Breaking News

Punjab – ਗੰਜੇਪਣ ਦਾ ਇਲਾਜ ਕਰਵਾਉਣ ਗਿਆਂ ਨੇ ਅੱਖਾਂ ਖਰਾਬ ਕਰਵਾ ਲਈਆਂ

Punjab – ਗੰਜੇਪਣ ਦਾ ਇਲਾਜ ਕਰਵਾਉਣ ਗਿਆਂ ਨੇ ਅੱਖਾਂ ਖਰਾਬ ਕਰਵਾ ਲਈਆਂ

ਸੰਗਰੂਰ ਵਿੱਚ ਗੰਜੇਪਣ ਦਾ ਇਲਾਜ ਕਰਵਾਉਣ ਗਏ ਲੋਕ ਅੱਖਾਂ ਦੀ ਇਨਫੈਕਸ਼ਨ ਦਾ ਸ਼ਿਕਾਰ ਕਿਵੇਂ ਹੋ ਗਏ, ਕੀ ਹੈ ਪੂਰਾ ਮਾਮਲਾ

“ਮੈਨੂੰ ਕੋਈ ਪਤਾ ਨਹੀਂ ਕੈਂਪ ਕਿਸ ਨੇ ਲਗਾਇਆ। ਮੈਨੂੰ ਕਿਸੇ ਮਿੱਤਰ ਨੇ ਕਿਹਾ ਸੀ ਤੇ ਮੈਂ ਉਸ ਨਾਲ ਚਲਾ ਗਿਆ। ਦਵਾਈ ਲਗਾਉਣ ਦੇ ਅੱਧੇ ਕੁ ਘੰਟੇ ਬਾਅਦ ਇਹ ਇਨਫੈਕਸ਼ਨ ਹੋਣਾ ਸ਼ੁਰੂ ਹੋਇਆ।”

ਇਹ ਸ਼ਬਦ ਹਨ ਪ੍ਰਦੀਪ ਦੇ, ਜੋ ਵਾਲਾਂ ਦੇ ਵਧਣ ਦਾ ਦਾਅਵਾ ਕਰਨ ਵਾਲੇ ਕਿਸੇ ਕੈਂਪ ਵਿੱਚ ਸਿਰ ʼਤੇ ਦਵਾਈ ਲਗਵਾਉਣ ਗਏ ਸਨ ਪਰ ਅੱਖਾਂ ਦੇ ਇਨਫੈਕਸ਼ਨ ਕਾਰਨ ਹਸਪਤਾਲ ਪਹੁੰਚ ਗਏ।

ਪ੍ਰਦੀਪ ਦਾ ਕਹਿਣਾ ਹੈ, “ਵਾਲ ਵਧਾਉਣ ਨੂੰ ਲੈ ਕੇ ਇਹ ਜਿਹੜੀ ਭੇਡ ਚਾਲ ਚੱਲੀ ਹੋਈ ਸੀ ਮੈਂ ਉੱਥੇ ਜਾ ਕੇ ਫਸ ਗਿਆ। ਉਨ੍ਹਾਂ ਨੇ ਮੇਰੇ ਸਿਰ ਉੱਤੇ ਦਵਾਈ ਲਗਾਈ ਅਤੇ ਉਸ ਤੋਂ ਅੱਧੇ ਘੰਟੇ ਬਾਅਦ ਹੀ ਮੇਰੀਆਂ ਅੱਖਾਂ ਪੀੜ ਹੋਣ ਲੱਗੀਆਂ ਤੇ ਹੁਣ ਤਾਂ ਖੁੱਲ੍ਹ ਤੱਕ ਨਹੀਂ ਰਹੀਆਂ।”

ਇਹ ਹਾਲ ਸਿਰਫ਼ ਇਕੱਲੇ ਪ੍ਰਦੀਪ ਦਾ ਨਹੀਂ ਬਲਕਿ ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚੇ ਕਈ ਲੋਕਾਂ ਦਾ ਹੈ।

ਪ੍ਰਦੀਪ ਦਾ ਕਹਿਣਾ ਹੈ ਕਿ ਜਦੋਂ ਉਹ ਕੈਂਪ ਵਿੱਚ ਗਏ ਸਨ ਤਾਂ ਉੱਥੇ ਕੋਈ 300-400 ਬੰਦੇ ਦਾ ਇਕੱਠ ਸੀ। ਪ੍ਰਦੀਪ ਸਿੰਘ ਤੋਂ ਇਲਾਵਾ ਕਈ ਹੋਰ ਵੀ ਲੋਕ ਅੱਖਾਂ ਦੇ ਦਰਦ ਨਾਲ ਪਰੇਸ਼ਾਨ ਹੋ ਕੇ ਹਸਪਤਾਲ ਪਹੁੰਚੇ ਹੋਏ ਸਨ।

ਉੱਧਰ ਅੱਖਾਂ ʼਤੇ ਪੱਟੀ ਬੰਨ੍ਹੀ ਸੰਦੀਪ ਦਾ ਕਹਿਣਾ ਹੈ ਕਿ ਦਵਾਈ ਲਗਾਉਣ ਤੋਂ 10 ਕੁ ਮਿੰਟ ਬਾਅਦ ਉਨ੍ਹਾਂ ਨੇ ਸਿਰ ਧੋਣ ਲਈ ਕਿਹਾ ਸੀ।

“ਮੈਂ ਤਾਂ ਮੂੰਹ ʼਤੇ ਪਾਣੀ ਵੀ ਨਹੀਂ ਲਾਇਆ ਪਰ ਫਿਰ ਵੀ ਅੱਖਾਂ ਦੁਖਣ ਲੱਗੀਆਂ। ਪਹਿਲਾਂ ਤਾਂ ਮਾੜੀਆਂ-ਮਾੜੀਆਂ ਦੁਖੀਆਂ ਤੇ ਜੁਕਾਮ ਜਿਹਾ ਹੋ ਗਿਆ ਪਰ ਫਿਰ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਮੈਂ ਹਸਪਤਾਲ ਆ ਗਿਆ।”

ਸੰਦੀਪ ਦੱਸਦੇ ਹਨ ਕਿ ਕੈਂਪ ਵਿੱਚ ਉਨ੍ਹਾਂ ਨੇ ਵੱਡੇ ਜਿਹੇ ਡੋਂਗੇ ਵਿੱਚ ਦਵਾਈ ਬਣਾਈ ਹੋਈ ਸੀ ਤੇ ਉਸ ਵਿੱਚੋਂ ਹੀ ਸਾਰਿਆਂ ਨੂੰ ਲਗਾਈ ਜਾ ਰਹੇ ਸਨ।

ਦਰਅਸਲ, 16 ਮਾਰਚ ਨੂੰ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਗੰਜੇਪਣ ਨੂੰ ਦੂਰ ਕਰਨ ਲਈ ਫਰੀ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ 100 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਨੂੰ ਵੱਡੇ ਪੱਧਰ ਦੇ ਉੱਪਰ ਨੁਕਸਾਨ ਪਹੁੰਚਿਆ ਸੀ।

ਇਸ ਮਗਰੋਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਅੱਖਾਂ ਦੇ ਇਨਫੈਕਸ਼ਨ ਵਾਲੇ ਮਰੀਜ਼ਾਂ ਦੀ ਭਰਮਾਰ ਲੱਗ ਗਈ।

ਇਨ੍ਹਾਂ ਨੂੰ ਅੱਖਾਂ ਦੇ ਵਿੱਚ ਇਨਫੈਕਸ਼ਨ ਦੀ ਦਿੱਕਤ ਆ ਰਹੀ ਸੀ ਤੇ ਕਾਫੀ ਦਰਦ ਹੋ ਰਿਹਾ ਸੀ।

ਉੱਧਰ ਸੰਗਰੂਰ ਦੇ ਸਿਵਲ ਸਰਜਨ ਸੰਜੇ ਕਾਮਰਾ ਦਾ ਕਹਿਣਾ ਹੈ ਕਿ ਕਾਲੀ ਮਾਤਾ ਮੰਦਿਰ ਵਿੱਚ ਕਿਸੇ ਨੇ ਗੰਜੇਪਣ ਨੂੰ ਦੂਰ ਕਰਨ ਦੀ ਦਵਾਈ ਦਿੱਤੀ ਸੀ ਤਾਂ ਲੋਕਾਂ ਨੂੰ ਉਸ ਨਾਲ ਰਿਐਕਸ਼ਨ ਹੋ ਗਿਆ।

ਉਨ੍ਹਾਂ ਨੇ ਅੱਗੇ ਕਿਹਾ, “ਸਾਨੂੰ ਨਹੀਂ ਪਤਾ ਕਿ ਕੈਂਪ ਕਿਸ ਨੇ ਲਗਾਇਆ ਅਤੇ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਹ ਬਿਨਾਂ ਇਜਾਜ਼ਤ ਦੇ ਲਗਾਇਆ ਗਿਆ ਸੀ। ਸਾਡੇ ਕੋਲ ਤਾਂ ਐਤਵਾਰ ਰਾਤ ਦੇ ਹੀ ਐਮਰਜੈਂਸੀ ਵਿੱਚ ਮਰੀਜ਼ ਆ ਰਹੇ ਹਨ।”

“ਸਾਡੇ ਅੱਖਾਂ ਦੇ ਅਤੇ ਸਕਿੱਨ ਦੇ ਮਾਹਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਮਰੀਜ਼, ਅੱਖਾਂ ਵਿੱਚ ਸੋਜਿਸ਼, ਅੱਖਾਂ ਵਿੱਚ ਪਾਣੀ ਅਤੇ ਕੁਝ ਚਮੜੀ ਦੇ ਇਨਫੈਕਸ਼ਨ ਦੀ ਗੱਲ ਕਰ ਰਹੇ ਹਨ।”

ਉਨ੍ਹਾਂ ਨੇ ਕਿਹਾ ਕਿ ਮਰੀਜ਼ ਲਗਾਤਾਰ ਆ ਰਹੇ ਹਨ ਅਤੇ ਇਲਾਜ ਕਰਵਾਉਣ ਮਗਰੋਂ ਵਾਪਸ ਘਰੇ ਹੀ ਜਾ ਰਹੇ ਹਨ।

ਉਨ੍ਹਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ, “ਸਾਡੀ ਜਾਣਕਾਰੀ ਵਿੱਚ ਅੱਖਾਂ ਦੇ ਕੈਂਪ ਦੀ ਅਤੇ ਖ਼ੂਨ ਦਾਨ ਦੇ ਕੈਂਪ ਦੀ ਮਨਜ਼ੂਰੀ ਲਈ ਜਾਂਦੀ ਹੈ ਅਤੇ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗਾ।”

ਇਨਫੈਕਸ਼ਨ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਅਜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਇਨਫੈਕਸ਼ਨ ਕਿਸ ਚੀਜ਼ ਨਾਲ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਹੀ ਇਸ ਸਬੰਧੀ ਕਾਰਵਾਈ ਕਰੇਗੀ।

ਸੰਗਰੂਰ ਦੇ ਪਿੰਡ ਬਿਲਾਸਪੁਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੇ ਗੰਜੇਪਣ ਦੀ ਗੰਭੀਰ ਬਿਮਾਰੀ ਤੋਂ ਛੁਟਕਾਰਾ ਦਵਾਉਣ ਦਾ ਦਾਅਵਾ ਕਰਦੇ ਹੋਏ ਇੱਕ ਫਰੀ ਕੈਂਪ ਲਗਾਇਆ ਗਿਆ ਸੀ।

ਇਸ ਕੈਂਪ ਵਿੱਚ ਉਨ੍ਹਾਂ ਨੇ ਗੰਜੇਪਣ ਤੋਂ ਪੀੜਤ ਲੋਕਾਂ ਦੇ ਸਿਰ ਦੇ ਵਿੱਚ ਤੇਲ ਨੁਮਾ ਇੱਕ ਕੈਮੀਕਲ ਲਗਾਇਆ ਸੀ।

ਇਸ ਮਗਰੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ, ਜਿਨਾਂ ਨੇ ਆਪਣੇ ਸਿਰ ਦੇ ਵਿੱਚ ਉਹ ਕੈਮੀਕਲ ਦਵਾਈ ਲਗਵਾਈ ਅੱਖਾਂ ਦੇ ਵਿੱਚ ਜਲਣ ਅਤੇ ਤੇਜ਼ ਦਰਦ ਮਹਿਸੂਸ ਹੋਣ ਦੀ ਸ਼ਿਕਾਇਤ ਕੀਤੀ।

ਜਿਸ ਤੋਂ ਬਾਅਦ 70 ਦੇ ਲਗਭਗ ਲੋਕਾਂ ਨੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ ਅਤੇ ਵੱਡੀ ਗਿਣਤੀ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ।

ਪੀੜਤ ਸੁਖਬੀਰ ਸਿੰਘ ਦੀ ਸ਼ਿਕਾਇਤ ʼਤੇ ਸੰਗਰੂਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਅਮਨਦੀਪ ਸਿੰਘ ਅਤੇ ਤਜਿੰਦਰ ਪਾਲ ਖ਼ਿਲਾਫ਼ ਧਾਰਾ 124 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।

ਤਜਿੰਦਰ ਸਿੰਘ ਇਸ ਕੈਂਪ ਦਾ ਸਪੌਂਸਰ ਬਣਿਆ ਸੀ।

ਸੰਗਰੂਰ ਦੇ ਡੀਐੱਸਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਮੁਲਜ਼ਮਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।