Dera Baba Nanak – -ਡੇਰਾ ਬਾਬਾ ਨਾਨਕ ‘ਚ ਵੀ ਫਿਰੌਤੀ ਬਦਲੇ ਦੁਕਾਨਦਾਰ ਦਾ ਕਤਲ
ਪੁਲੀਸ ਵੱਲੋਂ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਦੁਕਾਨਦਾਰ ਨੂੰ ਮਾਰੀਆਂ ਗੋਲੀਆਂ
ਕੁਝ ਸਮਾਂ ਪਹਿਲਾਂ 50 ਲੱਖ ਫਿਰੌਤੀ ਮੰਗੀ ਗਈ ਸੀ; ਪਹਿਲਾਂ ਵੀ ਹੋ ਚੁੱਕਾ ਹੈ ਹਮਲਾ
ਕੌਮਾਂਤਰੀ ਸੀਮਾ ਨਾਲ ਲੱਗਦੇ ਨਗਰ ਡੇਰਾ ਬਾਬਾ ਨਾਨਕ ’ਚ ਬੁੱਧਵਾਰ ਸਵੇਰੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆ ਮਾਰ ਕੇ ਇੱਕ ਮੈਡੀਕਲ ਸਟੋਰ ਮਾਲਕ ਦੀ ਹੱਤਿਆ ਕਰ ਦਿੱਤੀ ਹੈ। ਬੇਦੀ ਮੈਡੀਕਲ ਸਟੋਰ ਮਾਲਕ ਰਣਦੀਪ ਸਿੰਘ ਬੇਦੀ ਤੋਂ ਕਰੀਬ ਪੰਜ ਮਹੀਨੇ ਪਹਿਲਾ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ, ਉਸ ਸਮੇਂ ਗੈਂਗਸਟਰਾਂ ਵੱਲੋਂ ਉਸ ਦੇ ਪੱਟ ਵਿੱਚ ਗੋਲੀ ਮਾਰੀ ਦਿੱਤੀ ਸੀ।
ਥਾਣਾ ਡੇਰਾ ਬਾਬਾ ਨਾਨਕ ਪੁਲੀਸ ਨੇ ਰਣਦੀਪ ਸਿੰਘ ਬੇਦੀ ਨੂੰ ਗੰਨਮੈਨ ਵੀ ਦਿੱਤੇ ਸਨ। ਪਰ ਕੁਝ ਦਿਨਾਂ ਤੋਂ ਉਸ ਦੇ ਗੰਨਮੈਨ ਹਟਾਏ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਰਣਦੀਪ ਸਿੰਘ ਬੇਦੀ ਜਦੋ ਜੌੜੀਆਂ ਬਜ਼ਾਰ ਸਥਿਤ ਆਪਣੀ ਦੁਕਾਨ ਖੋਲ ਰਹੇ ਸਨ ਤਾਂ ਹਮਲਾਵਰਾਂ ਨੇ ਗੋਲੀਆ ਮਾਰਕੇ ਹੱਤਿਆ ਕਰ ਦਿੱਤੀ ।
ਪੁਲੀਸ ਨੇ ਘਟਨਾ ਸਥਾਨ ’ਤੇ ਚੱਲੇ ਚਾਰ ਖੋਲ ਬਰਾਮਦ ਕੀਤੇ ਹਨ। ਡੀਐੱਸਪੀ ਜੋਗਾ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਜਲਦ ਕਾਬੂ ਕਰਨ ਕੀਤੇ ਜਾਣ ਬਾਰੇ ਕਿਹਾ। ਆਮ ਆਦਮੀ ਪਾਰਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਕਾਹਲੋ ਨੇ ਰਣਦੀਪ ਸਿੰਘ ਬੇਦੀ ਦੀ ਹੱਤਿਆ ਉਤੇ ਗਹਿਰਾ ਦੁੱਖ ਜਤਾਇਆ ਹੈ।
ਦੱਸਣਯੋਗ ਹੈ ਕਿ ਕਰੀਬ ਛੇ -ਸੱਤ ਮਹੀਨੇ ਪਹਿਲਾਂ ਇੱਥੋਂ ਦੇ ਇੱਕ ਕਰਿਆਨਾ ਸਟੋਰ ਮਾਲਕ ਦੀ ਵੀ ਗੈਂਗਸਟਰਾ ਵੱਲੋਂ ਫਿਰੌਤੀ ਲਈ
ਗੋਲੀਆਂ ਚਲਾ ਕੇ ਹੱਤਿਆ ਕੀਤੀ ਗਈ ਸੀ। ਉਸ ਦੀ ਵੀ ਕਰੀਬ ਤਿੰਨ ਦਿਨ ਪਹਿਲਾਂ ਸੁਰੱਖਿਆ ਹਟਾਈ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਬੇਦੀ ਮੈਡੀਕਲ ਸਟੋਰ ਮਾਲਕ ਨੂੰ ਗੰਨਮੈਨ ਦਿੱਤੇ ਸਨ, ਪਰ ਕੁਝ ਦਿਨ ਪਹਿਲਾਂ ਹੀ ਵਾਪਸ ਲੈ ਲਏ ਗਏ ਸਨ।