Won’t use force, but US needs Greenland: ਗਰੀਨਲੈਂਡ ਲਈ ਫੌਜੀ ਤਾਕਤ ਨਹੀਂ ਵਰਤਾਂਗੇ: ਟਰੰਪ
ਸਿਰਫ ਅਮਰੀਕਾ ਵਲੋਂ ਹੀ ਗਰੀਨਲੈਂਡ ਦੀ ਰੱਖਿਆ ਕਰਨ ਦਾ ਦਾਅਵਾ; ਅਮਰੀਕੀ ਰਾਸ਼ਟਰਪਤੀ ਵਲੋਂ ਡੈਨਮਾਰਕ ਦੀ ਨਿਖੇਧੀ; ਗਰੀਨਲੈਂਡ ਨੂੰ ਆਈਸਲੈਂਡ ਕਹਿ ਗਏ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਰੀਨਲੈਂਡ ’ਤੇ ਕਬਜ਼ਾ ਕਰਨ ਦੀ ਯੋਜਨਾ ਸਹੀ ਠਹਿਰਾਉਂਦਿਆਂ ਕਿਹਾ ਕਿ ਗਰੀਨਲੈਂਡ ਦੀ ਰੱਖਿਆ ਸਿਰਫ ਅਮਰੀਕਾ ਹੀ ਕਰ ਸਕਦਾ ਹੈ। ਟਰੰਪ ਨੇ ਸ਼ਿਵਟਜ਼ਰਲੈਂਡ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਇਸ ਲਈ ਫੌਜੀ ਤਾਕਤ ਦੀ ਵਰਤੋਂ ਨਹੀਂ ਕਰੇਗਾ। ਉਨ੍ਹਾਂ ਇਸ ਕੰਮ ਵਿਚ ਅੜਿੱਕੇ ਡਾਹੁਣ ਵਾਲੇ ਡੈਨਮਾਰਕ ਦੀ ਨਿਖੇਧੀ ਵੀ ਕੀਤੀ।

ਟਰੰਪ ਨੇ ਕਿਹਾ ਕਿ ਗਰੀਨਲੈਂਡ ਦੀ ਬਹੁਤ ਅਹਿਮੀਅਤ ਹੈ ਤੇ ਇਹ ਬਹੁਤ ਵੱਡਾ ਖੇਤਰ ਹੈ ਪਰ ਇਹ ਖਾਲੀ ਪਿਆ ਹੈ ਤੇ ਇਸ ਦਾ ਹੁਣ ਤਕ ਵਿਕਾਸ ਵੀ ਨਹੀਂ ਹੋਇਆ। ਇਹ ਅਮਰੀਕਾ, ਰੂਸ ਤੇ ਚੀਨ ਦਰਮਿਆਨ ਅਹਿਮ ਥਾਂ ਹੈ ਤੇ ਇਸ ਦੀ ਸੁਰੱਖਿਆ ਵੀ ਨਹੀਂ ਕੀਤੀ ਜਾ ਰਹੀ।
ਟਰੰਪ ਨੇ ਕਿਹਾ ਕਿ ਅਮਰੀਕਾ ਨੇ ਦੂਜੀ ਵਿਸ਼ਵ ਜੰਗ ਵਿਚ ਅਮਰੀਕਾ ਦੇ ਯੋਗਦਾਨ ਨੂੰ ਦੱਸਦਿਆਂ ਕਿਹਾ ਕਿ ਉਸ ਵੇਲੇ ਡੈਨਮਾਰਕ ਆਪਣੀ ਰੱਖਿਆ ਨਹੀਂ ਕਰ ਸਕਿਆ ਸੀ ਜਿਸ ਕਾਰਨ ਇਸ ਦੇਸ਼ ਨੇ ਅਮਰੀਕਾ ਤੋਂ ਮਦਦ ਮੰਗੀ ਸੀ ਪਰ ਇਹ ਦੇਸ਼ ਅੱਜ ਵੀ ਗਰੀਨਲੈਂਡ ਦਾ ਕਬਜ਼ਾ ਛੱਡਣ ਲਈ ਤਿਆਰ ਨਹੀਂ ਹੈ।
ਟਰੰਪ ਨੇ ਗਰੀਨਲੈਂਡ ਦੀ ਥਾਂ ਆਈਸਲੈਂਡ ਹੀ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਮਰੀਕਾ ਦੇ ਸ਼ੇਅਰ ਆਈਸਲੈਂਡ ਕਾਰਨ ਡਿੱਗ ਗਏ ਤੇ ਅਮਰੀਕਾ ਨੂੰ ਖਾਸਾ ਨੁਕਸਾਨ ਸਹਿਣਾ ਪਿਆ।