Bathinda – ਪੰਜਾਬ ਪੁਲਿਸ ਦਾ ਕਿਸਾਨਾਂ ਤੇ ਅਣਮਨੁੱਖੀ ਜਬਰ।
ਬਠਿੰਡਾ ਦੇ ਜਿਉਂਦ ਕਲਾਂ ਵਿੱਚ ਪੰਜਾਬ ਪੁਲਿਸ ਦਾ ਇੱਕ ਅਜਿਹਾ ਚਿਹਰਾ ਸਾਹਮਣੇ ਆਇਆ ਹੈ, ਜਿਸ ਨੇ ਸੂਬੇ ਦੇ ਲੋਕਤੰਤਰੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਤੇ ਗਏ ਪੱਕੇ ਧਰਨੇ ਦੇ ਸੱਦੇ ਨੂੰ ਕੁਚਲਣ ਲਈ ਪ੍ਰਸ਼ਾਸਨ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਜੰਗੀ ਪੱਧਰ ਦੀ ਤਾਕਤ ਦਾ ਇਸਤੇਮਾਲ ਕੀਤਾ।
ਜੰਗ ਦਾ ਮੈਦਾਨ ਬਣੀ ਜਿਉਂਦ ਕਲਾਂ ਪਿੰਡ ਦੀ ਗਲੀ।
ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਕਿਸਾਨਾਂ ਨੂੰ ਕਿਸੇ ‘ਦੁਸ਼ਮਣ ਫੌਜ’ ਵਾਂਗ ਨਿਸ਼ਾਨਾ ਬਣਾਇਆ।
ਵੀਡੀਓ ਵਿੱਚ ਅੱਥਰੂ ਗੈਸ ਦੇ ਗੋਲੇ ਚੱਲਣ ਦੀਆਂ ਲਗਾਤਾਰ ਅਤੇ ਤੇਜ਼ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਦੇ ਤੰਗ ਗਲੀਆਂ ਵਿੱਚ ਗੋਲੇ ਦਾਗੇ, ਜਿਸ ਕਾਰਨ ਪੂਰਾ ਇਲਾਕਾ ਚਿੱਟੇ ਧੂੰਏਂ ਨਾਲ ਭਰ ਗਿਆ। ਇਸ ਕਾਰਨ ਬਜ਼ੁਰਗ ਕਿਸਾਨਾਂ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆਈ।
ਅੱਜ ਦੀ ਕਾਰਵਾਈ ਦਾ ਹੈਰਾਨੀਜਨਕ ਅਤੇ ਸ਼ਰਮਨਾਕ ਮੰਜ਼ਰ ਉਹ ਸੀ, ਜਿੱਥੇ ਪੁਲਿਸ ਅਤੇ ਕੁਝ ਸਾਦੀ ਵਰਦੀ ਵਿੱਚ ਮੌਜੂਦ ਵਿਅਕਤੀਆਂ ਨੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਕਿਸਾਨਾਂ ਉੱਤੇ ਇੱਟਾਂ ਅਤੇ ਰੋੜਿਆਂ ਨਾਲ ਹਮਲਾ ਕੀਤਾ।ਵੀਡੀਓ ਵਿੱਚ ਸਪੱਸ਼ਟ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਉੱਪਰੋਂ ਮਾਰੇ ਗਏ ਪੱਥਰ ਕਿਸਾਨਾਂ ਦੇ ਸਿਰਾਂ ਵਿੱਚ ਲੱਗ ਰਹੇ ਸਨ।
ਅੱਜ ਘਟਨਾ ਦਾ ਸਭ ਤੋਂ ਦਰਦਨਾਕ ਅਤੇ ਰੂਹ ਕੰਬਾਊ ਹਿੱਸਾ ਸੀ, ਇੱਕ ਨੌਜਵਾਨ ਕਿਸਾਨ ਦਾ ਲਹੂ-ਲੁਹਾਨ ਅਤੇ ਵੱਢਿਆ ਹੋਇਆ ਹੱਥ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੁਆਰਾ ਸੁੱਟੇ ਗਏ ਕਿਸੇ ਵਿਸਫੋਟਕ ਜਾਂ ਹਿੰਸਕ ਹਮਲੇ ਕਾਰਨ ਕਿਸਾਨ ਦਾ ਹੱਥ ਦੋ-ਫਾੜ ਹੋ ਗਿਆ। ਵੀਡੀਓ ਵਿੱਚ ਉਸ ਨੂੰ ਬੋਰੀ ਨਾਲ ਹੱਥ ਲਪੇਟ ਕੇ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ, ਜਦਕਿ ਪਿੱਛੇ ਪੁਲਿਸ ਦੀ ਦਹਿਸ਼ਤ ਜਾਰੀ ਸੀ।
ਪੁਲਿਸ ਨੇ ਇੱਕ ਸੋਚੀ-ਸਮਝੀ ਰਣਨੀਤੀ ਤਹਿਤ ਪਹਿਲਾਂ ਕਿਸਾਨਾਂ ਨੂੰ ਬੁਰੀ ਤਰ੍ਹਾਂ ਸੰਭਲਣ ਦਾ ਮੌਕਾ ਦਿੱਤੇ ਬਿਨਾਂ ਕੁੱਟਿਆ ਅਤੇ ਬਾਅਦ ਵਿੱਚ ਜਥੇਬੰਦੀ ਦੇ ਆਗੂਆਂ ਨੂੰ ਗੱਲਾਂ ਵਿੱਚ ਉਲਝਾ ਲਿਆ। ਜਦੋਂ ਕਿਸਾਨਾਂ ਦਾ ਖੂਨ ਵਹਿ ਰਿਹਾ ਸੀ, ਉਦੋਂ ਪੁਲਿਸ ਅਧਿਕਾਰੀ ਉਹਨਾਂ ਨੂੰ ‘ਗ੍ਰਿਫਤਾਰੀ’ ਜਾਂ ‘ਵਾਪਸੀ’ ਦੇ ਬਦਲ ਦੇ ਕੇ ਅੰਦੋਲਨ ਨੂੰ ਖਿੰਡਾਉਣ ਵਿੱਚ ਸਫਲ ਹੋ ਗਏ।
ਇਸ ਪੂਰੀ ਘਟਨਾ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਇੱਕ ਵੱਡੀ ਅਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ।ਯੂਨੀਅਨ ਪੁਲਿਸ ਦੇ ਇਸ ਪੱਧਰ ਦੇ ਜਬਰ ਦਾ ਅੰਦਾਜ਼ਾ ਲਗਾਉਣ ਵਿੱਚ ਨਾਕਾਮ ਰਹੀ।
ਜਦੋਂ ਵਰਕਰਾਂ ‘ਤੇ ਇੱਟਾਂ ਅਤੇ ਗੋਲੇ ਚੱਲ ਰਹੇ ਸਨ, ਉਦੋਂ ਅਚਾਨਕ ਲੀਡਰਸ਼ਿਪ ਦਾ ਪੁਲਿਸ ਦੇ ਬਹਿਕਾਵੇ ਵਿੱਚ ਆ ਜਾਣਾ ਆਮ ਵਰਕਰਾਂ ਦੇ ਮਨੋਬਲ ਨੂੰ ਸੱਟ ਮਾਰ ਗਿਆ।
ਬਠਿੰਡਾਂ ਦੇ ਪਿੰਡ ਜਿਉਂਦ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੁਲਿਸ ਵਿੱਚ ਟਕਰਾਅ ਦੌਰਾਨ ਇੱਕ ਨੌਜਵਾਨ ਦਾ ਅੱਥਰੂ ਗੈਸ ਸੈੱਲ ਵੱਜਣ ਕਾਰਨ ਦੋਫਾੜ ਹੋ ਗਿਆ।
ਪੁਲਿਸ ਤੇ ਕਿਸਾਨਾਂ ਵਿੱਚ ਜਬਰਦਸਤ ਟਕਰਾਅ ਦੌਰਾਨ ਦੋਹਾਂ ਪਾਸਿਆ ਤੋਂ ਖੁੱਲ੍ਹ ਕੇ ਇੱਟਾਂ ਰੋੜਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ। ਇਸ ਵੇਲੇ ਪਿੰਡ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਮੌਕੇ ਤੇ ਹੋਰ ਪੁਲਿਸ ਬਲ ਭੇਜਿਆ ਗਿਆ।