Breaking News

Jathedar Giani Kuldeep Singh Gargajj – ਸਿੱਖਾਂ ਨਾਲ ਸਬੰਧਤ ਬਣਦੀਆਂ ਫ਼ਿਲਮਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਵਿਸ਼ੇਸ਼ ਇਕੱਤਰਤਾ

Jathedar Giani Kuldeep Singh Gargajj –

ਸਿੱਖਾਂ ਨਾਲ ਸਬੰਧਤ ਬਣਦੀਆਂ ਫ਼ਿਲਮਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਵਿਸ਼ੇਸ਼ ਇਕੱਤਰਤਾ
-ਸਿੱਖ ਵਿਦਵਾਨਾਂ, ਬੁੱਧੀਜੀਵੀਆਂ, ਸ਼ਖ਼ਸੀਅਤਾਂ ਨੇ ਇਕੱਤਰਤਾ ’ਚ ਚੰਗੇ ਮਾਹੌਲ ਵਿੱਚ ਰੱਖੇ ਆਪਣੇ ਸੁਝਾਅ
-ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਾਹਿਬਜ਼ਾਦਿਆਂ ਤੇ ਸ਼ਹੀਦਾਂ ਉੱਤੇ ਫ਼ਿਲਮਾਂ ਸਬੰਧੀ ਪਹਿਲਾਂ ਲਏ ਗਏ ਫੈਸਲੇ ਹੀ ਰਹਿਣਗੇ ਲਾਗੂ- ਜਥੇਦਾਰ ਕੁਲਦੀਪ ਸਿੰਘ ਗੜਗੱਜ
-ਸਿੱਖ ਸ਼ਹੀਦ ਤੇ ਜਰਨੈਲ ਸ. ਹਰੀ ਸਿੰਘ ਨਲੂਆ ’ਤੇ ਬਣਨ ਵਾਲੀ ਫ਼ਿਲਮ ਨੂੰ ਨਹੀਂ ਹੋਵੇਗੀ ਪ੍ਰਵਾਨਗੀ- ਜਥੇਦਾਰ ਕੁਲਦੀਪ ਸਿੰਘ ਗੜਗੱਜ

 

ਸ੍ਰੀ ਅੰਮ੍ਰਿਤਸਰ, 2 ਮਈ-
ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ/ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫ਼ਿਲਮਾਂ/ਐਨਮੇਸ਼ਨ ਫ਼ਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵੀਡੀਓ ਸਬੰਧੀ ਵਿਚਾਰਾਂ ਕਰਨ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਸ਼ਖ਼ਸੀਅਤਾਂ, ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਤੇ ਕੁਝ ਸਾਬਤ ਸੂਰਤ ਸਿੱਖ ਅਦਾਕਾਰਾਂ ਤੇ ਕਲਾਕਾਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਇਹ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਹੋਈ, ਜਿਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮੂਹ ਸ਼ਖ਼ਸੀਅਤਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਨੇ ਚੰਗੇ ਮਾਹੌਲ ਵਿੱਚ ਆਪਣੇ ਸੁਝਾਅ ਰੱਖੇ ਅਤੇ ਇਕੱਤਰਤਾ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਸੂਚਨਾ ਤਕਨਾਲੋਜੀ ਅਤੇ ਏਆਈ ਦੇ ਯੁੱਗ ਵਿੱਚ ਇਹ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ ਜਿਸ ਸਬੰਧੀ ਠੋਸ ਨੀਤੀ ਬਣਾਉਣ ਦੀ ਲੋੜ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ ਰਾਏ ਅਨੁਸਾਰ ਸੰਨ 1934, 1940, 2003, 2015 ਅਤੇ 2022 ਵਿੱਚ ਫ਼ਿਲਮਾਂ ਬਾਰ ਲਏ ਗਏ ਫ਼ੈਸਲਿਆਂ ਦੀ ਪ੍ਰੋੜ੍ਹਤਾ ਕੀਤੀ ਗਈ ਅਤੇ ਇਨ੍ਹਾਂ ਦੀ ਰੋਸ਼ਨੀ ਵਿੱਚ ਹੀ ਅਗਾਂਹ-ਵਧੂ ਨੀਤੀ ਘੜਨ ਬਾਰੇ ਵਿਚਾਰ ਹੋਈ। ਵਿਦਵਾਨਾਂ ਵੱਲੋਂ ਰਾਏ ਪੁੱਜੀ ਹੈ ਕਿ ਮੌਜੂਦਾ ਤਕਨਾਲੋਜੀ ਦੇ ਸਮੇਂ ਸਿੱਖ ਪਛਾਣ, ਰਵਾਇਤਾਂ, ਸਿਧਾਂਤ ਅਤੇ ਫ਼ਲਸਫ਼ੇ ਨੂੰ ਵੱਡੀਆਂ ਚੁਣੌਤੀਆਂ ਹਨ, ਜਿਸ ਦੇ ਮੱਦੇਨਜ਼ਰ ਪੁਰਾਤਨ ਰਵਾਇਤਾਂ, ਸਾਖੀ ਪਰੰਪਰਾ, ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਰਾਹੀਂ ਰਵਾਇਤੀ ਪ੍ਰਚਾਰ ਪ੍ਰਸਾਰ ਨੂੰ ਕਾਇਮ ਰੱਖਣਾ ਤੇ ਪ੍ਰਫੁੱਲਿਤ ਕਰਨਾ ਅਤਿ ਜ਼ਰੂਰੀ ਹੈ। ਇਕੱਤਰਤਾ ਦੌਰਾਨ ਸਮੂਹ ਸ਼ਖ਼ਸੀਅਤਾਂ ਨੂੰ ਖੁੱਲ੍ਹੇ ਮਾਹੌਲ ਵਿੱਚ ਵਿਚਾਰ ਰੱਖਣ ਦਾ ਸਮਾਂ ਦਿੱਤਾ ਗਿਆ ਅਤੇ ਲਿਖਤੀ ਸੁਝਾਅ ਵੀ ਪ੍ਰਾਪਤ ਕੀਤੇ ਗਏ।

 

 

ਇਕੱਤਰਤਾ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪ੍ਰਾਪਤ ਕੀਤੇ ਗਏ ਸੁਝਾਵਾਂ ਉੱਤੇ ਵਿਚਾਰ ਤੇ ਮੰਥਨ ਕੀਤਾ ਜਾਵੇਗਾ ਅਤੇ ਇਸ ਮਾਮਲੇ ਉੱਤੇ ਅਗਾਂਹ ਵੀ ਵਿਚਾਰ ਜਾਰੀ ਰੱਖਦਿਆਂ ਗੁਰੂ ਸਿਧਾਂਤਾਂ, ਪੰਥਕ ਰਵਾਇਤਾਂ ਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਠੋਸ ਨੀਤੀ ਤੇ ਨਿਯਮ ਬਣਾਉਣ ਵੱਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਉੱਤੇ ਛੇਤੀ ਹੀ ਇੱਕ ਕਮੇਟੀ ਬਣਾ ਕੇ ਪੁੱਜੇ ਸੁਝਾਵਾਂ ਅਤੇ ਲੋੜ ਅਨੁਸਾਰ ਹੋਰ ਪਹਿਲੂਆਂ ਨੂੰ ਵਿਚਾਰ ਕੇ ਮਸੌਦਾ ਤਿਆਰ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਠੋਸ ਨੀਤੀ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਤਕਨਾਲੋਜੀ ਅਤੇ ਏਆਈ ਨਾਲ ਸਬੰਧਤ ਪਹਿਲੂਆਂ ਨੂੰ ਵਿਚਾਰਨ ਲਈ ਵੀ ਇਸ ਖਿੱਤੇ ਨਾਲ ਜੁੜੇ ਸਿੱਖ ਮਾਹਰਾਂ ਦੀ ਬੈਠਕ ਵੀ ਅਗਲੇ ਸਮੇਂ ਵੀ ਕੀਤੀ ਜਾ ਸਕਦੀ ਹੈ।

 

 

 

 

ਉਨ੍ਹਾਂ ਕਿਹਾ ਕਿ ਇਕੱਤਰਤਾ ਦੌਰਾਨ ਸਾਰੇ ਇਸ ਵਿਸ਼ੇ ਉੱਤੇ ਚਿੰਤਤ ਤੇ ਸੁਹਿਰਦ ਨਜ਼ਰ ਆਏ। ਜਥੇਦਾਰ ਗੜਗੱਜ ਨੇ ਕਿਹਾ ਕਿ ਬੀਤੇ ਦਿਨੀਂ ਬਾਲੀਬੁੱਡ ਦੇ ਇੱਕ ਅਦਾਕਾਰ ਅਕਸ਼ੇ ਕੁਮਾਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਸਿੱਖ ਸ਼ਹੀਦ ਤੇ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਉੱਤੇ ਫ਼ਿਲਮ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ. ਹਰੀ ਸਿੰਘ ਨਲੂਆ ਸਿੱਖ ਕੌਮ ਦੇ ਮਹਾਨ ਜਰਨੈਲ ਹਨ ਜੋ ਜਮਰੌਦ ਦੀ ਜੰਗ ਵਿੱਚ ਸ਼ਹੀਦ ਹੋਏ ਹਨ ਅਤੇ ਸਿੱਖ ਸ਼ਹੀਦਾਂ ਉੱਤੇ ਫ਼ਿਲਮ ਬਣਾਉਣ ਨੂੰ ਪਹਿਲਾਂ ਹੀ ਰੋਕ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਵਪਾਰਕ ਹਿੱਤਾਂ ਦਾ ਮਨੋਰਥ ਪੂਰਾ ਕਰਨ ਲਈ ਸਿੱਖ ਕੌਮ ਆਪਣੇ ਨਾਇਕਾਂ ਤੇ ਸ਼ਹੀਦਾਂ ਉੱਤੇ ਇਸ ਤਰ੍ਹਾਂ ਫ਼ਿਲਮਾਂ ਨਹੀਂ ਬਣਨ ਦੇ ਸਕਦੀ।

 

 

 

 

ਜਥੇਦਾਰ ਗੜਗੱਜ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲੇ ਗੁਰਮਤਿ ਅਨੁਸਾਰ ਹਨ ਅਤੇ ਸਾਰੇ ਵਿਦਵਾਨਾਂ ਨੇ ਇਹ ਸਹਿਮਤੀ ਦਿੱਤੀ ਹੈ ਕਿ ਇਹ ਮਤੇ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪਹਿਲਾਂ ਹੋਏ ਮਤੇ ਕੌਮ ਦੇ ਵਿਦਵਾਨਾਂ, ਗੁਰਮੁਖਾਂ ਨੇ ਦੀਰਘ ਵਿਚਾਰ ਵਟਾਂਦਰੇ ਤੋਂ ਬਾਅਦ ਗੁਰਮਤਿ ਦੀ ਰੋਸ਼ਨੀ ਵਿੱਚ ਕੌਮ ਦੇ ਵੱਡੇ ਹਿੱਤਾਂ ਲਈ ਸਮੇਂ-ਸਮੇਂ ਪਾਸ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਇਸ ਗੱਲ ਉੱਤੇ ਸਪਸ਼ਟ ਅਤੇ ਇੱਕਜੁੱਟ ਹੈ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਿੱਖ ਸ਼ਹੀਦਾਂ, ਆਦਿ ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਕਰਕੇ ਫ਼ਿਲਮਾਂ ਨਹੀਂ ਬਣਾਈਆਂ ਜਾ ਸਕਦੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਬੀਤੇ ਸਮੇਂ ਹੋਏ ਮਤਿਆਂ ਤੋਂ ਅਗਾਂਹ ਤਾਂ ਵਧਿਆ ਸਕਦਾ ਹੈ ਪਰ ਪਿੱਛੇ ਨਹੀਂ ਹਟਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀ ਮਨਮਰਜ਼ੀਆਂ ਕਰ ਰਹੇ ਹਨ ਪਰ ਇਸ ਨੂੰ ਠੱਲ੍ਹਣ ਲਈ ਠੋਸ ਕਾਰਵਾਈ ਉੱਤੇ ਅਮਲ ਕੀਤਾ ਜਾਵੇਗਾ।

 

 

 

ਇਕੱਤਰਤਾ ਦੌਰਾਨ ਸਟੇਜ ਦਾ ਸੰਚਾਲਨ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਕੀਤਾ। ਇਸ ਦੌਰਾਨ ਚੀਫ਼ ਖਾਲਸਾ ਦੀਵਾਨ ਵੱਲੋਂ ਸ. ਗੁਰਭੇਜ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਵੀਸੀ ਡਾ. ਪ੍ਰਿਤਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਰਜਿੰਦਰ ਸਿੰਘ ਰੂਬੀ, ਮੀਤ ਮੈਨੇਜਰ ਸ. ਸਤਨਾਮ ਸਿੰਘ, ਸ. ਰਾਜਵਿੰਦਰ ਸਿੰਘ ਜੋਗਾ ਇੰਚਾਰਜ ਗੁਰਦੁਆਰਾ ਗਜ਼ਟ, ਸੀਨੀਅਰ ਪੱਤਰਕਾਰ ਸ. ਜਸਵੰਤ ਸਿੰਘ, ਡਾ. ਆਤਮ ਸਿੰਘ ਜੀ ਪ੍ਰਿੰਸੀਪਲ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ, ਡਾ. ਗੁਰਦੇਵ ਸਿੰਘ, ਪ੍ਰੋ. ਜਸਪਾਲ ਸਿੰਘ ਜੀ ਖਾਲਸਾ ਕਾਲਜ, ਸਿੱਖ ਚਿੰਤਕ ਡਾ. ਸੁਖਪ੍ਰੀਤ ਸਿੰਘ ਉਦੋਕੇ, ਗਿਆਨੀ ਗਗਨਦੀਪ ਸਿੰਘ ਨਿਰਮਲੇ, ਅਦਾਕਾਰ ਸ. ਅੰਮ੍ਰਿਤਪਾਲ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਜੀ ਝਿੰਜਰ, ਸ. ਤਲਵਿੰਦਰ ਸਿੰਘ ਜੀ ਬੁੱਟਰ, ਸ. ਸੁਖਪਾਲ ਸਿੰਘ ਸ. ਅਮਰਦੀਪ ਸਿੰਘ ਫਿਲਮ ਮੇਕਰ, ਸ. ਦੀਪ ਜਗਦੀਪ ਸਿੰਘ ਜੀ ਪੱਤਰਕਾਰ ਅਤੇ ਫਿਲਮਕਾਰ, ਸ. ਬਲਦੀਪ ਸਿੰਘ ਰਾਮੂੰਵਾਲੀਆ, ਸ. ਸਿਮਰਜੀਤ ਸਿੰਘ ਐਡਵੋਕੇਟ, ਸ. ਅਮਿਤੋਜ ਸਿੰਘ ਅਦਾਕਾਰ, ਸ. ਸ਼ਰਨਦੀਪ ਸਿੰਘ ਜੀ ਸ਼ਰਨ ਆਰਟਸ, ਸ. ਪਰਮਿੰਦਰ ਸਿੰਘ, ਸ. ਬੀਰ ਸਿੰਘ ਜੀ ਲੋਕ ਗਾਇਕ, ਪ੍ਰੋ. ਮਨਜੀਤ ਸਿੰਘ ਜੀ, ਸ. ਅਵਨੀਤ ਸਿੰਘ, ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸਕਾਲਰ ਡਾ. ਗੁਰਮਿੰਦਰ ਸਿੰਘ , ਸ. ਕਰਮਜੀਤ ਸਿੰਘ, ਡਾ. ਸਿਮਰਨਜੀਤ ਕੌਰ, ਡਾ. ਹਰਪ੍ਰੀਤ ਕੌਰ, ਬੀਬੀ ਕਿਰਨਦੀਪ ਕੌਰ, ਬੀਬੀ ਗੁਰਮੀਤ ਕੌਰ, ਸ. ਜਨਜੋਤ ਸਿੰਘ, ਸ. ਕ੍ਰਿਪਾਲ ਸਿੰਘ ਸਾਬਕਾ ਰੀਸਰਚ ਸਕਾਲਰ, ਭਾਈ ਮਨਦੀਪ ਸਿੰਘ ਖੁਰਦ, ਸ. ਸ਼ਮਸ਼ੇਰ ਸਿੰਘ, ਸ. ਸੁਖਚੈਨ ਸਿੰਘ ਅਤਲਾ, ਸ. ਕਮਲਦੀਪ ਸਿੰਘ ਲੁਧਿਆਣਾ, ਸ. ਮਨਦੀਪ ਸਿੰਘ ਕੁੱਬੇ, ਸ. ਪ੍ਰਭਜੋਤ ਸਿੰਘ, ਸ. ਸੰਦੀਪ ਸਿੰਘ, ਸ. ਧੰਨਵੰਤ ਸਿੰਘ, ਸ. ਤਲਵਿੰਦਰ ਸਿੰਘ ਮੋਹਾਲੀ, ਸ. ਬਗੀਚਾ ਸਿੰਘ ਇੰਚਾਰਜ ਸਕੱਤਰੇਤ, ਸ. ਗੁਰਮੀਤ ਸਿੰਘ ਇੰਚਾਰਜ ਲਿਟਰੇਚਰ, ਸਹਾਇਕ ਇੰਚਾਰਜ ਸਕੱਤਰੇਤ ਸ. ਜਸਵੀਰ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।

Check Also

BBMB row ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ਼ ਕਰੇਗੀ ਪੰਜਾਬ ਸਰਕਾਰ

BBMB row ਚੰਡੀਗੜ੍ਹ : ਪੰਜਾਬ ਸਰਕਾਰ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਹਾਈ ਕੋਰਟ ਦੇ …