

ਮੈਂ ਹੈਰਾਨ ਹਾਂ
ਕਿ ਹੁਣ ਪੌਣੀ ਬੋਤਲ ਸ਼ਰਾਬ ਪੀਣ ਵਾਲਾ ਰੱਬ ਦੀ ਕਚਿਹਰੀ ਦੇ ਫ਼ੈਸਲੇ ਦੱਸੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹੰਕਾਰ ਇੰਨਾ ਹੋ ਗਿਆ ਕਿ ਇਸ ਗੱਲ ਦੀ ਕੋਈ ਸਮਝ ਨਹੀਂ ਕਿ ਗੁਰੂ ਮਹਾਰਾਜ ਦੀ ਕਚਿਹਰੀ ਦੇ ਫ਼ੈਸਲੇ ਸੱਚੇ ਪਾਤਸ਼ਾਹ ਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਕਿਸਮ ਦਾ ਹੰਕਾਰ ਹੋ ਗਿਆ ਕਿ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਤਾਂ ਕਦੇ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਗਲਤ ਸ਼ਬਦਾਵਲੀ ਬੋਲਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਕ ਗੱਲ ਨੋਟ ਕਰ ਲਵੇ, ਜਦੋਂ ਜੁਗਨੂ ਜਿਸ ਦਿਨ ਮਜੀਠੀਆ ਦਾ ਹੱਥ ਪੈ ਗਿਆ ਨਾ ਚੀਂ ਵਾਂਗ ਆਵਾਜ਼ ਨਿਕਲੇਗੀ। ਉਨ੍ਹਾਂ ਭਗਵੰਤ ਮਾਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਕਿਸੇ ਹੋਰ ਪਾਰਟੀ ਦੇ ਆਗੂਆਂ ‘ਤੇ ਵੀ ਪਰਚੇ ਦਰਜ ਕਰ ਲਿਆ ਕਰ।
ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਭਗਵੰਤ ਮਾਨ ਦੇ ਪਰਚਿਆਂ ਦੀ ਨਾ ਅੱਜ ਤੇ ਨਾ ਕੱਲ੍ਹ ਪਰਵਾਹ ਸੀ ਅਤੇ ਨਾ ਹੀ ਅੱਗੇ ਰਹੇਗੀ। ਮੈਂ ਵੇਖਿਆ ਹੈ ਕਿ ਫੋਰਟਿਸ ਹਸਪਤਾਲ ਤੋਂ ਆ ਕੇ ਭਗਵੰਤ ਮਾਨ ਨੇ ਮੇਰਾ ਨਾਂ ਮੋਗਾ ਵਿਖੇ ਕੀਤੀ ਗਈ ਰੈਲੀ ਵਿਚ ਲਿਆ ਤਾਂ ਮੁੜ ਹਸਪਤਾਲ ਚਲਾ ਗਿਆ। ਇਸ ਦੀ ਤਾਂ ਘਰਵਾਲੀ ਵੀ ਇਸ ਨੂੰ ਸਮਝਾਉਂਦੀ ਹੈ ਕਿ ਮਜੀਠੀਆ ਨਾਲ ਪੰਗੇ ਨਾ ਲਿਆ ਕਰ ਪਰ ਇਸ ਨੂੰ ਸਮਝ ਨਹੀਂ ਆਉਂਦੀ। ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੇ ਸਿਰ ‘ਤੇ ਮੁੱਖ ਮੰਤਰੀ ਦਾ ਨਸ਼ਾ ਬੋਲਦਾ ਹੈ।