SGPC Harjinder Singh Dhami
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਦੇ ਰੋਲ ਦੀ ਸੰਖੇਪ ਪੜਚੋਲ
ਹੁਣ ਧਾਮੀ ਸਾਹਿਬ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਬਾਰੇ ਨਿਯਮ ਬਣਾਉਣ ਦੀ ਗੱਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਥੇਦਾਰਾਂ ਦੀ ਰੁਖਸਤਗੀ ਸਨਮਾਨਜਨਕ ਤਰੀਕੇ ਨਾਲ ਹੋਵੇਗੀ ਪਰ ਗਿਆਨੀ ਹਰਪ੍ਰੀਤ ਸਿੰਘ ਦੀ ਘਟੀਆ ਤਰੀਕੇ ਨਾਲ ਬਰਖਾਸਤਗੀ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਹੀ ਹੋਈ।
ਇਹੋ ਜਿਹੀ ਨਿਕੰਮੀ ਪੜਤਾਲ ਅਤੇ ਰਿਪੋਰਟ ਦੇ ਅਧਾਰ ‘ਤੇ ਜੇ ਕੋਈ ਸ਼੍ਰੋਮਣੀ ਕਮੇਟੀ ਦਾ ਸਧਾਰਨ ਮੁਲਾਜ਼ਮ ਕੱਢਿਆ ਹੁੰਦਾ ਤੇ ਜੇ ਉਹ ਅਦਾਲਤ ਵਿੱਚ ਚੁਣੌਤੀ ਦੇ ਦਿੰਦਾ ਤਾਂ ਕਮੇਟੀ ਨੂੰ ਉਸ ਮੁਲਾਜ਼ਮ ਨੂੰ ਨਾਲੇ ਬਹਾਲ ਕਰਨਾ ਪੈਣਾ ਸੀ, ਨਾਲੇ ਹਰਜ਼ਾਨਾ ਦੇਣਾ ਪੈਣਾ ਸੀ।
ਹੁਣ ਉਹ ਕਹਿ ਰਹੇ ਨੇ ਕਿ ਪਿਛਲੇ ਸਮੇਂ ਦੌਰਾਨ ਸੇਵਾਮੁਕਤ ਕੀਤੇ ਸਿੰਘ ਸਾਹਿਬਾਨ ਨੂੰ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕਰਨ ਬਾਰੇ ਵੀ ਯਤਨ ਕਰਨਗੇ।
ਕੀ ਉਹ ਗਿਆਨੀ ਗੁਰਬਚਨ ਸਿੰਘ ਨੂੰ ਵੀ ਸਨਮਾਨਣਗੇ? ਭੱਦੇ ਦੋਸ਼ ਲਾ ਕੇ ਕੱਢਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸਨਮਾਨਣਗੇ? ਜਾਂ ਇਹ ਕਾਰਵਾਈ ਸਿਰਫ ਖੁਦ ਅਸਪਸ਼ਟਤਾ ਅਤੇ ਦੁਬਿਧਾ ਦੇ ਸ਼ਿਕਾਰ ਗਿਆਨੀ ਰਘਬੀਰ ਸਿੰਘ ਤੱਕ ਸੀਮਤ ਰਹੇਗੀ, ਹਾਲਾਂਕਿ ਉਨ੍ਹਾਂ ਨੂੰ ਵੀ ਜਥੇਦਾਰੀ ਤੋਂ ਦੋਸ਼ ਲਾ ਕੇ ਹੀ ਹਟਾਇਆ ਗਿਆ ਹੈ?
ਉਨ੍ਹਾਂ ਦੇ ਨਵੇਂ ਬਿਆਨ ਅਤੇ ਹੁਣ ਤੱਕ ਦੇ ਰਿਕਾਰਡ ਤੋਂ ਇਹ ਗੱਲ ਜਾਪ ਰਹੀ ਹੈ ਕਿ ਉਹ ਨਵੀਂ ਨਿਯੁਕਤੀ ਵੇਲੇ ਦਮਦਮੀ ਟਕਸਾਲ ਅਤੇ ਕੁਝ ਕੁ ਹੋਰ ਸੰਪਰਦਾਵਾਂ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਨਗੇ ਤੇ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਉਭਾਰਨਗੇ। ਇਹੀ ਕੁਝ ਉਹ ਪਹਿਲਾਂ ਕਰਦੇ ਰਹੇ ਨੇ।
ਖੁਦ ਹੱਥਾਂ ਨਾਲ ਗੰਢਾਂ ਦੇਣ ਤੋਂ ਬਾਅਦ ਹੁਣ ਉਹ ਦੰਦਾਂ ਨਾਲ ਖੋਲ੍ਹਣ ਦਾ ਦਾਅਵਾ ਕਰ ਰਹੇ ਨੇ।
ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੇ ਕਈ ਇਹੋ ਜਿਹੇ ਬਿਆਨ ਸਾਹਮਣੇ ਆਏ, ਜਿਵੇਂ ਉਹ ਇੱਕ ਮਹਾਨ ਆਗੂ ਨੇ ਜਦਕਿ ਕਰੀਬ ਸਾਢੇ ਤਿੰਨ ਸਾਲ ਦੇ ਕਾਰਜਕਾਲ ਵਿੱਚ ਉਨ੍ਹਾਂ ਕੋਈ ਵੱਡੀ ਪਹਿਲਕਦਮੀ ਨਹੀਂ ਕੀਤੀ ਤੇ ਸਿਰਫ਼ ਡੰਗ ਟਪਾਇਆ। ਸੁਖਬੀਰ ਸਿੰਘ ਬਾਦਲ ਦੀ ਖੁਸ਼ਨੂਦੀ ਹਾਸਲ ਕੀਤੀ ਤੇ ਟਕਸਾਲ ਮੁਖੀ ਤੇ ਕੁਝ ਹੋਰ ਡੇਰੇਦਾਰਾਂ ਨੂੰ ਖੁਸ਼ ਰੱਖਿਆ। ਮਹੱਤਵਪੂਰਨ ਨਿਯੁਕਤੀਆਂ ਵਿੱਚ ਉਨ੍ਹਾਂ ਦੀ ਮਰਜ਼ੀ ਚੱਲਣ ਦਿੱਤੀ।
2 ਦਸੰਬਰ ਦੇ ਅਕਾਲ ਤਖਤ ਤੋਂ ਹੋਏ ਆਦੇਸ਼ ਤੋਂ ਬਾਅਦ ਆਸ ਨੂੰ ਨਿਰਾਸ਼ਾ ਵਿੱਚ ਬਦਲਣ ਵਿੱਚ ਉਨ੍ਹਾਂ ਨੇ ਵੀ ਬਹੁਤ ਵੱਡਾ ਰੋਲ ਨਿਭਾਇਆ।
ਅਕਾਲ ਤਖਤ ਵੱਲੋਂ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਸੌਂਪੀ ਗਈ ਪਰ ਉਨ੍ਹਾਂ ਨੇ ਦੋ ਮਹੀਨੇ ਇਸ ਦੀ ਕੋਈ ਮੀਟਿੰਗ ਹੀ ਨਹੀਂ ਸੱਦੀ। ਜਦੋਂ ਦਬਾਅ ਵਧਿਆ ਤਾਂ ਅਸਤੀਫਾ ਦੇ ਕੇ ਪਾਸੇ ਹੋ ਗਏ।
ਦੋ ਦਸੰਬਰ ਦੇ ਆਦੇਸ਼ਾਂ ਨੂੰ ਲਾਗੂ ਕਰਨ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਖੁਦ ਹੀ ਵੱਡੀ ਰੁਕਾਵਟ ਬਣਿਆ।
ਉਨ੍ਹਾਂ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਵੀ ਨਹੀਂ ਕੀਤੀ, ਅਕਾਲ ਤਖਤ ਦੇ ਆਦੇਸ਼ ਦੀ ਉਲੰਘਣਾ ਕਰਕੇ ਵੀ ਉਸ ਦੋਸ਼ ਤੋਂ ਸਿੱਧੇ ਤੌਰ ‘ਤੇ ਬਚ ਗਏ ਤੇ ਨਾਲ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੀ ਬਚੀ ਰਹਿ ਗਈ।
ਜੇ ਅੱਜ ਸ਼੍ਰੋਮਣੀ ਕਮੇਟੀ ਦੀ ਸਾਖ ਬੇਹਦ ਡਿੱਗੀ ਹੈ ਤਾਂ ਉਸ ਲਈ ਧਾਮੀ ਸਾਹਿਬ ਸਭ ਤੋਂ ਵੱਧ ਜਿੰਮੇਵਾਰ ਨੇ, ਕਿਉਂਕਿ ਸਭ ਤੋਂ ਵੱਧ ਜਿੰਮੇਵਾਰੀ ਸੰਸਥਾ ਦੇ ਮੁਖੀ ਦੀ ਹੁੰਦੀ ਹੈ। ਦੂਜਿਆਂ ‘ਤੇ ਜਿੰਮੇਵਾਰੀ ਸੁੱਟ ਕੇ ਉਹ ਬਚ ਨਹੀਂ ਸਕਦੇ।
#Unpopular_Opinions
#Unpopular_Ideas
#Unpopular_Facts