World Cup will proceed as scheduled: ICC: ਆਈਸੀਸੀ ਵੱਲੋਂ ਬੰਗਲਾਦੇਸ਼ ਦੀ ਮੈਚਾਂ ਦੀ ਥਾਂ ਬਦਲਣ ਦੀ ਅਪੀਲ ਰੱਦ
ਭਾਰਤ ਵਿਚ ਬੰਗਲਾਦੇਸ਼ੀ ਖਿਡਾਰੀਆਂ ਨੂੰ ਕੋਈ ਖਤਰਾ ਨਹੀਂ; ਭਾਰਤ ਵਿਚ ਮਿੱਥੇ ਸਮੇਂ ਤੇ ਸਥਾਨ ’ਤੇ ਹੋਣਗੇ ਮੈਚ: ਆਈਸੀਸੀ
ਟੀ-20 ਵਿਸ਼ਵ ਕੱਪ ਦੇ ਮੈਚਾਂ ਦੀ ਥਾਂ ਬਦਲਣ ਦੇ ਮਾਮਲੇ ’ਤੇ ਆਈਸੀਸੀ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦਾ ਵਿਵਾਦ ਅੱਜ ਉਸ ਵੇਲੇ ਹੋਰ ਵਧ ਗਿਆ ਜਦੋਂ ਆਈਸੀਸੀ ਨੇ ਬੰਗਲਾਦੇਸ਼ ਦੀ ਮੈਚ ਭਾਰਤ ਤੋਂ ਬਾਹਰ ਕਰਵਾਉਣ ਦੀ ਅਪੀਲ ਨੂੰ ਰੱਦ ਦਿੱਤਾ। ਆਈਸੀਸੀ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ ਦੇ ਮੈਚ ਮਿੱਥੇ ਸਮੇਂ ਤੇ ਸਥਾਨ ’ਤੇ ਹੀ ਹੋਣਗੇ। ਆਈਸੀਸੀ ਨੇ ਕਿਹਾ ਹੈ ਕਿ ਸੁਰੱਖਿਆ ਮੁਲਾਂਕਣ ਅਤੇ ਏਜੰਸੀਆਂ ਰਾਹੀਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਬੰਗਲਾਦੇਸ਼ ਦੇ ਖਿਡਾਰੀਆਂ, ਮੀਡੀਆ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਨੂੰ ਕੋਈ ਖ਼ਤਰਾ ਨਹੀਂ ਹੈ।
ਇਸ ਤੋਂ ਪਹਿਲਾਂ ਬੰਗਲਾਦੇਸ਼ ਸਰਕਾਰ ਨੇ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਕ੍ਰਿਕਟ ਟੀਮ ਕਿਸੇ ਵੀ ਹਾਲਤ ਵਿੱਚ ਟੀ-20 ਵਿਸ਼ਵ ਕੱਪ ਖੇਡਣ ਲਈ ਭਾਰਤ ਨਹੀਂ ਆਵੇਗੀ। ਬੰਗਲਾਦੇਸ਼ ਦੇ ਖੇਡ ਸਲਾਹਕਾਰ ਆਸਿਫ਼ ਨਜ਼ਰੁਲ ਨੇ ਆਈ ਸੀ ਸੀ ਦਾ ਅਲਟੀਮੇਟਮ ਠੁਕਰਾਉਂਦਿਆਂ ਕਿਹਾ ਕਿ ਜੇ ਆਈ ਸੀ ਸੀ ਭਾਰਤੀ ਕ੍ਰਿਕਟ ਬੋਰਡ ਦੇ ਦਬਾਅ ਹੇਠ ਉਨ੍ਹਾਂ ’ਤੇ ਗੈਰ-ਵਾਜਬ ਸ਼ਰਤਾਂ ਥੋਪਦੀ ਹੈ ਤਾਂ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ।
ਆਈ ਸੀ ਸੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ ਸੀ ਬੀ) ਨੂੰ 21 ਜਨਵਰੀ ਤੱਕ ਫੈਸਲਾ ਲੈਣ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਜੇ ਬੰਗਲਾਦੇਸ਼ ਆਪਣੀ ਜ਼ਿੱਦ ’ਤੇ ਅੜਿਆ ਰਿਹਾ ਤਾਂ ਰੈਂਕਿੰਗ ਦੇ ਆਧਾਰ ’ਤੇ ਸਕਾਟਲੈਂਡ ਨੂੰ ਉਨ੍ਹਾਂ ਦੀ ਥਾਂ ਟੂਰਨਾਮੈਂਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਨਜ਼ਰੁਲ ਨੇ ਕਿਹਾ ਕਿ ਪਹਿਲਾਂ ਵੀ ਪਾਕਿਸਤਾਨ ਦੇ ਇਨਕਾਰ ਮਗਰੋਂ ਆਈ ਸੀ ਸੀ ਨੇ ਮੈਚਾਂ ਦੇ ਸਥਾਨ ਬਦਲੇ ਸਨ, ਇਸ ਲਈ ਬੰਗਲਾਦੇਸ਼ ਦੀ ਮੰਗ ਤਰਕਸੰਗਤ ਹੈ।
ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਬੀ ਸੀ ਸੀ ਆਈ ਦੇ ਕਹਿਣ ’ਤੇ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈ ਪੀ ਐੱਲ ’ਚੋਂ ਬਾਹਰ ਕਰ ਦਿੱਤਾ ਸੀ। ਇਸ ਦੇ ਜਵਾਬ ਵਿੱਚ ਬੀ ਸੀ ਬੀ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਕੋਲਕਾਤਾ ਅਤੇ ਮੁੰਬਈ ਵਿੱਚ ਹੋਣ ਵਾਲੇ ਗਰੁੱਪ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ। ਬੰਗਲਾਦੇਸ਼ ਚਾਹੁੰਦਾ ਹੈ ਕਿ ਉਨ੍ਹਾਂ ਦੇ ਸਾਰੇ ਮੈਚ ਸ੍ਰੀਲੰਕਾ ਵਿੱਚ ਕਰਵਾਏ ਜਾਣ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬੰਗਲਾਦੇਸ਼ ਅੰਦਰ ਹਿੰਦੂਆਂ ਦੀਆਂ ਹੱਤਿਆਵਾਂ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ।