Breaking News

Baba Harnam Singh Dhumma – ਰੋਜ਼ ਹਿੰਦੂ ਦਰਬਾਰ ਸਾਹਿਬ ਇਸ਼ਨਾਨ ਕਰਦੇ ਨੇ ਜੇ ਮੈਂ ਕੁੰਭ ‘ਚ ਡੁੱਬਕੀ ਲਗਾ ਲਈ ਕੀ ਹੋ ਗਿਆ’- ਬਾਬਾ ਹਰਨਾਮ ਸਿੰਘ ਧੁੰਮਾ

Baba Harnam Singh Dhumma – ਰੋਜ਼ ਹਿੰਦੂ ਦਰਬਾਰ ਸਾਹਿਬ ਇਸ਼ਨਾਨ ਕਰਦੇ ਨੇ ਜੇ ਮੈਂ ਕੁੰਭ ‘ਚ ਡੁੱਬਕੀ ਲਗਾ ਲਈ ਕੀ ਹੋ ਗਿਆ’- ਬਾਬਾ ਹਰਨਾਮ ਸਿੰਘ ਧੁੰਮਾ

ਬਾਬਾ ਹਰਨਾਮ ਸਿੰਘ ਧੁੰਮਾ ਜੀ, ਉਨ੍ਹਾਂ ਨਾਲ ਸੰਬੰਧਿਤ ਸੰਤ ਸਮਾਜ ਦੇ ਆਗੂ ਤੇ ਨਿਹੰਗ ਜਥੇਬੰਦੀਆਂ ਇਹ ਦੱਸ ਦੇਣ ਕਿ 2015 ਵਿੱਚ ਸਮਾਜਿਕ ਬਾਈਕਾਟ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਘਿਰਾਓ ਆਦਿ ਵਰਗੇ ਸੱਦੇ ਕਿਉਂ ਨਹੀਂ ਦਿੱਤੇ ਗਏ?

ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ 90 ਲੱਖ ਦੇ ਇਸ਼ਤਿਹਾਰਾਂ ਖਿਲਾਫ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਕਿਹੜੀ ਅਪੀਲ ਕੀਤੀ ਸੀ?

ਉਸ ਵੇਲੇ ਤਾਂ ਸਰਬੱਤ ਖਾਲਸਾ ਤੋਂ ਦੂਰੀ ਬਣਾਉਣ ਅਤੇ ਇਸ ਨੂੰ ਰੱਦ ਕਰਨ ਲਈ ਜਨਤਕ ਤੌਰ ‘ਤੇ ਬਿਆਨ ਦਿੱਤੇ ਗਏ ਸਨ। ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਜਿਹੜੇ ਅਨੰਦਪੁਰ ਸਾਹਿਬ ਵਾਲੇ “ਪੰਥਕ ਇਕੱਠ” ਵਿੱਚ ਬੈਠੇ ਸਨ, ਵੀ ਉਸ ਵਕਤ ਸੱਤਾਧਾਰੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲ ਭੁਗਤ ਰਹੇ ਸਨ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਜਥੇਦਾਰਾਂ ਦੀ ਨਿਯੁਕਤੀ ਲਈ ਵਿਧੀ ਵਿਧਾਨ ਦੇ ਮੁੱਦੇ ਨੂੰ ਕਦੋਂ ਅਤੇ ਕਿੰਨੀ ਵਾਰ ਚੁੱਕਿਆ ਸੀ ?

ਹਾਲਾਤ ਸਿੱਧੇ ਟਕਰਾਅ ਵੱਲ ਧੱਕੇ ਜਾ ਰਹੇ ਨੇ, ਜਿਸ ਦੌਰਾਨ ਕੋਈ ਮੰਦਭਾਗੀ ਜਾਂ ਨਮੋਸ਼ੀ ਵਾਲੀ ਘਟਨਾ ਵੀ ਵਾਪਰ ਸਕਦੀ ਹੈ।

ਬਾਬਾ ਹਰਨਾਮ ਸਿੰਘ ਧੁੰਮਾ ਜੀ ਵੱਲੋਂ ਅਨੰਦਪੁਰ ਸਾਹਿਬ ਕੀਤੇ ਗਏ “ਪੰਥਕ ਇਕੱਠ” ਵਿੱਚ ਸਟੇਜ ਖਚਾ ਖਚ ਭਰੀ ਹੋਈ ਸੀ ਪਰ ਹਾਲ ‘ਚ ਬੈਠਣ ਲਈ ਜਗ੍ਹਾ ਵਾਹਵਾ ਹੀ ਖਾਲੀ ਸੀ।

#Unpopular_Opinions
#Unpopular_Ideas
#Unpopular_Facts

ਜਿਨ੍ਹਾਂ ਨੂੰ ਲੱਗਦਾ ਹੈ ਕਿ ਮੌਜੂਦਾ ਗੁੰਝਲਦਾਰ ਅਤੇ ਖਤਰਨਾਕ ਸਥਿਤੀਆਂ ਵਿੱਚ ਦਮਦਮੀ ਟਕਸਾਲ ਧੜੇਬੰਦੀ ਤੋਂ ਉੱਪਰ ਉੱਠ ਕੇ ਸਿਰਫ ਸਿਧਾਂਤਕ ਪੱਖ ਤੋਂ ਹੀ ਜਾਂ ਵੱਡੇ ਕੌਮੀ ਹਿੱਤਾਂ ਲਈ ਕੋਈ ਅਗਵਾਈ ਕਰ ਸਕਦੀ ਹੈ ਜਾਂ ਦਿਸ਼ਾ ਦੇ ਸਕਦੀ ਹੈ ਉਹ 2 ਸਤੰਬਰ 2024 ਦੀ ਇਹ ਪੋਸਟ ਪੜ੍ਹ ਲੈਣ :

ਕੀ ਬਾਦਲ ਸਰਕਾਰ ਦੇ ਗੁਨਾਹਾਂ ਵਿੱਚ ਭਾਈਵਾਲੀ ਲਈ ਅਕਾਲ ਤਖਤ ਚੌਂਕ ਮਹਿਤਾ ਟਕਸਾਲ ਦੇ ਮੁਖੀ ਨੂੰ ਵੀ ਸੱਦੇਗਾ ?

ਅਸਲ ਵਿੱਚ ਗੁਰੂ ਨਿੰਦਕਾਂ ਵਾਲੇ ਪਾਸੇ ਕੌਣ ਭੁਗਤਿਆ?

ਅਕਾਲ ਤਖਤ ਤੋਂ ਸਿੰਘ ਸਾਹਿਬਾਨ ਨੇ ਬਾਦਲਕਿਆਂ ਨੂੰ ਜਿਹੜੇ ਗੁਨਾਹਾਂ ਲਈ ਦੋਸ਼ੀ ਠਹਿਰਾਇਆ ਹੈ, ਜਿਨ੍ਹਾਂ ਕਾਰਨ ਪੰਥ ਦੇ ਅਕਸ ਨੂੰ ਵੱਡੀ ਢਾਹ ਲੱਗੀ ਤੇ ਸਿੱਖ ਹਿੱਤਾਂ ਦਾ ਭਾਰੀ ਨੁਕਸਾਨ ਹੋਇਆ, ਉਸ ਬਹੁਤੇ ਸਮੇਂ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਉਨ੍ਹਾਂ ਦੇ ਨਾਲ ਹੀ ਰਹੇ ਤੇ ਠੋਕ ਵਜਾ ਕੇ ਹਮਾਇਤ ਕਰਦੇ ਰਹੇ। ਅੱਜ ਵੀ ਨਾਲ ਹੀ ਹਨ।

2009 ਵਿੱਚ ਜਦੋਂ ਲੁਧਿਆਣੇ ਆਸ਼ੂਤੋਸ਼ ਤੇ ਪ੍ਰੋਗਰਾਮ ਕਰਵਾਉਣ ਦੇ ਮਸਲੇ ‘ਤੇ ਭਾਈ ਦਰਸ਼ਨ ਸਿੰਘ ਲੁਹਾਰਾ ਦਾ ਪੁਲਿਸ ਗੋਲੀ ਨਾਲ ਕਤਲ ਹੋਇਆ, ਉਸ ਤੋਂ ਬਾਅਦ ਬਾਬਾ ਧੁੰਮਾ ਜੀ ਧਰਨੇ ‘ਤੇ ਵੀ ਬੈਠੇ ਪਰ ਜਲਦੀ ਹੀ ਬਾਅਦ ਵਿੱਚ ਉਨ੍ਹਾਂ ਬਕਾਇਦਾ ਬਾਦਲਾਂ ਨਾਲ ਗਠਜੋੜ ਕਰ ਲਿਆ।

ਸਿਰਸੇ ਡੇਰੇ ਨਾਲ ਸੰਬੰਧਿਤ ਬਾਦਲ ਸਰਕਾਰ ਨੇ ਸਾਰੇ ਗੁਨਾਹ ਇਸ ਸਮੇਂ ਤੋਂ ਬਾਅਦ ਹੀ ਕੀਤੇ। ਬਲਾਤਕਾਰੀ ਸਾਧ ਖਿਲਾਫ 2007 ਦੇ ਸਵਾਂਗ ਵਾਲਾ ਕੇਸ ਵੀ ਇਸੇ ਸਮੇਂ ਦੌਰਾਨ ਹੀ ਵਾਪਸ ਲਿਆ ਗਿਆ ਤੇ ਉਸਨੂੰ ਇਸ ਕੇਸ ਵਿੱਚੋਂ ਖਾਰਜ ਕਰਾਇਆ ਗਿਆ।

ਬਲਾਤਕਾਰੀ ਸਾਧ ਦੀ ਪੁਸ਼ਤਪਨਾਹੀ ਸ਼ਰੇਆਮ ਹੋ ਰਹੀ ਸੀ, ਪਰ ਮਹਿਤਾ ਟਕਸਾਲ ਸਿਰਫ ਚੁੱਪ ਹੀ ਨਹੀਂ ਬਲਕਿ ਠੋਕ ਵਜਾ ਕੇ ਭਾਈਵਾਲੀ ਨਿਭਾ ਰਹੀ ਸੀ।

ਸਿਤਮਜ਼ਰੀਫੀ ਵੇਖੋ, ਗੁਰੂ ਗ੍ਰੰਥ ਸਾਹਿਬ ‘ਤੇ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਤੋਂ ਬਾਅਦ ਬਾਦਲਾਂ ਦੇ ਇੱਕ ਗੋਡੇ ਨਾਲ ਸਿਰਸਾ ਡੇਰਾ ਲੱਗਾ ਹੋਇਆ ਸੀ ਤੇ ਦੂਜੇ ਗੋਡੇ ਨਾਲ ਚੌਂਕ ਮਹਿਤਾ ਟਕਸਾਲ।

ਇਨ੍ਹਾਂ ਸਾਰਿਆਂ ਦੇ ਉੱਪਰ ਭਾਜਪਾ-ਸੰਘ ਸਰਕਾਰ ਅਤੇ ਬਾਕੀ ਦਾ ਕੇਂਦਰੀ ਤੰਤਰ ਹੈ, ਜਿਹੜਾ ਅੱਜ ਵੀ ਸ਼ਰੇਆਮ ਬਲਾਤਕਾਰੀ ਸਾਧ ਅਤੇ ਉਸ ਦੇ ਚੇਲਿਆਂ ਨੂੰ ਬਚਾ ਰਿਹਾ ਹੈ।

ਆਪਣੀ ਰਿਪੋਰਟ ਵਿੱਚ ਜਸਟਿਸ ਰਣਜੀਤ ਸਿੰਘ ਨੇ ਜ਼ਿਕਰ ਕੀਤਾ ਸੀ ਕਿ ਮੁਗਲ ਕਾਲ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਇਹੋ ਜਿਹੀ ਬੇਅਦਬੀ ਨਹੀਂ ਸੀ ਹੋਈ। ਪਰ ਹੁਣ ਇਹ ਇਤਿਹਾਸ ਦਾ ਹਿੱਸਾ ਬਣ ਚੁੱਕਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ‘ਤੇ ਇਹ ਹਮਲਾ ਹੋਇਆ ਤਾਂ ਟਕਸਾਲ ਕਿਸ ਪਾਸੇ ਭੁਗਤੀ। ਸਿੱਖ ਜਜ਼ਬਾਤ ਅਤੇ ਮਾਨਸਿਕਤਾ ਵੱਲ ਜਾਂ ਉਨ੍ਹਾਂ ਦੇ ਉਲਟ ਖੜੇ ਸ਼ਕਤੀਸ਼ਾਲੀ ਗੱਠਜੋੜ ਵੱਲ, ਜਿਸ ਦਾ ਹਿੱਸਾ ਗੁਰੂ-ਨਿੰਦਕ ਬਲਾਤਕਾਰੀ ਸਾਧ ਸੀ?

2015 ਦੀ ਬੇਅਦਬੀ ਤੋਂ ਬਾਅਦ ਜਦੋਂ ਇਸ ਦੀ ਕਾਲਖ ਵੀ ਸਿੱਖਾਂ ਦੇ ਮੂੰਹ ‘ਤੇ ਮਲਣ ਦੀ ਮੁਹਿੰਮ ਸ਼ੁਰੂ ਹੋਈ ਤਾਂ ਮਹਿਤਾ ਟਕਸਾਲ ਵਾਲੇ ਬੰਦਿਆਂ ਨੇ ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਕੇਂਦਰੀ ਏਜੰਸੀਆਂ ਅਤੇ ਉਨ੍ਹਾਂ ਦੇ ਸਿਆਸੀ ਕੈਟ ਅਤੇ ਟਿੱਪਣੀਕਾਰ ਬੇਅਦਬੀ ਦਾ ਦੋਸ਼ ਖਾਲਿਸਤਾਨੀਆਂ ਸਿਰ ਮੜ ਰਹੇ ਸਨ ਤੇ ਮਹਿਤਾ ਟਕਸਾਲ ਦੇ ਬੰਦੇ ਸਿੱਖ ਪ੍ਰਚਾਰਕਾਂ ਤੇ ਕਾਰਕੁਨਾਂ ਦੇ ਸਿਰ ‘ਤੇ।

ਇਸ ਪ੍ਰਚਾਰ ਨੂੰ ਮੰਨਣਯੋਗ ਬਣਾਉਣ ਲਈ ਸਰਕਾਰੀ ਪਾਸਿਓਂ ਇਸਨੂੰ ਵਿਦੇਸ਼ੀ ਏਜੇਂਸੀਆਂ ਨਾਲ ਜੋੜ ਕੇ ਖਾਲਿਸਤਾਨੀਆਂ ਸਿਰ ਸੁਆਹ ਪਾਉਣ ਦਾ ਕੰਮ ਸ਼ੁਰੂ ਹੋਇਆ (ਖਾਲਿਸਤਾਨ ਜਾਂ ਖਾਲਿਸਤਾਨੀਆਂ ਦੀ ਰਾਜਨੀਤਕ ਆਲੋਚਨਾ ਹੋਰ ਗੱਲ ਹੈ ਤੇ ਇਹ ਬਿਲਕੁਲ ਹੋ ਸਕਦੀ ਹੈ ਪਰ ਝੂਠੇ ਤੌਰ ‘ਤੇ ਉਨ੍ਹਾਂ ਨੂੰ ਬੇਅਦਬੀ ਲਈ ਜਿੰਮੇਵਾਰ ਠਹਿਰਾਉਣਾ ਬਿਲਕੁਲ ਵੱਖਰੀ ਗੱਲ ਹੈ ਤੇ ਅਸਲ ‘ਚ ਇਸਦਾ ਨਿਸ਼ਾਨਾ ਉਨ੍ਹਾਂ ਦੀ ਜੜ੍ਹ ਨੂੰ ਖਤਮ ਕਰਨਾ ਸੀ)।

2018 ਦੇ ਅੱਧ ਵਿੱਚ ਭਾਈ ਧਿਆਨ ਸਿੰਘ ਮੰਡ ਵੱਲੋਂ ਲਾਏ ਬਰਗਾੜੀ ਮੋਰਚੇ ਤੋ ਬਿਲਕੁਲ ਪਹਿਲਾਂ ਤੱਕ ਮਹਿਤਾ ਟਕਸਾਲ ਦੇ ਬੰਦੇ ਖੁੱਲ੍ਹ ਕੇ ਇਹ ਪ੍ਰਚਾਰ ਕਰਦੇ ਰਹੇ। ਬਾਅਦ ਵਿੱਚ ਵਿੰਗੇ ਟੇਢੇ ਤਰੀਕੇ ਨਾਲ, ਬਿਲਕੁਲ ਉਵੇਂ ਜਿਵੇਂ ਸੰਘੀ ਕਰਦੇ ਨੇ। ਮਕਸਦ ਸਾਫ ਸੀ ਕਿ ਬੇਅਦਬੀ ਦਾ ਦੋਸ਼ ਸਿੱਖਾਂ ਦੇ ਸਿਰ ਹੀ ਮੜ੍ਹਨਾ। ਇਹ ਡੇਰਾ ਸਿਰਸਾ ਦਾ ਸਿੱਧਾ ਬਚਾਅ ਕਰਨਾ ਸੀ।

2018 ਵਿੱਚ ਆਸਟਰੇਲੀਆ ਰਹਿੰਦਾ ਨੌਜਵਾਨ ਗੁਰਜੰਟ ਸਿੰਘ ਇਨ੍ਹਾਂ ਦੇ ਨਿਰਦੇਸ਼ਾਂ ‘ਤੇ ਹੀ ਆਪਣੇ ਸਾਹਮਣੇ ਰਜਿਸਟਰ ਰੱਖ ਕੇ ਬਿਲਕੁਲ ਉਹ ਭੰਡੀ ਪ੍ਰਚਾਰ ਕਰ ਰਿਹਾ ਸੀ, ਜਿਹੜਾ ਸਰਕਾਰੀ ਤੰਤਰ ਦੇ ਕਰਿੰਦੇ ਕਰ ਰਹੇ ਸਨ। ਉਸ ਨੌਜਵਾਨ ਦੇ ਮਨ ਵਿੱਚ ਤਾਂ ਸ਼ਾਇਦ ਕੋਈ ਬੇਈਮਾਨੀ ਨਹੀਂ ਹੋਣੀ, ਮਹਿਤਾ ਟਕਸਾਲ ਵਾਲਿਆਂ ‘ਤੇ ਅੰਨ੍ਹਾ ਵਿਸ਼ਵਾਸ ਕਰਨਾ ਹੀ ਉਸ ਦਾ ਕਸੂਰ ਸੀ।

ਇਹ ਤਾਂ ਗਿਣਤੀ ਦੇ ਸਿੱਖ ਕਾਰਕੁਨਾਂ ਕਰਕੇ ਕੌਮ ਦੇ ਮੱਥੇ ‘ਤੇ ਕਾਲਖ ਲੱਗਣੋਂ ਰਹਿ ਗਈ ਨਹੀਂ ਤਾਂ ਇਨ੍ਹਾਂ ਟਕਸਾਲ ਵਾਲਿਆਂ ਨੇ ਕੋਈ ਕਸਰ ਨਹੀਂ ਸੀ ਛੱਡੀ। ਬਾਹਰੋਂ ਪੈਸੇ ਭੇਜਣ ਵਾਲੇ ਨੌਜਵਾਨ ਸਾਹਮਣੇ ਆਏ, ਕੁਝ ਸੱਜਣਾਂ ਨੇ ਸ਼ਾਇਦ ਇਨ੍ਹਾਂ ਨੂੰ ਨੇਕ ਸਲਾਹ ਜਾਂ ਹੌਸਲਾ ਵੀ ਦਿੱਤਾ ਹੋਏਗਾ, ਉਸ ਤੋਂ ਬਾਅਦ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਝੂਠੇ ਫਸਾਏ ਅੰਮ੍ਰਿਤਧਾਰੀ ਨੌਜਵਾਨਾਂ ਦੀ ਪੈਰਵੀ ਕਰਕੇ ਸਾਜਿਸ਼ ਫੇਲ੍ਹ ਕੀਤੀ ਤੇ ਬਾਅਦ ਵਿੱਚ ਭਾਈ ਧਿਆਨ ਸਿੰਘ ਮੰਡ ਵੱਲੋਂ ਲਾਏ ਬਰਗਾੜੀ ਮੋਰਚੇ ਦੇ ਦਬਾਅ ਹੇਠਾਂ ਕੇਸਾਂ ਦੀ ਪੈੜ ਡੇਰਾ ਪ੍ਰੇਮੀਆਂ ਵੱਲ ਗਈ ਤੇ ਅਖੀਰ ਸਰਕਾਰੀ ਟਾਊਟਾਂ ਵੱਲੋਂ ਸਿੱਖਾਂ ਦੇ ਮੱਥੇ ‘ਤੇ ਕਾਲਖ ਮਲਨ ਦੀ ਮੁਹਿੰਮ ਫੇਲ੍ਹ ਹੋਈ।

ਪਰ ਵਿੱਸ ਹਾਲੇ ਵੀ ਇਨ੍ਹਾਂ ਦੇ ਮਨਾਂ ‘ਚ ਪਈ ਹੈ ਤੇ ਕਦੇ-ਕਦੇ ਨਜ਼ਰ ਆ ਜਾਂਦੀ ਹੈ।

ਮੌਜੂਦਾ ਸਮਿਆਂ ਵਿੱਚ ਇਹੋ ਜਿਹੇ ਕੂੜ ਪ੍ਰਚਾਰ ਦੀ ਮੁਹਿੰਮ ਨੂੰ ਨਿਰਦੇਸ਼ਿਤ ਕਰਨ ਵਾਲੇ ਇਹ ਕਹਿੰਦੇ ਨੇ ਕਿ ਗੁਰਬਾਣੀ ਅਤੇ ਪੁਰਾਤਨ ਇਤਿਹਾਸ ਬਾਰੇ ਉਨ੍ਹਾਂ ਦੀ ਵਿਆਖਿਆ ਨੂੰ ਅੰਤਿਮ ਸੱਚ ਮੰਨਿਆ ਜਾਵੇ। ਪਹਿਲਾਂ ਦੋ ਦਹਾਕੇ ਸੰਤਾਂ ਦੀ ਸ਼ਹੀਦੀ ਬਾਰੇ ਝੂਠ ‘ਤੇ ਡੱਟ ਕੇ ਪਹਿਰਾ ਦਿੱਤਾ ਤੇ ਮਿੱਥ ਕੇ ਕੌਮ ਨੂੰ ਗੁੰਮਰਾਹ ਕੀਤਾ।

ਇੱਕ ਪਾਸੇ ਦਸਮ ਗ੍ਰੰਥ ਦੇ ਮੁੱਦੇ ‘ਤੇ ਇਕਦਮ ਬੇਹੱਦ ਗਰਮੀ ਨਾਲ ਰਿਐਕਟ ਕਰਨਾ ਤੇ ਹਰ ਤਰ੍ਹਾਂ ਦੇ ਤਿੱਖੇ ਤੋਂ ਤਿੱਖੇ ਵਿਸ਼ੇਸ਼ਣ ਵਰਤਣੇ ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ‘ਤੇ ਹੁਣ ਤੱਕ ਦੇ ਸਭ ਤੋਂ ਭੈੜੇ ਹਮਲੇ (ਵਾਰ ਵਾਰ ਤੇ ਲਲਕਾਰ ਕੇ ਬੇਅਦਬੀਆਂ) ‘ਤੇ ਚੁੱਪ ਰਹਿ ਕੇ ਗੁਜ਼ਾਰਾ ਕਰਨਾ ਤੇ ਦੋਸ਼ ਸਿੱਖਾਂ ਸਿਰ ਮੜ੍ਹਨ ਦੀ ਮੁਹਿੰਮ ਦਾ ਹਿੱਸਾ ਬਣਨਾ। ਇਸ ਫਰਕ ਦੀ ਵੀ ਕੋਈ ਵਿਆਖਿਆ ਕਰ ਦੇਣ ਕਿ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਇਨ੍ਹਾਂ ਲਈ ਕੋਈ ਮਾਇਨਾ ਨਹੀਂ ਰੱਖਦੀ?

ਕੀ ਕਾਰਨ ਹੈ ਕਿ ਦਸਮ ਗ੍ਰੰਥ ਬਾਰੇ ਕੋਈ ਟਿੱਪਣੀ ਕਰਨ ‘ਤੇ ਵੀ ਲੋਹੇ ਲਾਖੇ ਹੋਣ ਵਾਲੇ ਗੁਰੂ ਗ੍ਰੰਥ ਸਾਹਿਬ ‘ਤੇ ਯੋਜਨਾਬੱਧ ਹਮਲਿਆਂ (ਬੇਅਦਬੀਆਂ) ਵਾਰੀ ਹਮਲਾਵਰ ਡੇਰੇ ਸਿਰਸੇ ਨੂੰ ਬਚਾਉਣ ਤੇ ਸਿੱਖਾਂ ਸਿਰ ਹੀ ਦੋਸ਼ ਮੜ੍ਹਨ ਲਈ ਹੀ ਜ਼ੋਰ ਲਾਉਂਦੇ ਰਹੇ?

ਬਾਦਲਾਂ ਨੇ ਡੇਰਾ ਸਿਰਸਾ ਦੇ ਮੁਖੀ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾਈ। ਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਸੁਣਾਏ ਫ਼ੈਸਲੇ ਵਿੱਚ ਇਸਨੂੰ “ਗੁਨਾਹ” ਲਿਖਿਆ ਹੈ, ਕੀ ਬਾਬਾ ਜੀ ਜਾਂ ਮਹਿਤਾ ਟਕਸਾਲ ਦੇ ਸਮਰਥਕ ਦੱਸ ਸਕਦੇ ਨੇ ਕਿ ਉਹਨਾਂ ਨੇ ਕਦੋਂ ਬਾਦਲਾਂ ਨੂੰ ਇਹ ਪੁੱਠੇ ਕੰਮ ਕਰਨੋ ਰੋਕਿਆ-ਟੋਕਿਆ ਹੋਵੇ।

ਇਸ ਸਾਰੇ ਕੁਝ ਲਈ ਜਿੰਮੇਵਾਰ ਇਕੱਲੇ ਬਾਬਾ ਧੁੰਮਾ ਜੀ ਨਹੀਂ ਹਨ, ਸਗੋਂ ਇਨ੍ਹਾਂ ਦਾ ਸਾਰਾ ਧੜਾ ਹੈ। ਇਨ੍ਹਾਂ ਦੇ ਨਾਲ ਦੇ ਬਾਕੀ ਬੰਦੇ ਵੀ ਇਸ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ, ਕਿੰਨੇ ਸਾਲ ਸਾਰਾ ਕੁਝ ਉਨ੍ਹਾਂ ਦੀ ਸੁਚੇਤ ਜਾਂ ਮੂਕ ਸਹਿਮਤੀ ਨਾਲ ਹੀ ਹੋਇਆ। ਉਨ੍ਹਾਂ ਵੀ ਧੜਾ ਪਾਲਿਆ ਧਰਮ ਨਹੀਂ।

ਚੁੱਪ ਰਹਿਣ ਅਤੇ ਗੱਠਜੋੜ ਨਿਭਾਉਣ ਦੀ ਟਕਸਾਲ ਦੀ ਕੀ ਮਜਬੂਰੀ ਸੀ ?
ਬਾਦਲ ਦਲ ਅਤੇ ਮਹਿਤਾ ਟਕਸਾਲ ਦੇ ਗੱਠਜੋੜ ਨੂੰ ਕੁਝ ਵੀ ਨਹੀਂ ਹਿਲਾ ਸਕਿਆ। ਜੇ ਗੁਰੂ ਗ੍ਰੰਥ ‘ਤੇ ਹਮਲਾ ਤੇ ਉਸਦੇ ਦੋਸ਼ੀਆਂ ਨੂੰ ਬਚਾਉਣ ਵਾਲੀਆਂ ਕਾਰਵਾਈਆਂ ਨਹੀਂ ਹਿਲਾ ਸਕੀਆਂ, ਤਾਂ ਇਜ਼ਹਾਰ ਆਲਮ ਨੂੰ ਅਕਾਲੀ ਦਲ ਵਿੱਚ ਲਿਆਉਣ, ਉਸ ਦੀ ਘਰਵਾਲੀ ਨੂੰ ਟਿਕਟ ਦੇਣ ਜਾਂ ਸੁਮੇਧ ਸੈਣੀ ਨੂੰ ਡੀਜੀਪੀ ਬਣਾਉਣ ਵਾਲੇ ਮਸਲੇ ‘ਤੇ ਇਨ੍ਹਾਂ ਕੀ ਕੋਈ ਵੱਡਾ ਕਦਮ ਚੁੱਕਣਾ ਸੀ।
ਅਸਲ ਘੁੰਡੀ ਇਨ੍ਹਾਂ ਸਾਰੀਆਂ ਸ਼ਕਤੀਆਂ ਦੇ ਉੱਤੇ ਇਕੋ ਮਹਾਂ-ਸ਼ਕਤੀ ਹੋਣ ਵਿਚ ਹੈ।
#Unpopular_Opinions
#Unpopular_Ideas
#Unpopular_Facts

ਮੌਜੂਦਾ ਪੰਥਕ ਸੰਕਟ ਨੂੰ ਵਧਾਉਣ ਵਿੱਚ ਚੋਖਾ ਹਿੱਸਾ ਪਾਉਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਤਲਬੀਰ ਗਿੱਲ ਅਤੇ ਬੋਨੀ ਅਜਨਾਲਾ ਨੂੰ ਆਪਣੀ ਧੀ ਦੇ ਵਿਆਹ ਨਾਲ ਸੰਬੰਧਿਤ ਸਮਾਗਮ ‘ਤੇ ਸੱਦਣ ਕਾਰਨ ਬਿਕਰਮ ਸਿੰਘ ਮਜੀਠੀਆ ਦੀ ਨਰਾਜ਼ਗੀ ਬਾਰੇ ਟੀਵੀ ਚੈਨਲਾਂ ‘ਤੇ ਖੁਲਾਸਾ ਕਰਕੇ ਮਜੀਠੀਆ ਦੀ ਪੁਜ਼ੀਸ਼ਨ ਹੋਰ ਹੌਲੀ ਕਰ ਦਿੱਤੀ ਹੈ।

ਵਲਟੋਹਾ ਦੇ ਖੁਲਾਸੇ ਨਾਲ ਇਹ ਗੱਲ ਸਾਫ ਹੋ ਗਈ ਕਿ ਮਜੀਠੀਆ ਦੀ ਨਾਰਾਜ਼ਗੀ ਦਾ ਅਸਲ ਕਾਰਨ ਨਿੱਜੀ ਸੀ। ਵਲਟੋਹਾ ਨੇ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਸ਼ਾਇਦ ਅੰਮ੍ਰਿਤਸਰ ਦੇ ਸਾਬਕਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਇਸ ਬਾਰੇ ਉਹ ਨੂੰ ਪੱਕਾ ਨਹੀਂ ਪਤਾ। ਜੇ ਭੁੱਲਰ ਵਾਲੀ ਗੱਲ ਠੀਕ ਹੈ ਤਾਂ ਇਹ ਬਹੁਤ ਵੱਡੀ ਹੈ।

ਇਸ ਖੁਲਾਸੇ ਤੋਂ ਬਾਅਦ ਇਹ ਵੀ ਜ਼ਾਹਰ ਹੋ ਗਿਆ ਕਿ ਸੁਖਬੀਰ ਅਤੇ ਮਜੀਠੀਆ ਵਿੱਚ ਕੁੜੱਤਣ ਪਹਿਲਾਂ ਹੀ ਚੱਲ ਰਹੀ ਸੀ। ਵਿਆਹ ਵਾਲੀ ਘਟਨਾ ਨੇ ਇਸ ਨੂੰ ਇਕਦਮ ਵਧਾ ਦਿੱਤਾ।
ਕੇਂਦਰੀ ਤੰਤਰ ਨੂੰ ਵੀ ਇਸ ਬਾਰੇ ਖਬਰ ਹੋਵੇਗੀ।

ਇਹ ਨਹੀਂ ਪਤਾ ਕਿ ਵਲਟੋਹਾ ਨੇ ਇਹ ਖੁਲਾਸਾ ਸੁਖਬੀਰ ਦੇ ਕਹਿਣ ‘ਤੇ ਕੀਤਾ ਹੈ ਜਾਂ ਆਪਣੇ ਆਪ ਹੀ।

ਜੇ ਇਹ ਸੁਖਬੀਰ ਦੀ ਸਲਾਹ ਨਾਲ ਨਹੀਂ ਕੀਤਾ ਤੇ ਜੇ ਵਲਟੋਹਾ ਸੱਚੀਂ ਸੁਖਬੀਰ ਅਤੇ ਮਜੀਠੀਆ ਦਰਮਿਆਨ ਕੁੜੱਤਣ ਘਟਾਉਣੀ ਚਾਹੁੰਦਾ ਸੀ ਤਾਂ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਹ ਖੁਦ ਕਿੰਨੀ ਕੁ ਸਮਝ ਦਾ ਮਾਲਕ ਹੈ।

ਦੋਵੇਂ ਸੂਰਤਾਂ ਵਿੱਚ ਇਹ ਖੁਲਾਸਾ ਸੁਖਬੀਰ ਅਤੇ ਮਜੀਠੀਆ ਵਿੱਚ ਕੁੜੱਤਣ ਘਟਾਉਣ ਦੇ ਯਤਨਾਂ ਦੇ ਉਲਟ ਜਾਂਦਾ ਹੈ। ਉਹ ਆਪਣੇ ਆਪ ਨੂੰ ਮਜੀਠੀਆ ਦਾ ਹਿਤੂ ਵੀ ਦੱਸਦਾ ਹੈ ਪਰ ਇਸ ਖੁਲਾਸੇ ਨਾਲ ਉਸ ਨੇ ਮਜੀਠੀਆ ਦਾ ਕੱਦ ਛੋਟਾ ਹੀ ਕੀਤਾ ਹੈ।
#Unpopular_Opinions
#Unpopular_Ideas
#Unpopular_Facts

2015 ਦੀ ਬੇਅਦਬੀ ਤੋਂ ਬਾਅਦ ਇਸ ਦਾ ਦੋਸ਼ ਸਿੱਖਾਂ ਸਿਰ ਹੀ ਮੜ੍ਹ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਬਾਦਲ ਦਲ ਤੇ ਟਕਸਾਲ ਦੇ ਬੰਦੇ ਰਲ ਕੇ ਕਰ ਰਹੇ ਸਨ।

ਬਾਬਾ ਜੀ ਹੁਣ ਇਹ ਵੀ ਦੱਸ ਦੇਣ ਕਿ ਉਹ ਕਿਸ ਦੇ ਕਹਿਣ ‘ਤੇ ਕੀਤੀ ਸੀ?

ਉਹ ਇਹ ਵੀ ਦੱਸਣ ਕਿ ਬੇਅਦਬੀ ਤੇ ਗੋਲੀ ਕਾਂਡ ਤੋਂ ਬਾਅਦ ਵੀ ਉਹ ਸਰਕਾਰ ਨਾਲ ਕਿਉਂ ਰਹੇ? ਜਾਂ ਉਨ੍ਹਾਂ ਨੇ ਬਾਦਲ ਸਰਕਾਰ ਨੂੰ ਸਿੱਧੇ ਰਾਹ ਪਾਉਣ ਲਈ ਕੀ ਯਤਨ ਕੀਤੇ ਸਨ?

ਮਾੜੇ ਤਰੀਕੇ ਨਾਲ ਜਥੇਦਾਰਾਂ ਨੂੰ ਲਾਹੁਣ ਦਾ ਮੁੱਦਾ ਮਿੱਥ ਕੇ ਕੀਤੀ ਬੇਅਦਬੀ ਦੇ ਮੁੱਦੇ ਨਾਲੋਂ ਵੱਡਾ ਨਹੀਂ?

2015 ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਜਦੋਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਕਾਰਕੁੰਨਾਂ ਨੇ ਸਰਬੱਤ ਖਾਲਸਾ ਸੱਦਿਆ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਜੀ ਦੀ ਅਗਵਾਈ ਵਾਲੀ ਦਮਦਮੀ ਟਕਸਾਲ, ਨਿਹੰਗ ਦਲ ਅਤੇ ਸੰਤ ਸਮਾਜ ਦੇ ਬਹੁਤੇ ਹਿੱਸੇ ਨੇ ਉਸ ਤੋਂ ਬਕਾਇਦਾ ਦੂਰੀ ਰੱਖੀ।

ਸਰਬੱਤ ਖਾਲਸਾ ਕਰਵਾਉਣ ਵਾਲਿਆਂ ‘ਤੇ ਉਸ ਵੇਲੇ ਦੇਸ਼ ਧ੍ਰੋਹ ਤੱਕ ਦੇ ਕੇਸ ਦਰਜ ਕੀਤੇ ਗਏ ਪਰ ਬਾਬਾ ਜੀ ਤੇ ਹੋਰ ਡੇਰੇਦਾਰ ਨਹੀਂ ਬੋਲੇ।
ਉਸ ਵੇਲੇ ਦੀਆਂ ਖ਼ਬਰਾਂ ਇੱਥੇ ਪਾਈਆਂ ਜਾ ਰਹੀਆਂ ਨੇ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਵੀ ਉਸ ਵੇਲੇ ਸਰਕਾਰ ਨਾਲ ਹੀ ਸੀ।

2018 ਵਿੱਚ ਬਰਗਾੜੀ ਮੋਰਚਾ ਲੱਗਿਆ ਤਾਂ ਵੀ ਚੌਂਕ ਮਹਿਤਾ ਟਕਸਾਲ ਨੇ ਦੂਰੀ ਰੱਖੀ। ਇਨ੍ਹਾਂ ਦੇ ਬੰਦਿਆਂ ਨੇ ਉਲਟਾ ਸਿੱਖ ਕਾਰਕੁਨਾਂ ‘ਤੇ ਬੇਅਦਬੀ ਦੇ ਦੋਸ਼ ਲਾਏ।
ਮੌਜੂਦਾ ਦੌਰ ਵਿੱਚ ਵੀ ਬਾਬਾ ਜੀ ਪ੍ਰਯਾਗਰਾਜ ਵਿਖੇ ਕੁੰਭ ਇਸ਼ਨਾਨ ਕਰਕੇ ਹੀ ਚਰਚਾ ਵਿੱਚ ਆਏ।

ਹੁਣ ਪੈਦਾ ਹੋਏ ਮਾਹੌਲ ਵਿੱਚ ਇਹ ਧਿਰਾਂ ਅੱਗੇ ਲੱਗਣ ਦੇ ਚੱਕਰ ਵਿੱਚ ਹਨ ਤੇ ਸੱਜੇ ਪੱਖੀ ਤਾਕਤਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਨੇ ਤਾਂ ਕੌਮ ਨੂੰ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਨ੍ਹਾਂ ਦੀ ਕਿਸੇ ਸਰਬੱਤ ਖਾਲਸੇ ਦੀ ਕਾਲ ਤੋਂ ਵੀ ਬਚਣ ਦੀ ਲੋੜ ਹੈ।
ਜਿਨਾਂ ਬੇਅਦਬੀ ਤੋਂ ਬਾਅਦ ਵੀ ਆਪਣਾ ਸਿਆਸੀ ਧੜਾ ਨਹੀਂ ਛੱਡਿਆ, ਉਹ ਅਤੇ ਉਨ੍ਹਾਂ ਦੇ ਸਮਰਥਕ ਹੁਣ ਧੜੇਬੰਦੀ ਤੋਂ ਉੱਪਰ ਉੱਠਣ ਦੀਆਂ ਗੱਲਾਂ ਕਰ ਰਹੇ ਨੇ।
ਬੇਅਦਬੀ ਵੱਡਾ ਮੁੱਦਾ ਸੀ ਕਿ ਜਥੇਦਾਰਾਂ ਨੂੰ ਮਾੜੇ ਤਰੀਕੇ ਨਾਲ ਹਟਾਉਣਾ?
#Unpopular_Opinions
#Unpopular_Ideas
#Unpopular_Facts

ਪੰਥਕ ਹਾਲਾਤ ਅਤੇ ਸਾਨੂੰ ਆਪਣੀ ਸਥਿਤੀ ਇਸ ਵਕਤ ਬਿਲਕੁਲ 2022 ਦੀਆਂ ਚੋਣਾਂ ਤੋਂ ਪਹਿਲਾਂ ਵਰਗੇ ਜਾਪਦੇ ਨੇ, ਜਦੋਂ ਅਸੀਂ ਕਹਿ ਰਹੇ ਸਾਂ ਕਿ ਦਿੱਲੀ ਵਾਲੇ ਪੰਜਾਬੀਆਂ ਦੇ ਜਜ਼ਬਾਤ ਵਰਤ ਕੇ ਜਿੱਤਣਗੇ ਤੇ ਪੰਜਾਬ ਦਾ ਹੀ ਨੁਕਸਾਨ ਕਰਨਗੇ। ਉਦੋਂ ਵੀ ਨਗਾਰਖਾਨੇ ਵਿੱਚ ਤੂਤੀ ਵਜਾ ਰਹੇ ਸਾਂ ਤੇ ਹੁਣ ਵੀ।
ਅਸੀਂ ਪਹਿਲਾਂ ਵੀ ਲਿਖਿਆ ਸੀ ਜਿੰਨਾ ਕੁ ਧਿਆਨ ਇਸ ਗੱਲ ‘ਤੇ ਚਾਹੀਦਾ ਹੈ ਕਿ ਬਾਦਲਾਂ ਨੂੰ ਕੱਢਣਾ ਹੈ, ਉਸ ਤੋਂ ਵੀ ਜਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਇਨ੍ਹਾਂ ਦੀ ਜਗ੍ਹਾ ਆ ਕੌਣ ਰਹੇ ਨੇ।
2022 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਸੀਂ ਲੋਕਾਂ ਨੂੰ ਵੇਲੇ ਸਿਰ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਸੀ। “ਆਪ” ਵਾਲਿਆਂ ਦੇ ਫਰਜ਼ੀ ਦਿੱਲੀ ਮਾਡਲ ਨੂੰ ਵੀ ਉਧੇੜਿਆ ਸੀ।
ਪਰ ਬਾਦਲਾਂ ਅਤੇ ਕਾਂਗਰਸ ਦੀਆਂ ਬੇਈਮਾਨੀਆਂ ਕਾਰਨ ਗੁੱਸੇ ਨਾਲ ਭਰੇ ਲੋਕ ਕੁਝ ਸੁਣਨ ਲਈ ਤਿਆਰ ਨਹੀਂ ਸਨ। ਮੀਡੀਆ ਅਤੇ ਹੋਰ ਸਾਧਨ ਵਰਤ ਕੇ ਬਿਰਤਾਂਤ ਦੀ ਤਾਕਤ ਰਾਹੀਂ ਸੰਘ ਦੀ ਬੀ ਟੀਮ “ਆਪ” ਨੇ ਲੋਕਾਂ ਦੇ ਗੁੱਸੇ ‘ਤੇ ਕਾਠੀ ਪਾ ਲਈ ਸੀ ਤੇ ਉਹ ਆਪਣੀ ਮਨਚਾਹੀ ਦਿਸ਼ਾ ਵੱਲ ਲੈ ਕੇ ਗਏ।
“ਆਪ” ਦੀ ਅਸਲੀਅਤ ਲੋਕਾਂ ਨੂੰ ਵੱਡੇ ਨੁਕਸਾਨ ਤੋਂ ਬਾਅਦ ਪਤਾ ਲੱਗੀ। ਪੰਜਾਬ ਸਰਕਾਰ ਇਸ ਵੇਲੇ ਨੰਗੀ ਚਿੱਟੀ ਸੱਜੇ ਪੱਖੀ ਏਜੰਡੇ ‘ਤੇ ਕੰਮ ਕਰ ਰਹੀ ਹੈ ਤੇ ਭਾਜਪਾ ਦਾ ਪੰਜਾਬ ਵਿੱਚ ਰਾਹ ਖੁੱਲ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨਾਲ ਪਹਿਲਾਂ ਹੀ ਨਰਾਜ਼ ਚੱਲ ਰਹੇ ਲੋਕਾਂ ਦਾ ਗੁੱਸਾ ਜਥੇਦਾਰਾਂ ਬਾਰੇ ਕੀਤੇ ਫੈਸਲੇ ਤੋਂ ਬਾਅਦ ਸੱਤਵੇਂ ਅਸਮਾਨ ‘ਤੇ ਪਹੁੰਚ ਚੁੱਕਿਆ ਹੈ।
ਬਿਲਕੁਲ ਠੀਕ ਮੌਕੇ ਤੇ ਭਾਜਪਾ ਦੀ “ਏ ਟੀਮ” ਦਮਦਮੀ ਟਕਸਾਲ ਹੁਣ ਮੈਦਾਨ ਵਿੱਚ ਆ ਚੁੱਕੀ ਹੈ। ਲੋਕਾਂ ਦੇ ਗੁੱਸੇ ਵਾਲੇ ਘੋੜੇ ਦੀਆਂ ਵਾਗਾਂ ਹੁਣ ਇਹ ਫੜ ਕੇ ਸਵਾਰੀ ਕਰਨ ਲਈ ਤਿਆਰ ਨੇ। ਨਤੀਜਾ ਏ ਟੀਮ ਰਾਹੀਂ ਹੋਰ ਵੀ ਜ਼ਿਆਦਾ ਕੇਂਦਰੀ ਦਖਲ।
ਉਦੋਂ ਵੀ ਅਸੀਂ ਨਗਾਰਖਾਨੇ ਵਿੱਚ ਤੂਤੀ ਵਜਾ ਰਹੇ ਸਾਂ। ਬਹੁਤਿਆਂ ਨੇ ਸੁਣੀ ਨਹੀਂ।
ਹੁਣ ਵੀ ਵਜਾ ਰਹੇ ਹਾਂ, ਨਤੀਜਾ ਵੀ ਸ਼ਾਇਦ 2022 ਵਰਗਾ ਹੀ ਹੋਵੇ।
ਪਰ ਤੂਤੀ ਵਜਾਉਣੀ ਜਾਰੀ ਰਹੇਗੀ।
#Unpopular_Opinions
#Unpopular_Ideas
#Unpopular_Facts

ਕੀ ਜਥੇਦਾਰਾਂ ਦੀ ਵਿਵਾਦਗ੍ਰਸਤ ਬਰਖਾਸਤਗੀ ਅਤੇ ਨਿਯੁਕਤੀ ਦਾ ਮੁੱਦਾ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਿੱਥ ਕੇ ਕੀਤੀ ਗਈ ਬੇਅਦਬੀ ਨਾਲੋਂ ਜ਼ਿਆਦਾ ਵੱਡਾ ਹੈ?
ਭਾਜਪਾ ਦੇ ਭਾਈਵਾਲ ਬਾਬਾ ਹਰਨਾਮ ਸਿੰਘ ਧੁੰਮਾ ਜੀ ਜਥੇਦਾਰਾਂ ਵਾਲੇ ਮਾਮਲੇ ‘ਤੇ‌ ਬਾਦਲ ਦਲ ਨਾਲ ਬੜੇ ਗੁੱਸੇ ਵਿੱਚ ਨਜ਼ਰ ਆ ਰਹੇ ਨੇ।
ਪਰ 2015 ਵਿੱਚ ਬੇਅਦਬੀਆਂ ਮੌਕੇ ਉਨ੍ਹਾਂ ਦਾ ਬਾਦਲਾਂ ਪ੍ਰਤੀ ਇਹੋ ਜਿਹਾ ਗੁੱਸਾ ਕਦੇ ਨਜ਼ਰ ਨਹੀਂ ਆਇਆ। ਉਲਟਾ ਚੌਂਕ ਮਹਿਤਾ ਟਕਸਾਲ ਦੇ ਬੰਦੇ ਬੇਅਦਬੀ ਦਾ ਦੋਸ਼ ਸਿੱਖ ਕਾਰਕੁੰਨਾਂ ਅਤੇ ਪ੍ਰਚਾਰਕਾਂ ਤੇ ਲਾਉਂਦੇ ਰਹੇ।
ਉਸ ਵੇਲੇ ਕੇਂਦਰੀ ਤੰਤਰ, ਇਸ ਦੇ ਟਿੱਪਣੀਕਾਰ, ਬਾਦਲ ਸਰਕਾਰ ਅਤੇ ਟਕਸਾਲ ਦੇ ਬੰਦੇ ਰਲ ਕੇ ਇਹ ਦੋਸ਼ ਸਿੱਖਾਂ ਸਿਰ ਲਾਉਂਦੇ ਰਹੇ। 2018 ਤੱਕ ਇਹ ਕੰਮ ਸਿੱਧਾ ਚੱਲਿਆ।
ਸਰਕਾਰੀ ਧਿਰਾਂ ਬੇਅਦਬੀ ਲਈ ਵਿਦੇਸ਼ ਬੈਠੇ ਖਾਲਿਸਤਾਨੀਆਂ ਨੂੰ ਦੋਸ਼ੀ ਦੱਸਦੀਆਂ ਰਹੀਆਂ ਤੇ ਟਕਸਾਲ ਦੇ ਬੰਦੇ ਸਥਾਨਕ ਸਿੱਖ ਕਾਰਕੁੰਨਾਂ ਅਤੇ ਪ੍ਰਚਾਰਕਾਂ ਖਿਲਾਫ ਪ੍ਰਚਾਰ ਕਰਦੇ ਰਹੇ। ਮਕਸਦ ਇੱਕੋ ਸੀ, ਸਿੱਖਾਂ ਸਿਰ ਸਵਾਹ ਪਾਉਣਾ ਅਤੇ ਦੁਨੀਆਂ ਨੂੰ ਇਹ ਦਿਖਾਉਣਾ ਕਿ ਸਿਆਸੀ ਮੰਤਵਾਂ ਲਈ ਸਿੱਖ ਖੁਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਸਕਦੇ ਨੇ।
ਬਲਾਤਕਾਰੀ ਸਾਧ ਨੂੰ ਮਾਫੀ ਅਤੇ ਉਸ ਤੋਂ ਬਾਅਦ ਬੇਅਦਬੀਆਂ ਅਤੇ ਨਿਰਦੋਸ਼ ਸਿੱਖਾਂ ‘ਤੇ ਫਾਇਰਿੰਗ ਦੇ ਬਾਵਜੂਦ 2017, 2019, 2022 ਅਤੇ 2024 ਦੀਆਂ ਚੋਣਾਂ ਵਿੱਚ ਵੀ ਬਾਬਾ ਹਰਨਾਮ ਸਿੰਘ ਧੁੰਮਾ ਜੀ ਨੇ ਬਾਦਲ ਦਲ ਦਾ ਸਾਥ ਦਿੱਤਾ। ਇਸ ਮਾਮਲੇ ਵਿੱਚ ਉਨਾਂ ਦੀ ਅਗਵਾਈ ਵਾਲੇ ਸੰਤ ਸਮਾਜ ਵਿੱਚ ਸ਼ਾਮਿਲ ਹੋਰ ਡੇਰੇਦਾਰ ਅਤੇ ਸੰਪਰਦਾਵਾਂ ਵੀ ਸ਼ਾਮਿਲ ਸਨ।
ਗਿਆਨੀ ਗੁਰਬਚਨ ਸਿੰਘ ਨੇ ਬਲਾਤਕਾਰੀ ਸਾਧ ਨੂੰ ਮਾਫੀ ਦਿੱਤੀ ਪਰ ਜਿੰਨੀ ਦੇਰ ਤੱਕ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਜਥੇਦਾਰ ਲਾਈ ਰੱਖਿਆ, ਟਕਸਾਲ ਦੇ ਸੰਬੰਧ ਉਸ ਨਾਲ ਵਧੀਆ ਰਹੇ।
ਇਨ੍ਹਾਂ ਦੀ ਅਸਲ ਸਮੱਸਿਆ ਜਥੇਦਾਰ ਗਲਤ ਢੰਗ ਨਾਲ ਲਾਏ ਜਾਣੇ ਨਹੀਂ, ਉਹ ਇਹ ਹੈ ਕਿ ਨਵੇਂ ਜਥੇਦਾਰ ਇਨ੍ਹਾਂ ਤੋਂ ਪੁੱਛ ਕੇ ਨਹੀਂ ਲਾਏ ਗਏ ਤੇ ਸਭ ਤੋਂ ਵੱਡੀ ਗੱਲ ਉਹ ਮਿਸ਼ਨਰੀ ਕਾਲਜ ਦੇ ਪੜ੍ਹੇ ਹੋਏ ਨੇ, ਨਾ ਕਿ ਕਿਸੇ ਸੰਪਰਦਾ ਦੇ ਸਿਖਿਆਰਥੀ। ਪਿੱਛੇ ਜੁੜੀ ਤਾਰ ਬਾਰੇ ਕਿਸੇ ਹੋਰ ਵਿਆਖਿਆ ਦੀ ਲੋੜ ਨਹੀਂ।
ਜਿੰਨਾ ਗੁੱਸਾ ਉਹ ਜਥੇਦਾਰ ਲਾਉਣ ਦੇ ਮਾਮਲੇ ‘ਤੇ ਪ੍ਰਗਟਾ ਰਹੇ ਨੇ ਕਿ ਇਹੋ ਜਿਹਾ ਗੁੱਸਾ ਕਦੇ ਭਾਜਪਾ ਖਿਲਾਫ ਬਲਾਤਕਾਰੀ ਸਾਧ ਨੂੰ ਨੰਗੀ ਚਿੱਟੀ ਸਰਪ੍ਰਸਤੀ ਦੇਣ ਖਿਲਾਫ ਜ਼ਾਹਿਰ ਕੀਤਾ ਹੈ?
ਹੁਣ ਵੀ ਜਦੋਂ ਭਗਵੰਤ ਮਾਨ ਸਰਕਾਰ ਅਤੇ ਭਾਜਪਾ ਸ਼ਰੇਆਮ ਬੇਅਦਬੀ ਵਾਲੇ ਕੇਸਾਂ ਵਿੱਚ ਬਲਾਤਕਾਰੀ ਸਾਧ ਨੂੰ ਬਚਾ ਰਹੇ ਨੇ ਤਾਂ ਦਮਦਮੀ ਟਕਸਾਲ ਨੇ ਕੋਈ ਰੌਲਾ ਨਹੀਂ ਪਾਇਆ।
ਸਾਧ ਦੀ ਪੈਰੋਲ ‘ਤੇ ਰਿਹਾਈ ਬਾਰੇ ਮਾੜਾ ਮੋਟਾ ਬੋਲੇ ਹੋਣਗੇ ਜਦਕਿ ਅਸਲ ਮੁੱਦਾ ਉਸ ਖਿਲਾਫ ਬੇਅਦਬੀ ਕੇਸਾਂ ਅਤੇ ਮੌੜ ਧਮਾਕੇ ਦੇ ਕੇਸ ਨੂੰ ਅੱਗੇ ਚਲਾਉਣ ਦਾ ਹੋਣਾ ਚਾਹੀਦਾ ਹੈ। ਕੀ ਹੁਣ ਉਹ ਇਨ੍ਹਾਂ ਮਾਮਲਿਆਂ ਤੇ ਭਾਜਪਾ ਨੂੰ ਕਟਹਿਰੇ ਵਿਚ ਖੜ੍ਹਾ ਕਰਨਗੇ?
ਹੁਣ ਵੀ ਜਥੇਦਾਰਾਂ ਵਾਲੇ ਮਾਮਲੇ ‘ਤੇ ਲੋਕਾਂ ਵਿਚਲੇ ਗੁੱਸੇ ਨੂੰ ਆਪਣੀ ਸਾਖ ਬਹਾਲ ਕਰਨ ਲਈ ਵਰਤਿਆ ਜਾ ਰਿਹਾ ਹੈ ਤੇ ਨਾਲ ਹੀ ਮਸਲੇ ਦੀ ਕਮਾਂਡ ਆਪਣੇ ਹੱਥ ਵਿਚ ਲੈਣ ਲਈ।
#Unpopular_Opinions
#Unpopular_Ideas
#Unpopular_Facts