Gurpatwant Pannun ਨੇ ਗਣਤੰਤਰ ਦਿਵਸ ’ਤੇ ਸਕੂਲਾਂ ਤੇ CM ਮਾਨ ਦੇ ਪ੍ਰੋਗਰਾਮ ’ਚ ਧਮਾਕੇ ਕਰਨ ਦੀ ਧਮਕੀ ਦਿੱਤੀ – Indian Media
ਗੁਰਪਤਵੰਤ ਪੰਨੂ ਵੱਲੋਂ ਰੇਲਵੇ ਟ੍ਰੈਕ ’ਤੇ ਖਾਲਿਸਤਾਨੀ ਝੰਡਾ ਲਾਉਣ ਦੀ ਵਾਇਰਲ ਵੀਡੀਓ ਅਤੇ ਗਣਤੰਤਰ ਦਿਵਸ ’ਤੇ ਹੁਸ਼ਿਆਰਪੁਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ’ਤੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ। ਇਸ ਧਮਕੀ ਤੋਂ ਬਾਅਦ ਇੰਟੈਲੀਜੈਂਸ, ਜੀ. ਆਰ. ਪੀ., ਆਰ. ਪੀ. ਐੱਫ. ਅਤੇ ਪੰਜਾਬ ਪੁਲਸ ਦੀਆਂ ਟੀਮਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਬੁੱਧਵਾਰ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਇਲਾਕੇ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈ-ਮੇਲ ਮਿਲੀਆਂ, ਜਿਨ੍ਹਾਂ ਵਿਚ ਲਿਖਿਆ ਸੀ, ‘ਪੰਜਾਬ ਹੁਣ ਖਾਲਿਸਤਾਨ ਵੱਲ ਵਧ ਰਿਹਾ ਹੈ। 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਿਸ਼ਾਨੇ ’ਤੇ ਦੁਪਹਿਰ 2 ਵਜ ਕੇ 11 ਮਿੰਟ ’ਤੇ ਸਕੂਲਾਂ ਵਿਚ ਧਮਾਕੇ ਹੋਣਗੇ, ਆਪਣੇ ਬੱਚਿਆਂ ਨੂੰ ਬਚਾਅ ਲਓ।’ ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਧਮਾਕਾ ਹੋਵੇਗਾ।
ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ ਇਸ ਬਾਰੇ ਪੁਲਸ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਹੈ। ਜਦੋਂ ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨਾਲ ਪੰਨੂ ਦੀ ਇਸ ਵੀਡੀਓ ਅਤੇ ਧਮਕੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਵੈਰੀਫਾਈਡ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਏਜੰਸੀਆਂ ਨਾਲ ਮਿਲ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗਣਤੰਤਰ ਦਿਵਸ ਦਾ ਸਮਾਗਮ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਵਿਚ ਹੋਵੇਗਾ।