ਉੱਪ ਮੰਡਲ ਮੁਕੇਰੀਆਂ ਦੇ ਪਿੰਡ ਐਮਾਂ ਮਾਂਗਟ ਦੇ ਨਿਵਾਸੀ ਇਕ ਵਿਅਕਤੀ ਨਰਿੰਦਰ ਪਾਲ ਪੁੱਤਰ ਠਾਕੁਰ ਬਲਬਾਨ ਸਿੰਘ ਦੀ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਮਿਆਮੀ ਸ਼ਹਿਰ ਦੀ ਬੰਦਰਗਾਹ ‘ਤੇ ਮਰਚੈਂਟ ਨੇਵੀ ‘ਚ ਨੌਕਰੀ ਕਰਦੇ ਸਮੇਂ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਅਕਤੀ ਦੇ ਪਿਤਾ ਠਾਕੁਰ ਬਲਬਾਨ ਸਿੰਘ ਨੇ ਰੋਂਦੇ-ਕੁਰਲਾਉਂਦੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਇੰਡੀਅਨ ਨੇਵੀ ਤੋਂ ਸੇਵਾ ਮੁਕਤ ਹੋ ਕੇ ਵਧੀਆ ਜ਼ਿੰਦਗੀ ਜਿਊਣ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਮਕਸਦ ਨਾਲ ਬੀਤੇ ਲੰਬੇ ਸਮੇਂ ਤੋਂ ਮਰਚੈਂਟ ਨੇਵੀ ਵਿੱਚ ਸੇਵਾ ਨਿਭਾਅ ਰਿਹਾ ਸੀ ਅਤੇ ਅਜੇ ਮਾਰਚ ਦੇ ਮਹੀਨੇ ਉਹ ਛੁੱਟੀ ਕੱਟ ਕੇ ਆਪਣੇ ਕੰਮ (ਜਹਾਜ਼) ‘ਤੇ ਚਲਾ ਗਿਆ ਸੀ।
ਨਰਿੰਦਰ ਦੀ ਮੌਤ ਸਬੰਧੀ ਅਮਰੀਕਾ ਸਥਿਤ ਦਫ਼ਤਰ ਤੋਂ ਕਿਸੇ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਨਰਿੰਦਰ ਪਾਲ ਨਹੀਂ ਰਿਹਾ।
ਖ਼ਬਰ ਸੁਣਦਿਆਂ ਹੀ ਜਿੱਥੇ ਪਰਿਵਾਰ ਵਿੱਚ ਮਾਤਮ ਛਾ ਗਿਆ, ਉੱਥੇ ਹੀ ਪਿੰਡ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ।
ਉਨ੍ਹਾਂ ਦੱਸਿਆ ਕਿ ਜਿੱਥੋਂ ਸਾਨੂੰ ਫੋਨ ਆਇਆ ਸੀ, ਉਹ ਵੀ ਫੋਨ ਦਾ ਵਾਪਸੀ ਜਵਾਬ ਨਹੀਂ ਦੇ ਰਹੇ ਹਨ ਅਤੇ ਮੇਰੇ ਮੁੰਡੇ ਦਾ ਫੋਨ ਵੀ ਬੰਦ ਆ ਰਿਹਾ ਹੈ, ਜਿਸ ਨਾਲ ਸਾਡੀ ਬੇਚੈਨੀ ਹੋਰ ਵੀ ਵੱਧ ਗਈ ਹੈ। ਨੌਜਵਾਨ ਦੀ ਮੌਤ ਦੇ ਕਾਰਨਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਮ੍ਰਿਤਕ ਨੌਜਵਾਨ ਆਪਣੇ ਪਿੱਛੇ ਬਜ਼ੁਰਗ ਪਿਤਾ, ਵਿਧਵਾ ਪਤਨੀ ਸੁਨੀਤਾ ਜਸਵਾਲ, ਇਕ ਪੁੱਤਰ ਅਤੇ ਇਕ ਬੇਟੀ ਨੂੰ ਰੋਂਦੇ-ਕੁਰਲਾਉਂਦੇ ਛੱਡ ਗਿਆ ਹੈ।
ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਅਤੇ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ।