Italy
ਇਟਲੀ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਵਿਖੇ ਇੱਕ ਭਾਰਤੀ ਮੂਲ ਦੇ 38 ਸਾਲਾਂ ਦੇ ਵਿਅਕਤੀ ਨੂੰ ਮਾਨਯੋਗ ਅਦਾਲਤ ਵਲੋਂ ਆਪਣੀ ਪਤਨੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਸਾਬਤ ਹੋਣ ਉਪੰਰਤ 3 ਸਾਲ ਤੋਂ ਵਧੇਰੇ ਸਮੇਂ ਦੀ ਜੇਲ੍ਹ ਦੀ ਸਜ਼ਾ ਦਾ ਫਰਮਾਨ ਜਾਰੀ ਕੀਤਾ ਹੈ।
ਸਥਾਨਕ ਇਟਾਲੀਅਨ ਮੀਡੀਆ ਵਿੱਚ ਮੁੱਖ ਸੁਰਖੀ ਬਣ ਇਟਾਲੀਅਨ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਰਹੀ ਇਸ ਖ਼ਬ਼ਰ ਅਨੁਸਾਰ ਸਾਲ 2023 ਵਿੱਚ ਇੱਕ ਭਾਰਤੀ ਮੂਲ ਦੇ ਨੌਜਵਾਨ ‘ਤੇ ਉਸ ਦੀ ਧਰਮ ਪਤਨੀ ਨੇ ਦੋਸ਼ ਲਗਾਉਂਦਿਆਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਜਿਸ ਦਾ ਕੇਸ ਮਾਨਯੋਗ ਅਦਾਲਤ ਲਾਤੀਨਾ ਵਿਖੇ ਚੱਲ ਰਿਹਾ ਸੀ ਜਿਸ ਦਾ ਨਿਪਟਾਰਾ ਬੀਤੇ ਦਿਨ ਜੱਜ ਸਾਹਿਬਾਨ ਵੱਲੋਂ ਕਰ ਦਿੱਤਾ ਗਿਆ।
ਇਸ ਕੇਸ ਵਿੱਚ 38 ਸਾਲਾਂ ਭਾਰਤੀ ਦੋਸ਼ੀ ਪਾਇਆ ਗਿਆ ਜਿਸ ਕਾਰਨ ਹੁਣ ਦੋਸ਼ੀ ਭਾਰਤੀ ਨੂੰ 3 ਸਾਲ 3 ਮਹੀਨੇ ਤੇ 26 ਦਿਨਾਂ ਦੀ ਜੇਲ੍ਹ ਦੀ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਲਾਤੀਨਾ ਪਬਲਿਕ ਪ੍ਰੌਸੀਕਿਊਟਰ ਦਫ਼ਤਰ ਤੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਲਸ ਨੇ ਭਾਰਤੀ ਨੂੰ ਗ੍ਰਿਫ਼ਤਾਰ ਕਰ ਲਾਤੀਨਾ ਜੇਲ੍ਹ ਭੇਜ ਦਿੱਤਾ ਹੈ।