Tarn Taran Sahib
ਲਾਅ ਕਾਲਜ ਮਾਮਲਾ: ਵਿਦਿਆਰਥਣ ਸੰਦੀਪ ਕੌਰ ਦੇ ਕਾਤਲ ਪ੍ਰਿੰਸ ਰਾਜ ਦੀ ਵੀ ਹਸਪਤਾਲ ’ਚ ਮੌਤ
ਸੰਦੀਪ ਕੌਰ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਵੀ ਮਾਰੀ ਸੀ ਗੋਲੀ
ਤਰਨਤਾਰਨ ਦੇ ਕਾਲਜ ਵਿੱਚ ਸਹਿਪਾਠੀ ਵਿਦਿਆਰਥਣ ਸੰਦੀਪ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੇ ਅਤੇ ਫਿਰ ਖੁਦ ਨੂੰ ਗੋਲੀ ਮਾਰਨ ਵਾਲੇ ਲਾਅ ਦੇ ਵਿਦਿਆਰਥੀ ਪ੍ਰਿੰਸ ਰਾਜ ਦੀ ਵੀ ਮੌਤ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ।
ਡੀਐਸਪੀ ਜਗਦੀਪ ਸਿੰਘ ਨੇ ਦੱਸਿਆ ਕਿ 20 ਸਾਲਾ ਪ੍ਰਿੰਸ ਰਾਜ ਦੀ ਬੁੱਧਵਾਰ ਦੇਰ ਰਾਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮੌਤ ਹੋ ਗਈ।
9 ਫਰਵਰੀ ਨੂੰ ਪ੍ਰਿੰਸ ਨੇ 19 ਸਾਲਾ ਸੰਦੀਪ ਕੌਰ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਸੰਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪ੍ਰਿੰਸ ਅਤੇ ਸੰਦੀਪ ਦੋਵੇਂ ਤਰਨਤਾਰਨ ਦੇ ਪਿੰਡ ਉਸਮਾ ਸਥਿਤ ਮਾਈ ਭਾਗੋ ਲਾਅ ਕਾਲਜ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਅਤੇ ਜਮਾਤੀ ਸਨ।
ਇਹ ਸਾਰੀ ਘਟਨਾ ਕਲਾਸਰੂਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਫੁਟੇਜ ਵਿੱਚ ਦਿਖਾਇਆ ਗਿਆ ਸੀ ਕਿ ਪ੍ਰਿੰਸ, ਸੰਦੀਪ ਅਤੇ ਇੱਕ ਹੋਰ ਵਿਦਿਆਰਥਣ ਇਕੱਠੇ ਬੈਠੇ ਸਨ ਅਤੇ ਆਲੇ-ਦੁਆਲੇ ਕੁਝ ਹੋਰ ਵਿਦਿਆਰਥੀ ਵੀ ਸਨ। ਫੁਟੇਜ ਅਨੁਸਾਰ, ਪ੍ਰਿੰਸ ਉੱਠਿਆ, ਆਪਣੇ ਬੈਗ ਵਿੱਚੋਂ ਪਿਸਤੌਲ ਕੱਢਿਆ ਅਤੇ ਸੰਦੀਪ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਤੁਰੰਤ ਬਾਅਦ ਉਸ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਅਤੇ ਫਰਸ਼ ‘ਤੇ ਡਿੱਗ ਪਿਆ। ਸੰਦੀਪ ਦੇ ਨਾਲ ਬੈਠੀ ਵਿਦਿਆਰਥਣ ਨੇ ਸਦਮੇ ਵਿੱਚ ਉੱਠ ਕੇ ਉਸ ਨੂੰ ਦੇਖਿਆ, ਪਰ ਉਹ ਹਿਲ-ਜੁੱਲ ਨਹੀਂ ਰਹੀ ਸੀ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਕੁਝ ਵਿਦਿਆਰਥੀ ਕਲਾਸਰੂਮ ਦੇ ਅੰਦਰ ਆਏ, ਪਰ ਸੰਦੀਪ ਦੀ ਲਾਸ਼ ਦੇਖ ਕੇ ਉੱਥੋਂ ਭੱਜ ਗਏ। ਲੜਕੀ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਪ੍ਰਿੰਸ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਇੱਕ ਵਾਰ ਉਸ ਦਾ ਪਿੱਛਾ ਕਰਦੇ ਹੋਏ ਘਰ ਤੱਕ ਵੀ ਆ ਗਿਆ ਸੀ। ਪਰਿਵਾਰਕ ਮੈਂਬਰ ਅਨੁਸਾਰ ਸੰਦੀਪ ਦਾ ਮੰਗਣੀ ਹੋ ਚੁੱਕੀ ਸੀ। ਪੁਲੀਸ ਨੇ ਪਹਿਲਾਂ ਦੱਸਿਆ ਸੀ ਕਿ ਪ੍ਰਿੰਸ ਵੱਲੋਂ ਵਰਤਿਆ ਗਿਆ ਹਥਿਆਰ ਗੈਰ-ਕਾਨੂੰਨੀ ਜਾਪਦਾ ਹੈ।
ਪ੍ਰਿੰਸ ਪਿੰਡ ਮੱਲੀਆਂ ਦਾ ਰਹਿਣ ਵਾਲਾ ਸੀ, ਜਦੋਂ ਕਿ ਸੰਦੀਪ ਪਿੰਡ ਨੌਸ਼ਹਿਰਾ ਪੰਨੂਆਂ ਦੀ ਰਹਿਣ ਵਾਲੀ ਸੀ। ਪੁਲੀਸ ਨੇ ਭਾਰਤੀ ਨਿਆ ਸੰਹਿਤਾ ਦੀ ਧਾਰਾ 103 (ਕਤਲ ਲਈ ਸਜ਼ਾ) ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ ਤੇ ਹੁਣ ਅੱਗੇ ਦੀ ਕਾਰਵਾਈ ਜਾਰੀ ਹੈ।