US ਨੇ ਦਿੱਤੀ ਭਾਰਤੀ ਵਿਦਿਆਰਥੀਆਂ ਨੂੰ ਧਮਕੀ
ਦੇਸ਼ ‘ਚੋਂ ਕਰ ਦਿਆਂਗੇ ਡਿਪੋਰਟ
ਭਾਰਤ ’ਚ ਅਮਰੀਕੀ ਸਫਾਰਤਖਾਨੇ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ’ਤੇ ਸਟੂਡੈਂਟ ਵੀਜ਼ੇ ਲਈ ਗੰਭੀਰ ਸਿੱਟੇ ਨਿਕਲ ਸਕਦੇ ਹਨ ਕਿਉਂਕਿ ਉਸ ਨੇ ਦੇਸ਼ ’ਚ ਰਹਿਣ ਦਾ ਹੱਕ ਨਹੀਂ ਸਗੋਂ ਵਿਸ਼ੇਸ਼ ਅਧਿਕਾਰ ਦੱਸਿਆ ਹੈ।

ਸਫਾਰਤਖਾਨੇ ਨੇ ‘ਐਕਸ’ ’ਤੇ ਚਿਤਾਵਨੀ ਦਿੱਤੀ ਕਿ ਜੇ ਕੋਈ ਗ੍ਰਿਫ਼ਤਾਰ ਹੁੰਦਾ ਹੈ ਜਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਹ ਭਵਿੱਖ ’ਚ ਅਮਰੀਕੀ ਵੀਜ਼ੇ ਦੇ ਯੋਗ ਨਹੀਂ ਹੋਵੇਗਾ। ਵੀਜ਼ਾ ਰੱਦ ਹੋਣ ਦੇ ਨਾਲ ਹੀ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਇਸ ਲਈ ਨੇਮਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਨ ਦੇ ਨਾਲ ਹੀ ਆਖਿਆ ਗਿਆ ਹੈ ਕਿ ਲੋਕ ਆਪਣੇ ਸਫ਼ਰ ਲਈ ਖਤਰਾ ਖੜ੍ਹਾ ਨਾ ਕਰਨ।
ਸਫਾਰਤਖਾਨੇ ਵੱਲੋਂ ਬੀਤੇ ਕਈ ਮਹੀਨਿਆਂ ਤੋਂ ‘ਐਕਸ’ ’ਤੇ ਪਾਈਆਂ ਪੋਸਟਾਂ ’ਚ ਕਿਹਾ ਹੈ ਕਿ ‘ਅਮਰੀਕੀ ਵੀਜ਼ਾ ਵਿਸ਼ੇਸ਼ ਅਧਿਕਾਰ ਹੈ ਕੋਈ ਹੱਕ ਨਹੀਂ ਹੈ।’ ਬੀਤੇ ਸਾਲ 19 ਜੂਨ ਨੂੰ ਉਨ੍ਹਾਂ ਕਿਹਾ ਸੀ ਕਿ ਵੀਜ਼ਾ ਜਾਰੀ ਹੋਣ ਮਗਰੋਂ ਵੀ ਅਮਰੀਕੀ ਵੀਜ਼ਾ ਸਕਰੀਨਿੰਗ ਜਾਰੀ ਰਹਿੰਦੀ ਹੈ ਅਤੇ ਕਾਨੂੰਨ ਤੋੜਨ ’ਤੇ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।
ਭਾਰਤ ਅਤੇ ਅਮਰੀਕਾ ਦੇ ਵਿਗੜੇ ਸਬੰਧਾਂ ਦਰਮਿਆਨ ਅਮਰੀਕੀ ਮਨੋਨੀਤ ਸਫੀਰ ਸਰਗੀਓ ਗੋਰ (38) ਅਗਲੇ ਕੁਝ ਦਿਨਾਂ ’ਚ ਭਾਰਤ ਪਹੁੰਚਣਗੇ। ਗੋਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਨੇੜਲੇ ਵਿਅਕਤੀਆਂ ’ਚ ਗਿਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਗੋਰ ਐਤਵਾਰ ਨੂੰ ਭਾਰਤ ਪਹੁੰਚ ਸਕਦੇ ਹਨ। ਉਨ੍ਹਾਂ ਵੱਲੋਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਸੁਧਾਰਨ ’ਚ ਅਹਿਮ ਭੂਮਿਕਾ ਨਿਭਾਏ ਜਾਣ ਦੀ ਆਸ ਹੈ।