Australia – ਆਸਟਰੇਲੀਆ ਬੀਚ ਗੋਲੀਬਾਰੀ: ਹੈਦਰਾਬਾਦ ਦਾ ਜੰਮਪਲ ਸੀ ਮੁੱਖ ਮੁਲਜ਼ਮ
ਸਿਡਨੀ ਪੁਲੀਸ ਨੇ ਹਮਲਾ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਦੱਸਿਆ
ਤਿਲੰਗਾਨਾ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਆਸਟਰੇਲੀਆ ਦੇ ਬੌਂਡੀ ਬੀਚ ’ਤੇ ਹੋਈ ਗੋਲੀਬਾਰੀ ਦਾ ਮੁੱਖ ਮੁਲਜ਼ਮ ਸਾਜਿਦ ਅਕਰਮ (50) ਹੈਦਰਾਬਾਦ ਦਾ ਜੰਮਪਲ ਸੀ ਅਤੇ ਉਸ ਕੋਲ ਭਾਰਤੀ ਪਾਸਪੋਰਟ ਸੀ। ਸੂਬੇ ਦੇ ਡੀ ਜੀ ਪੀ ਦਫ਼ਤਰ ਮੁਤਾਬਕ ਸਾਜਿਦ ਨਵੰਬਰ 1998 ਵਿੱਚ ਬੀ ਕੌਮ ਕਰਨ ਮਗਰੋਂ ਰੁਜ਼ਗਾਰ ਦੀ ਭਾਲ ’ਚ ਆਸਟਰੇਲੀਆ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਜਿਦ ਨੇ ਉੱਥੇ ਪੱਕੇ ਤੌਰ ’ਤੇ ਵੱਸਣ ਤੋਂ ਪਹਿਲਾਂ ਯੂਰਪੀ ਮੂਲ ਦੀ ਔਰਤ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਪੁੱਤਰ ਨਵੀਦ (ਹਮਲੇ ਦਾ ਦੂਜਾ ਮੁਲਜ਼ਮ) ਅਤੇ ਧੀ ਆਸਟਰੇਲੀਆ ਵਿੱਚ ਹੀ ਪੈਦਾ ਹੋਏ ਸਨ ਅਤੇ ਉਹ ਉੱਥੋਂ ਦੇ ਹੀ ਨਾਗਰਿਕ ਹਨ।
ਪੁਲੀਸ ਮੁਤਾਬਕ ਪਿਛਲੇ 27 ਸਾਲਾਂ ਦੌਰਾਨ ਸਾਜਿਦ ਸਿਰਫ਼ ਛੇ ਵਾਰ ਭਾਰਤ ਆਇਆ ਸੀ। ਪੁਲੀਸ ਨੇ ਸਪੱਸ਼ਟ ਕੀਤਾ ਕਿ ਸਾਜਿਦ ਅਤੇ ਉਸ ਦੇ ਪੁੱਤਰ ਨਵੀਦ ਅਕਰਮ ਦੇ ਕੱਟੜਪੰਥੀ ਬਣਨ ਦਾ ਭਾਰਤ ਜਾਂ ਤਿਲੰਗਾਨਾ ਨਾਲ ਕੋਈ ਸਬੰਧ ਨਹੀਂ ਹੈ।
ਉੱਧਰ, ਆਸਟਰੇਲਿਆਈ ਪੁਲੀਸ ਨੇ ਸਿਡਨੀ ਦੇ ਮਸ਼ਹੂਰ ਬੌਂਡੀ ਬੀਚ ’ਤੇ ਹੋਈ ਗੋਲੀਬਾਰੀ ਨੂੰ ‘ਇਸਲਾਮਿਕ ਸਟੇਟ (ਆਈ ਐੱਸ) ਤੋਂ ਪ੍ਰੇਰਿਤ ਦਹਿਸ਼ਤੀ ਹਮਲਾ’ ਕਰਾਰ ਦਿੱਤਾ ਹੈ। ਐਤਵਾਰ ਨੂੰ ਹੋਏ ਇਸ ਹਮਲੇ ਵਿੱਚ 15 ਜਣਿਆਂ ਦੀ ਮੌਤ ਹੋ ਗਈ ਸੀ ਅਤੇ 25 ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਜਿਦ ਅਕਰਮ ਅਤੇ ਉਸ ਦੇ ਪੁੱਤਰ ਨਵੀਦ ਅਕਰਮ ਦੇ ਕੱਟੜਪੰਥੀ ਹੋਣ ਦੇ ਕਾਰਕਾਂ ਦਾ ਭਾਰਤ ਜਾਂ ਤਿਲੰਗਾਨਾ ਵਿੱਚ ਕਿਸੇ ਸਥਾਨਕ ਪ੍ਰਭਾਵ ਨਾਲ ਕੋਈ ਸਬੰਧ ਨਹੀਂ ਜਾਪਦਾ। ਇਸ ਵਿੱਚ ਕਿਹਾ ਗਿਆ ਹੈ ਕਿ ਸਾਜਿਦ ਅਕਰਮ ਨੇ ਹੈਦਰਾਬਾਦ ਵਿੱਚ ਆਪਣੀ ਬੀ ਕਾਮ ਦੀ ਪੜ੍ਹਾਈ ਪੂਰੀ ਕੀਤੀ ਅਤੇ ਰੁਜ਼ਗਾਰ ਦੀ ਭਾਲ ਵਿੱਚ ਨਵੰਬਰ 1998 ਵਿੱਚ ਆਸਟਰੇਲੀਆ ਪਰਵਾਸ ਕਰ ਗਿਆ।
ਇਸ ਤੋਂ ਪਹਿਲਾਂ ਪੁਲੀਸ ਨੇ ਐਤਵਾਰ ਨੂੰ ਬੌਂਡੀ ਬੀਚ ’ਤੇ ਹੋਏ ਹਮਲੇ ਦੇ ਮਾਮਲੇ ’ਚ ਵੱਖ-ਵੱਖ ਥਾਈਂ ਛਾਪੇ ਮਾਰ ਕੇ ਦੋ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਚ ’ਤੇ ਪਿਉ ਅਤੇ ਪੁੱਤਰ ਨੇ ਯਹੂਦੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ। ਉਨ੍ਹਾਂ ਦੀ ਪਛਾਣ ਸਾਜਿਦ ਅਕਰਮ (50) ਵਜੋਂ ਹੋਈ ਹੈ, ਜੋ ਪੁਲੀਸ ਦੀ ਜਵਾਬੀ ਗੋਲੀਬਾਰੀ ’ਚ ਮਾਰਿਆ ਗਿਆ, ਜਦਕਿ ਉਸ ਦਾ ਪੁੱਤਰ ਨਵੀਦ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਪੁਲੀਸ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਦੋਵੇਂ ਪਿਉ-ਪੁੱਤਰ ਸਿਡਨੀ ਦੇ ਉਪਨਗਰ ਕੈਂਪਸੀ ਵਿੱਚ ਕਿਰਾਏ ਉੱਤੇ ਰਹਿੰਦੇ ਸਨ। ਪੁਲੀਸ ਨੇ ਉੱਥੋਂ ਦੋ ਮਸ਼ਕੂਕਾਂ ਨੂੰ ਹਿਰਾਸਤ ’ਚ ਲਿਆ ਹੈ। ਸਾਜਿਦ ‘ਮਨੋਰੰਜਨ ਫਾਇਰਆਰਮ ਕਲੱਬ’ ਦਾ ਮੈਂਬਰ ਸੀ, ਜਿੱਥੋਂ ਉਸ ਨੇ ਬੰਦੂਕ ਚਲਾਉਣ ਅਤੇ ਨਿਸ਼ਾਨੇਬਾਜ਼ੀ ਦੀ ਸਿਖਲਾਈ ਲਈ ਸੀ।