Jalandhar ਜਬਰ ਜਨਾਹ ਮਾਮਲਾ : ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਬਰਖ਼ਾਸਤ
ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਫ਼ੋਨ ‘ਤੇ ਦਿੱਤੀ ਜਾਣਕਾਰੀ
ਜਲੰਧਰ : ਪੰਜਾਬ ਪੁਲਿਸ ਵਿਭਾਗ ਨੇ ਜਲੰਧਰ ਵਿਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿਚ ਏ.ਐਸ.ਆਈ. ਮੰਗਤ ਰਾਮ ਨੂੰ ਬਰਖ਼ਾਸਤ ਕਰ ਦਿੱਤਾ ਹੈ । ਦੱਸ ਦੇਈਏ ਕਿ 13 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਵਿਚ ਏ.ਐਸ.ਆਈ. ਮੰਗਤ ਰਾਮ ਦੀ ਲਾਪਰਵਾਹੀ ਪਾਈ ਗਈ ਸੀ।

ਡਿਊਟੀ ਦੌਰਾਨ ਏ.ਐਸ.ਆਈ. ਮੰਗਤ ਰਾਮ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਗਲਤ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਧੀ ਉਸ ਘਰ ਵਿਚ ਨਹੀਂ ਹੈ, ਜਿਥੇ ਉਸ ਦਾ ਕਤਲ ਕੀਤਾ ਗਿਆ ਸੀ।
ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਫੋਨ ‘ਤੇ ਏ.ਐਸ.ਆਈ. ਮੰਗਤ ਰਾਮ ਨੂੰ ਬਰਖ਼ਾਸਤ ਕਰਨ ਦੀ ਜਾਣਕਾਰੀ ਦਿੱਤੀ ਹੈ। ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਏ.ਐਸ.ਆਈ. ਮੰਗਤ ਰਾਮ ਨੂੰ ਇਸ ਮਾਮਲੇ ਵਿਚ ਲਾਪਰਵਾਹੀ ਅਤੇ ਡਿਊਟੀ ਦੌਰਾਨ ਸਹੀ ਜਾਣਕਾਰੀ ਨਾ ਦੇਣ ਕਾਰਨ ਪੁਲਿਸ ਵਿਭਾਗ ਵਲੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਦੋ ਹੋਰ ਪੀਸੀਆਰ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।